Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 17

ਮੂਸਾ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ

ਮੂਸਾ ਨੇ ਯਹੋਵਾਹ ਦੀ ਭਗਤੀ ਕਰਨ ਦਾ ਫ਼ੈਸਲਾ ਕੀਤਾ

ਮਿਸਰ ਦੇ ਲੋਕ ਯਾਕੂਬ ਦੇ ਪਰਿਵਾਰ ਨੂੰ ਇਜ਼ਰਾਈਲੀਆਂ ਵਜੋਂ ਜਾਣਦੇ ਸਨ। ਯਾਕੂਬ ਤੇ ਯੂਸੁਫ਼ ਦੇ ਮਰਨ ਮਗਰੋਂ ਇਕ ਨਵਾਂ ਫ਼ਿਰਊਨ ਰਾਜ ਕਰਨ ਲੱਗਾ। ਉਸ ਨੂੰ ਡਰ ਸੀ ਕਿ ਇਜ਼ਰਾਈਲੀ ਮਿਸਰੀਆਂ ਨਾਲੋਂ ਜ਼ਿਆਦਾ ਸ਼ਕਤੀਸ਼ਾਲੀ ਬਣ ਰਹੇ ਸਨ। ਇਸ ਲਈ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਗ਼ੁਲਾਮ ਬਣਾ ਲਿਆ। ਉਸ ਨੇ ਉਨ੍ਹਾਂ ਨੂੰ ਇੱਟਾਂ ਬਣਾਉਣ ਤੇ ਖੇਤਾਂ ਵਿਚ ਸਖ਼ਤ ਮਿਹਨਤ ਕਰਨ ਲਈ ਮਜਬੂਰ ਕੀਤਾ। ਪਰ ਜਿੰਨਾ ਜ਼ਿਆਦਾ ਮਿਸਰੀ ਉਨ੍ਹਾਂ ਨੂੰ ਮਿਹਨਤ ਕਰਨ ਲਈ ਮਜਬੂਰ ਕਰਦੇ ਸਨ, ਉੱਨੇ ਜ਼ਿਆਦਾ ਇਜ਼ਰਾਈਲੀ ਗਿਣਤੀ ਵਿਚ ਵਧਦੇ ਸਨ। ਫ਼ਿਰਊਨ ਇਸ ਤੋਂ ਖ਼ੁਸ਼ ਨਹੀਂ ਸੀ, ਇਸ ਲਈ ਉਸ ਨੇ ਇਜ਼ਰਾਈਲੀਆਂ ਦੇ ਨਵਜੰਮੇ ਮੁੰਡਿਆਂ ਨੂੰ ਮਾਰਨ ਦਾ ਹੁਕਮ ਦਿੱਤਾ। ਕੀ ਤੁਸੀਂ ਸੋਚ ਸਕਦੇ ਕਿ ਇਜ਼ਰਾਈਲੀ ਕਿੰਨੇ ਡਰ ਗਏ ਹੋਣੇ?

ਯੋਕਬਦ ਨਾਂ ਦੀ ਇਕ ਇਜ਼ਰਾਈਲੀ ਤੀਵੀਂ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਮੁੰਡੇ ਨੂੰ ਬਚਾਉਣ ਲਈ ਉਸ ਨੇ ਮੁੰਡੇ ਨੂੰ ਟੋਕਰੀ ਵਿਚ ਪਾ ਕੇ ਨੀਲ ਦਰਿਆ ਦੇ ਕਾਨਿਆਂ ਵਿਚ ਲੁਕਾ ਦਿੱਤਾ। ਮੁੰਡੇ ਦੀ ਭੈਣ, ਮਿਰਯਮ, ਥੋੜ੍ਹੀ ਦੂਰ ਖੜ੍ਹੀ ਹੋ ਕੇ ਦੇਖਦੀ ਰਹੀ ਕਿ ਉਸ ਨਾਲ ਕੀ ਹੋਵੇਗਾ।

