Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 56

ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਮੰਨਦਾ ਸੀ

ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਮੰਨਦਾ ਸੀ

ਯੋਸੀਯਾਹ ਅੱਠਾਂ ਸਾਲਾਂ ਦੀ ਉਮਰ ਵਿਚ ਯਹੂਦਾਹ ਦਾ ਰਾਜਾ ਬਣ ਗਿਆ। ਉਨ੍ਹਾਂ ਦਿਨਾਂ ਵਿਚ ਲੋਕ ਜਾਦੂ-ਟੂਣਾ ਅਤੇ ਮੂਰਤੀ-ਪੂਜਾ ਕਰਦੇ ਸਨ। ਯੋਸੀਯਾਹ ਨੇ 16 ਸਾਲ ਦੀ ਉਮਰ ਵਿਚ ਸਿੱਖਿਆ ਕਿ ਯਹੋਵਾਹ ਦੀ ਭਗਤੀ ਸਹੀ ਤਰੀਕੇ ਨਾਲ ਕਿਵੇਂ ਕਰਨੀ ਹੈ। 20 ਸਾਲਾਂ ਦੀ ਉਮਰ ਵਿਚ ਉਸ ਨੇ ਦੇਸ਼ ਵਿੱਚੋਂ ਮੂਰਤੀਆਂ ਅਤੇ ਵੇਦੀਆਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ। 26 ਸਾਲਾਂ ਦੀ ਉਮਰ ਵਿਚ ਉਸ ਨੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰਨ ਦਾ ਕੰਮ ਸ਼ੁਰੂ ਕੀਤਾ।

ਮੰਦਰ ਵਿਚ ਮਹਾਂ ਪੁਜਾਰੀ ਹਿਲਕੀਯਾਹ ਨੂੰ ਯਹੋਵਾਹ ਦੇ ਕਾਨੂੰਨ ਦੀ ਪੋਥੀ ਲੱਭੀ। ਸ਼ਾਇਦ ਇਹ ਪੋਥੀ ਮੂਸਾ ਨੇ ਲਿਖੀ ਸੀ। ਰਾਜੇ ਦੇ ਸੈਕਟਰੀ ਸ਼ਾਫਾਨ ਨੇ ਯੋਸੀਯਾਹ ਕੋਲ ਪੋਥੀ ਲਿਆ ਕੇ ਉੱਚੀ ਆਵਾਜ਼ ਵਿਚ ਪੜ੍ਹੀ। ਜਦੋਂ ਯੋਸੀਯਾਹ ਨੇ ਸੁਣਿਆ, ਤਾਂ ਉਸ ਨੂੰ ਪਤਾ ਲੱਗਾ ਕਿ ਲੋਕ ਯਹੋਵਾਹ ਦਾ ਕਈ ਸਾਲਾਂ ਤੋਂ ਕਹਿਣਾ ਨਹੀਂ ਮੰਨ ਰਹੇ ਸਨ। ਰਾਜਾ ਯੋਸੀਯਾਹ ਨੇ ਹਿਲਕੀਯਾਹ ਨੂੰ ਕਿਹਾ: ‘ਯਹੋਵਾਹ ਸਾਡੇ ਨਾਲ ਬਹੁਤ ਗੁੱਸੇ ਹੈ। ਜਾ ਕੇ ਲੋਕਾਂ ਨਾਲ ਗੱਲ ਕਰ। ਯਹੋਵਾਹ ਸਾਨੂੰ ਦੱਸੇਗਾ ਕਿ ਸਾਨੂੰ ਕੀ ਕਰਨਾ ਚਾਹੀਦਾ।’ ਯਹੋਵਾਹ ਨੇ ਨਬੀਆਂ ਵਾਂਗ ਭਵਿੱਖਬਾਣੀ ਕਰਨ ਵਾਲੀ ਹੁਲਦਾਹ ਨਾਂ ਦੀ ਔਰਤ ਰਾਹੀਂ ਜਵਾਬ ਦਿੱਤਾ: ‘ਯਹੂਦਾਹ ਦੇ ਲੋਕਾਂ ਨੇ ਮੈਨੂੰ ਛੱਡ ਦਿੱਤਾ ਹੈ। ਉਨ੍ਹਾਂ ਨੂੰ ਸਜ਼ਾ ਮਿਲੇਗੀ, ਪਰ ਯੋਸੀਯਾਹ ਦੇ ਰਾਜ ਵਿਚ ਨਹੀਂ ਕਿਉਂਕਿ ਉਸ ਨੇ ਆਪਣੇ ਆਪ ਨੂੰ ਨੀਵਾਂ ਕੀਤਾ।’

