ਯਹੋਵਾਹ ਨੇ ਸਮੂਏਲ ਨੂੰ ਕਿਹਾ: ‘ਯੱਸੀ ਦੇ ਘਰ ਜਾ। ਉਸ ਦਾ ਇਕ ਮੁੰਡਾ ਇਜ਼ਰਾਈਲ ਦਾ ਅਗਲਾ ਰਾਜਾ ਹੋਵੇਗਾ।’ ਇਸ ਲਈ ਸਮੂਏਲ ਯੱਸੀ ਦੇ ਘਰ ਚਲਾ ਗਿਆ। ਜਦੋਂ ਉਸ ਨੇ ਯੱਸੀ ਦਾ ਸਭ ਤੋਂ ਵੱਡਾ ਮੁੰਡਾ ਦੇਖਿਆ, ਤਾਂ ਉਸ ਨੇ ਸੋਚਿਆ: ‘ਇਸ ਨੌਜਵਾਨ ਨੂੰ ਹੀ ਯਹੋਵਾਹ ਨੇ ਚੁਣਿਆ ਹੋਣਾ।’ ਪਰ ਯਹੋਵਾਹ ਨੇ ਸਮੂਏਲ ਨੂੰ ਕਿਹਾ ਕਿ ਉਸ ਨੇ ਇਸ ਨੂੰ ਨਹੀਂ ਚੁਣਿਆ। ਯਹੋਵਾਹ ਨੇ ਕਿਹਾ: ‘ਮੈਂ ਇਹ ਨਹੀਂ ਦੇਖਦਾ ਕਿ ਇਨਸਾਨ ਬਾਹਰੋਂ ਕਿੱਦਾਂ ਦਾ ਹੈ, ਪਰ ਉਸ ਦਾ ਦਿਲ ਦੇਖਦਾ ਹਾਂ।’

ਯੱਸੀ ਆਪਣੇ ਹੋਰ ਛੇ ਮੁੰਡੇ ਸਮੂਏਲ ਕੋਲ ਲੈ ਕੇ ਆਇਆ। ਪਰ ਸਮੂਏਲ ਨੇ ਕਿਹਾ: ‘ਯਹੋਵਾਹ ਨੇ ਇਨ੍ਹਾਂ ਵਿੱਚੋਂ ਕਿਸੇ ਨੂੰ ਨਹੀਂ ਚੁਣਿਆ। ਕੀ ਤੇਰਾ ਕੋਈ ਹੋਰ ਮੁੰਡਾ ਹੈ?’ ਯੱਸੀ ਨੇ ਕਿਹਾ: ‘ਮੇਰਾ ਇਕ ਹੋਰ ਮੁੰਡਾ ਹੈ ਜੋ ਸਭ ਤੋਂ ਛੋਟਾ ਹੈ। ਉਸ ਦਾ ਨਾਂ ਦਾਊਦ ਹੈ। ਉਹ ਭੇਡਾਂ ਚਾਰਨ ਗਿਆ ਹੈ।’ ਜਦੋਂ ਦਾਊਦ ਆਇਆ, ਤਾਂ ਯਹੋਵਾਹ ਨੇ ਸਮੂਏਲ ਨੂੰ ਕਿਹਾ: ‘ਇਹ ਹੈ ਜਿਸ ਨੂੰ ਮੈਂ ਚੁਣਿਆ ਹੈ।’ ਸਮੂਏਲ ਨੇ ਦਾਊਦ ਦੇ ਸਿਰ ’ਤੇ ਤੇਲ ਪਾ ਕੇ ਉਸ ਨੂੰ ਇਜ਼ਰਾਈਲ ਦਾ ਅਗਲਾ ਰਾਜਾ ਚੁਣਿਆ।

ਕੁਝ ਸਮੇਂ ਬਾਅਦ, ਇਜ਼ਰਾਈਲੀ ਫਲਿਸਤੀਆਂ ਨਾਲ ਯੁੱਧ ਲਈ ਇਕੱਠੇ ਹੋਏ ਸਨ। ਫਲਿਸਤੀਆਂ ਦਾ ਇਕ ਯੋਧਾ ਸੀ ਜਿਸ ਦਾ ਨਾਂ ਗੋਲਿਅਥ ਸੀ ਤੇ ਉਹ ਦੈਂਤ ਵਰਗਾ ਸੀ। ਉਸ ਨੇ ਉਨ੍ਹਾਂ ਲਈ ਲੜਨਾ ਸੀ। ਹਰ ਦਿਨ ਗੋਲਿਅਥ ਇਜ਼ਰਾਈਲੀਆਂ ਦਾ ਮਜ਼ਾਕ ਉਡਾਉਂਦਾ ਸੀ। ਉਸ ਨੇ ਉੱਚੀ-ਉੱਚੀ ਕਿਹਾ: ‘ਮੇਰੇ ਨਾਲ ਲੜਨ ਲਈ ਇਕ ਆਦਮੀ ਭੇਜੋ। ਜੇ ਉਹ ਜਿੱਤ ਜਾਵੇ, ਤਾਂ ਅਸੀਂ ਤੁਹਾਡੇ ਗ਼ੁਲਾਮ ਬਣ ਜਾਵਾਂਗੇ। ਪਰ ਜੇ ਮੈਂ ਜਿੱਤ ਗਿਆ, ਤਾਂ ਤੁਸੀਂ ਸਾਡੇ ਗ਼ੁਲਾਮ ਬਣ ਜਾਓਗੇ।’

