ਰਾਜਾ ਸ਼ਾਊਲ ਦਾ ਸਭ ਤੋਂ ਵੱਡਾ ਮੁੰਡਾ ਯੋਨਾਥਾਨ ਦਲੇਰ ਯੋਧਾ ਸੀ। ਦਾਊਦ ਨੇ ਕਿਹਾ ਕਿ ਯੋਨਾਥਾਨ ਉਕਾਬ ਨਾਲੋਂ ਤੇਜ਼ ਅਤੇ ਸ਼ੇਰ ਨਾਲੋਂ ਤਾਕਤਵਰ ਹੈ। ਇਕ ਦਿਨ ਯੋਨਾਥਾਨ ਨੇ ਪਹਾੜੀ ’ਤੇ ਕੁਝ ਫਲਿਸਤੀ ਫ਼ੌਜੀ ਦੇਖੇ। ਉਸ ਨੇ ਆਪਣੇ ਹਥਿਆਰ ਚੁੱਕਣ ਵਾਲੇ ਨੂੰ ਕਿਹਾ: ‘ਜੇ ਯਹੋਵਾਹ ਸਾਨੂੰ ਕੋਈ ਨਿਸ਼ਾਨ ਦਿਖਾਵੇ, ਤਾਂ ਹੀ ਅਸੀਂ ਉਨ੍ਹਾਂ ’ਤੇ ਹਮਲਾ ਕਰਾਂਗੇ। ਜੇ ਫਲਿਸਤੀ ਫ਼ੌਜੀਆਂ ਨੇ ਕਿਹਾ ਕਿ ਸਾਡੇ ਕੋਲ ਉੱਪਰ ਆਓ, ਤਾਂ ਅਸੀਂ ਉਨ੍ਹਾਂ ’ਤੇ ਹਮਲਾ ਕਰਾਂਗੇ।’ ਫਲਿਸਤੀ ਉੱਚੀ-ਉੱਚੀ ਕਹਿਣ ਲੱਗੇ: ‘ਸਾਡੇ ਨਾਲ ਲੜਾਈ ਕਰੋ!’ ਇਸ ਲਈ ਉਹ ਦੋਵੇਂ ਜਣੇ ਪਹਾੜੀ ’ਤੇ ਗਏ ਅਤੇ ਉਨ੍ਹਾਂ ਨੇ 20 ਫ਼ੌਜੀਆਂ ਨੂੰ ਮਾਰ ਦਿੱਤਾ।

ਸ਼ਾਊਲ ਦਾ ਸਭ ਤੋਂ ਵੱਡਾ ਮੁੰਡਾ ਹੋਣ ਕਰਕੇ ਯੋਨਾਥਾਨ ਨੇ ਅਗਲਾ ਰਾਜਾ ਬਣਨਾ ਸੀ। ਪਰ ਯੋਨਾਥਾਨ ਨੂੰ ਪਤਾ ਸੀ ਕਿ ਯਹੋਵਾਹ ਨੇ ਦਾਊਦ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣਿਆ ਸੀ। ਉਸ ਨੇ ਦਾਊਦ ਨਾਲ ਈਰਖਾ ਨਹੀਂ ਕੀਤੀ। ਯੋਨਾਥਾਨ ਅਤੇ ਦਾਊਦ ਪੱਕੇ ਦੋਸਤ ਬਣ  ਗਏ। ਉਨ੍ਹਾਂ ਨੇ ਵਾਅਦਾ ਕੀਤਾ ਕਿ ਉਹ ਹਮੇਸ਼ਾ ਇਕ-ਦੂਜੇ ਦੀ ਰੱਖਿਆ ਕਰਨਗੇ। ਯੋਨਾਥਾਨ ਨੇ ਦਾਊਦ ਨੂੰ ਦੋਸਤੀ ਦੀ ਨਿਸ਼ਾਨੀ ਵਜੋਂ ਆਪਣਾ ਚੋਗਾ, ਤਲਵਾਰ, ਧਣੁਖ ਅਤੇ ਪਟਕਾ ਦਿੱਤਾ।