ਜਦੋਂ ਯੋਸੀਯਾਹ ਨੇ ਇਹ ਗੱਲ ਸੁਣੀ, ਤਾਂ ਉਹ ਮੰਦਰ ਵਿਚ ਗਿਆ ਅਤੇ ਯਹੂਦਾਹ ਦੇ ਲੋਕਾਂ ਨੂੰ ਇਕੱਠਾ ਕੀਤਾ। ਫਿਰ ਉਸ ਨੇ ਉੱਚੀ ਆਵਾਜ਼ ਵਿਚ ਲੋਕਾਂ ਨੂੰ ਯਹੋਵਾਹ ਦੇ ਕਾਨੂੰਨ ਪੜ੍ਹ ਕੇ ਸੁਣਾਏ। ਯੋਸੀਯਾਹ ਅਤੇ ਲੋਕਾਂ ਨੇ ਦਿਲੋਂ ਵਾਅਦਾ ਕੀਤਾ ਕਿ ਉਹ ਯਹੋਵਾਹ ਦਾ ਕਹਿਣਾ ਮੰਨਣਗੇ।

 ਯਹੂਦਾਹ ਵਿਚ ਲੋਕਾਂ ਨੇ ਕਈ ਸਾਲਾਂ ਤੋਂ ਪਸਾਹ ਦਾ ਤਿਉਹਾਰ ਨਹੀਂ ਮਨਾਇਆ ਸੀ। ਪਰ ਜਦੋਂ ਯੋਸੀਯਾਹ ਨੇ ਮੂਸਾ ਦੇ ਕਾਨੂੰਨ ਵਿਚ ਪੜ੍ਹਿਆ ਕਿ ਪਸਾਹ ਦਾ ਤਿਉਹਾਰ ਹਰ ਸਾਲ ਮਨਾਇਆ ਜਾਣਾ ਚਾਹੀਦਾ ਹੈ, ਤਾਂ ਉਸ ਨੇ ਲੋਕਾਂ ਨੂੰ ਕਿਹਾ: ‘ਅਸੀਂ ਯਹੋਵਾਹ ਲਈ ਪਸਾਹ ਮਨਾਵਾਂਗੇ।’ ਯੋਸੀਯਾਹ ਨੇ ਬਹੁਤ ਸਾਰੀਆਂ ਬਲ਼ੀਆਂ ਚੜ੍ਹਾਉਣ ਦੀ ਤਿਆਰੀ ਕੀਤੀ ਅਤੇ ਮੰਦਰ ਵਿਚ ਗਾਉਣ ਵਾਲਿਆਂ ਦਾ ਪ੍ਰਬੰਧ ਕੀਤਾ। ਫਿਰ ਲੋਕਾਂ ਨੇ ਪਸਾਹ ਦਾ ਤਿਉਹਾਰ ਮਨਾਇਆ ਤੇ ਉਸ ਤੋਂ ਬਾਅਦ ਬੇਖ਼ਮੀਰੀ ਰੋਟੀ ਦਾ ਤਿਉਹਾਰ ਮਨਾਇਆ ਜੋ ਸੱਤ ਦਿਨ ਤਕ ਚੱਲਿਆ। ਸਮੂਏਲ ਦੇ ਦਿਨਾਂ ਤੋਂ ਹੁਣ ਤਕ ਇੱਦਾਂ ਦਾ ਪਸਾਹ ਕਦੇ ਨਹੀਂ ਮਨਾਇਆ ਗਿਆ ਸੀ। ਯੋਸੀਯਾਹ ਪਰਮੇਸ਼ੁਰ ਦੇ ਕਾਨੂੰਨ ਨੂੰ ਦਿਲੋਂ ਪਿਆਰ ਕਰਦਾ ਸੀ। ਕੀ ਤੁਹਾਨੂੰ ਵੀ ਯਹੋਵਾਹ ਬਾਰੇ ਸਿੱਖਣਾ ਵਧੀਆ ਲੱਗਦਾ?

“ਤੇਰਾ ਬਚਨ ਮੇਰੇ ਪੈਰਾਂ ਲਈ ਦੀਪਕ, ਅਤੇ ਮੇਰੇ ਰਾਹ ਦਾ ਚਾਨਣ ਹੈ।”​—ਜ਼ਬੂਰਾਂ ਦੀ ਪੋਥੀ 119:105