 ਫ਼ਿਰਊਨ ਦੀ ਧੀ ਨਦੀ ’ਤੇ ਨਹਾਉਣ ਆਈ ਤੇ ਉਸ ਨੇ ਟੋਕਰੀ ਦੇਖੀ। ਟੋਕਰੀ ਵਿਚ ਮੁੰਡਾ ਰੋ ਰਿਹਾ ਸੀ ਤੇ ਉਸ ਨੂੰ ਮੁੰਡੇ ’ਤੇ ਤਰਸ ਆਇਆ। ਮਿਰਯਮ ਨੇ ਪੁੱਛਿਆ: ‘ਕੀ ਮੈਂ ਕਿਸੇ ਔਰਤ ਨੂੰ ਬੁਲਾ ਲਿਆਵਾਂ ਜੋ ਤੁਹਾਡੇ ਲਈ ਇਸ ਮੁੰਡੇ ਨੂੰ ਦੁੱਧ ਚੁੰਘਾਵੇ?’ ਜਦੋਂ ਫ਼ਿਰਊਨ ਦੀ ਧੀ ਨੇ ਹਾਂ ਕਿਹਾ, ਤਾਂ ਮਿਰਯਮ ਆਪਣੀ ਮੰਮੀ ਯੋਕਬਦ ਨੂੰ ਲੈ ਆਈ। ਫ਼ਿਰਊਨ ਦੀ ਧੀ ਨੇ ਕਿਹਾ: ‘ਇਸ ਬੱਚੇ ਨੂੰ ਲੈ ਜਾ ਤੇ ਦੁੱਧ ਚੁੰਘਾ। ਮੈਂ ਤੈਨੂੰ ਇਸ ਲਈ ਪੈਸੇ ਦੇਵਾਂਗੀ।’

ਜਦੋਂ ਬੱਚਾ ਥੋੜ੍ਹਾ ਵੱਡਾ ਹੋਇਆ, ਤਾਂ ਯੋਕਬਦ ਉਸ ਨੂੰ ਫ਼ਿਰਊਨ ਦੀ ਧੀ ਕੋਲ ਲੈ ਆਈ। ਉਸ ਨੇ ਮੁੰਡੇ ਦਾ ਨਾਂ ਮੂਸਾ ਰੱਖਿਆ ਤੇ ਆਪਣੇ ਮੁੰਡੇ ਵਜੋਂ ਉਸ ਨੂੰ ਪਾਲ਼ਿਆ। ਮੂਸਾ ਦਾ ਪਾਲਣ-ਪੋਸ਼ਣ ਰਾਜਕੁਮਾਰਾਂ ਵਾਂਗ ਹੋਇਆ ਤੇ ਉਹ ਜੋ ਚਾਹੁੰਦਾ ਸੀ, ਲੈ ਸਕਦਾ ਸੀ। ਪਰ ਮੂਸਾ ਕਦੇ ਯਹੋਵਾਹ ਨੂੰ ਨਹੀਂ ਭੁੱਲਿਆ। ਉਹ ਜਾਣਦਾ ਸੀ ਕਿ ਉਹ ਮਿਸਰੀ ਨਹੀਂ, ਸਗੋਂ ਇਜ਼ਰਾਈਲੀ ਸੀ। ਉਸ ਨੇ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਕੀਤਾ।

40 ਸਾਲਾਂ ਦੀ ਉਮਰ ਵਿਚ ਮੂਸਾ ਨੇ ਆਪਣੇ ਲੋਕਾਂ ਨੂੰ ਬਚਾਉਣ ਦਾ ਫ਼ੈਸਲਾ ਕੀਤਾ। ਜਦੋਂ ਉਸ ਨੇ ਦੇਖਿਆ ਕਿ ਇਕ ਮਿਸਰੀ ਇਜ਼ਰਾਈਲੀ ਨੂੰ ਕੁੱਟ ਰਿਹਾ ਸੀ, ਤਾਂ ਉਸ ਨੇ ਮਿਸਰੀ ਨੂੰ ਇੰਨੀ ਜ਼ੋਰ ਨਾਲ ਮਾਰਿਆ ਕਿ ਉਹ ਮਰ ਗਿਆ। ਮੂਸਾ ਨੇ ਉਸ ਦੀ ਲਾਸ਼ ਰੇਤ ਵਿਚ ਲੁਕੋ ਦਿੱਤੀ। ਜਦੋਂ ਫ਼ਿਰਊਨ ਨੂੰ ਇਹ ਗੱਲ ਪਤਾ ਲੱਗੀ, ਤਾਂ ਉਸ ਨੇ ਮੂਸਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਪਰ ਮੂਸਾ ਮਿਦਯਾਨ ਦੇਸ਼ ਨੂੰ ਭੱਜ ਗਿਆ। ਯਹੋਵਾਹ ਨੇ ਉਸ ਨੂੰ ਸੰਭਾਲਿਆ।

“ਨਿਹਚਾ ਨਾਲ ਮੂਸਾ ਨੇ . . . ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ, ਅਤੇ ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਸਹਿਣੀ ਚੰਗੀ ਸਮਝੀ।”​—ਇਬਰਾਨੀਆਂ 11:24, 25