ਜਦੋਂ ਦਾਊਦ ਸ਼ਾਊਲ ਤੋਂ ਭੱਜ ਰਿਹਾ ਸੀ, ਤਾਂ ਯੋਨਾਥਾਨ ਦਾਊਦ ਕੋਲ ਗਿਆ ਅਤੇ ਕਿਹਾ: ‘ਦਲੇਰ ਬਣ ਅਤੇ ਹਿੰਮਤ ਰੱਖ। ਯਹੋਵਾਹ ਨੇ ਤੈਨੂੰ ਰਾਜਾ ਬਣਨ ਲਈ ਚੁਣਿਆ ਹੈ। ਇਹ ਗੱਲ ਮੇਰੇ ਪਿਤਾ ਨੂੰ ਵੀ ਪਤਾ ਹੈ।’ ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਵੀ ਯੋਨਾਥਾਨ ਵਰਗਾ ਪੱਕਾ ਦੋਸਤ ਹੋਵੇ?

ਯੋਨਾਥਾਨ ਨੇ ਕਈ ਵਾਰ ਆਪਣੇ ਦੋਸਤ ਕਰਕੇ ਆਪਣੀ ਜਾਨ ਖ਼ਤਰੇ ਵਿਚ ਪਾਈ। ਉਹ ਜਾਣਦਾ ਸੀ ਕਿ ਰਾਜਾ ਸ਼ਾਊਲ ਦਾਊਦ ਨੂੰ ਮਾਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੇ ਪਿਤਾ ਨੂੰ ਕਿਹਾ: ‘ਜੇ ਤੂੰ ਦਾਊਦ ਨੂੰ ਮਾਰਿਆ, ਤਾਂ ਤੂੰ ਪਾਪ ਕਰੇਂਗਾ ਕਿਉਂਕਿ ਉਸ ਨੇ ਕੁਝ ਗ਼ਲਤ ਨਹੀਂ ਕੀਤਾ।’ ਸ਼ਾਊਲ ਨੂੰ ਯੋਨਾਥਾਨ ’ਤੇ ਬਹੁਤ ਗੁੱਸਾ ਆਇਆ। ਕੁਝ ਸਾਲਾਂ ਬਾਅਦ ਸ਼ਾਊਲ ਅਤੇ ਯੋਨਾਥਾਨ ਇਕ ਲੜਾਈ ਵਿਚ ਮਾਰੇ ਗਏ।

ਯੋਨਾਥਾਨ ਦੇ ਮਰਨ ਤੋਂ ਬਾਅਦ, ਦਾਊਦ ਨੇ ਉਸ ਦੇ ਮੁੰਡੇ ਮਫ਼ੀਬੋਸ਼ਥ ਨੂੰ ਲੱਭਿਆ। ਮਫ਼ੀਬੋਸ਼ਥ ਨੂੰ ਲੱਭਣ ਤੋਂ ਬਾਅਦ ਦਾਊਦ ਨੇ ਉਸ ਨੂੰ ਕਿਹਾ: ‘ਮੈਂ ਅਤੇ ਤੇਰਾ ਪਿਤਾ ਪੱਕੇ ਦੋਸਤ ਸੀ। ਇਸ ਲਈ ਮੈਂ ਸਾਰੀ ਜ਼ਿੰਦਗੀ ਤੇਰੀ ਦੇਖ-ਭਾਲ ਕਰਾਂਗਾ। ਤੂੰ ਮੇਰੇ ਮਹਿਲ ਵਿਚ ਰਹੇਂਗਾ ਅਤੇ ਮੇਰੇ ਨਾਲ ਖਾਣਾ ਖਾਵੇਂਗਾ।’ ਦਾਊਦ ਆਪਣੇ ਦੋਸਤ ਯੋਨਾਥਾਨ ਨੂੰ ਕਦੇ ਨਹੀਂ ਭੁੱਲਿਆ।

“ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰੋ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਿਆਰ ਕੀਤਾ ਹੈ। ਇਸ ਤੋਂ ਵੱਡਾ ਪਿਆਰ ਹੋਰ ਕੀ ਹੋ ਸਕਦਾ ਹੈ ਕਿ ਕੋਈ ਆਪਣੇ ਦੋਸਤਾਂ ਦੀ ਖ਼ਾਤਰ ਆਪਣੀ ਜਾਨ ਦੇਵੇ।”​—ਯੂਹੰਨਾ 15:12, 13