ਦਾਊਦ ਇਜ਼ਰਾਈਲੀ ਫ਼ੌਜ ਦੇ ਡੇਰੇ ਵਿਚ ਆਪਣੇ ਭਰਾਵਾਂ ਲਈ ਖਾਣਾ ਲੈ ਕੇ ਆਇਆ। ਉਸ ਨੇ ਗੋਲਿਅਥ ਦੀ ਗੱਲ ਸੁਣ  ਕੇ ਕਿਹਾ: ‘ਮੈਂ ਉਸ ਨਾਲ ਲੜਾਂਗਾ।’ ਰਾਜਾ ਸ਼ਾਊਲ ਨੇ ਕਿਹਾ: ‘ਤੂੰ ਤਾਂ ਅਜੇ ਛੋਟਾ ਹੀ ਹੈਂ।’ ਦਾਊਦ ਨੇ ਜਵਾਬ ਦਿੱਤਾ: ‘ਯਹੋਵਾਹ ਮੇਰੀ ਮਦਦ ਕਰੇਗਾ।’

ਸ਼ਾਊਲ ਨੇ ਦਾਊਦ ਨੂੰ ਲੜਨ ਲਈ ਆਪਣੇ ਹਥਿਆਰ ਦਿੱਤੇ, ਪਰ ਦਾਊਦ ਨੇ ਕਿਹਾ: ‘ਮੈਂ ਇਨ੍ਹਾਂ ਨਾਲ ਨਹੀਂ ਲੜ ਸਕਦਾ।’ ਦਾਊਦ ਗੁਲੇਲ ਲੈ ਕੇ ਨਦੀ ’ਤੇ ਚਲਾ ਗਿਆ। ਉਸ ਨੇ ਉੱਥੋਂ ਪੰਜ ਪੱਥਰ ਚੁੱਕ ਕੇ ਆਪਣੇ ਝੋਲ਼ੇ ਵਿਚ ਪਾ ਲਏ। ਫਿਰ ਉਹ ਗੋਲਿਅਥ ਵੱਲ ਨੂੰ ਦੌੜਿਆ। ਗੋਲਿਅਥ ਨੇ ਉੱਚੀ ਦੇਣੀ ਕਿਹਾ: ‘ਓਏ ਮੁੰਡਿਆਂ, ਇੱਧਰ ਆ। ਮੈਂ ਤੈਨੂੰ ਪੰਛੀਆਂ ਤੇ ਜੰਗਲੀ ਜਾਨਵਰਾਂ ਦਾ ਖਾਣਾ ਬਣਾਵਾਂਗਾ।’ ਦਾਊਦ ਡਰਿਆ ਨਹੀਂ। ਉਸ ਨੇ ਉੱਚੀ ਦੇਣੀ ਕਿਹਾ: ‘ਤੂੰ ਤਲਵਾਰ ਤੇ ਬਰਛੇ ਨਾਲ ਆਉਂਦਾ ਹੈ, ਪਰ ਮੈਂ ਯਹੋਵਾਹ ਦੇ ਨਾਂ ’ਤੇ ਆਇਆ ਹਾਂ। ਤੂੰ ਸਾਡੇ ਨਾਲ ਨਹੀਂ ਲੜ ਰਿਹਾ, ਤੂੰ ਪਰਮੇਸ਼ੁਰ ਨਾਲ ਲੜ ਰਿਹਾ ਹੈਂ। ਇੱਥੇ ਹਰ ਕੋਈ ਦੇਖੇਗਾ ਕਿ ਯਹੋਵਾਹ ਤਲਵਾਰ ਤੇ ਬਰਛੇ ਤੋਂ ਕਿਤੇ ਜ਼ਿਆਦਾ ਤਾਕਤਵਰ ਹੈ। ਉਹ ਸਾਰੇ ਫਲਿਸਤੀਆਂ ਨੂੰ ਸਾਡੇ ਹੱਥ ਵਿਚ ਕਰ ਦੇਵੇਗਾ।’

ਦਾਊਦ ਨੇ ਗੁਲੇਲ ਵਿਚ ਪੱਥਰ ਪਾ ਕੇ ਪੂਰੇ ਜ਼ੋਰ ਨਾਲ ਘੁਮਾ ਕੇ ਮਾਰਿਆ। ਯਹੋਵਾਹ ਦੀ ਮਦਦ ਨਾਲ ਪੱਥਰ ਸਿੱਧਾ ਜਾ ਕੇ ਗੋਲਿਅਥ ਦੇ ਮੱਥੇ ਵਿਚ ਵੱਜਾ ਤੇ ਉਹ ਮਰ ਗਿਆ। ਫਿਰ ਫਲਿਸਤੀ ਆਪਣੀਆਂ ਜਾਨਾਂ ਬਚਾਉਣ ਲਈ ਭੱਜੇ। ਕੀ ਤੁਸੀਂ ਦਾਊਦ ਵਾਂਗ ਯਹੋਵਾਹ ’ਤੇ ਭਰੋਸਾ ਰੱਖਦੇ ਹੋ?

“ਇਨਸਾਨ ਲਈ ਆਪਣੇ ਆਪ ਨੂੰ ਬਚਾਉਣਾ ਨਾਮੁਮਕਿਨ ਹੈ, ਪਰ ਪਰਮੇਸ਼ੁਰ ਬਚਾ ਸਕਦਾ ਹੈ ਕਿਉਂਕਿ ਉਹ ਸਭ ਕੁਝ ਕਰ ਸਕਦਾ ਹੈ।”​—ਮਰਕੁਸ 10:27