Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 19

ਪਹਿਲੀਆਂ ਤਿੰਨ ਬਿਪਤਾਵਾਂ

ਪਹਿਲੀਆਂ ਤਿੰਨ ਬਿਪਤਾਵਾਂ

ਇਜ਼ਰਾਈਲੀਆਂ ਨੂੰ ਗ਼ੁਲਾਮਾਂ ਵਜੋਂ ਬਹੁਤ ਮਿਹਨਤ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ। ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਫ਼ਿਰਊਨ ਕੋਲ ਇਹ ਸੰਦੇਸ਼ ਦੇਣ ਲਈ ਭੇਜਿਆ: ‘ਮੇਰੇ ਲੋਕਾਂ ਨੂੰ ਜਾਣ ਦੇ ਤਾਂਕਿ ਉਹ ਉਜਾੜ ਵਿਚ ਜਾ ਕੇ ਮੇਰੀ ਭਗਤੀ ਕਰ ਸਕਣ।’ ਫ਼ਿਰਊਨ ਨੇ ਘਮੰਡ ਨਾਲ ਕਿਹਾ: ‘ਮੈਨੂੰ ਕੋਈ ਪਰਵਾਹ ਨਹੀਂ ਕਿ ਯਹੋਵਾਹ ਕੀ ਕਹਿੰਦਾ ਹੈ ਤੇ ਮੈਂ ਇਜ਼ਰਾਈਲੀਆਂ ਨੂੰ ਨਹੀਂ ਜਾਣ ਦੇਣਾ।’ ਫਿਰ ਫ਼ਿਰਊਨ ਨੇ ਉਨ੍ਹਾਂ ਨੂੰ ਹੋਰ ਕੰਮ ਕਰਨ ਲਈ ਮਜਬੂਰ ਕੀਤਾ। ਯਹੋਵਾਹ ਨੇ ਫ਼ਿਰਊਨ ਨੂੰ ਸਬਕ ਸਿਖਾਇਆ। ਤੁਹਾਨੂੰ ਪਤਾ ਕਿਵੇਂ? ਉਹ ਮਿਸਰ ’ਤੇ 10 ਬਿਪਤਾਵਾਂ ਲੈ ਕੇ ਆਇਆ। ਯਹੋਵਾਹ ਨੇ ਮੂਸਾ ਨੂੰ ਕਿਹਾ: ‘ਫ਼ਿਰਊਨ ਨੇ ਮੇਰੀ ਗੱਲ ਨਹੀਂ ਮੰਨੀ। ਉਹ ਕੱਲ੍ਹ ਸਵੇਰੇ ਨੀਲ ਦਰਿਆ ’ਤੇ ਹੋਵੇਗਾ। ਤੂੰ ਉਸ ਕੋਲ ਜਾਵੀਂ ਤੇ ਉਸ ਨੂੰ ਕਹੀਂ ਕਿ ਤੂੰ ਮੇਰੇ ਲੋਕਾਂ ਨੂੰ ਜਾਣ ਨਹੀਂ ਦਿੱਤਾ। ਇਸ ਲਈ ਨੀਲ ਦਰਿਆ ਦਾ ਪਾਣੀ ਲਹੂ ਬਣ ਜਾਵੇਗਾ।’ ਮੂਸਾ ਨੇ ਯਹੋਵਾਹ ਦਾ ਕਹਿਣਾ ਮੰਨਿਆ ਤੇ ਫ਼ਿਰਊਨ ਕੋਲ ਗਿਆ। ਫ਼ਿਰਊਨ ਨੇ ਹਾਰੂਨ ਨੂੰ ਨੀਲ ਦਰਿਆ ਨੂੰ ਆਪਣੇ ਡੰਡੇ ਨਾਲ ਮਾਰਦਿਆਂ ਦੇਖਿਆ ਤੇ ਪਾਣੀ ਲਹੂ ਬਣ ਗਿਆ। ਦਰਿਆ ਵਿੱਚੋਂ ਬੋ ਆਉਣ ਲੱਗ ਪਈ, ਮੱਛੀਆਂ ਮਰ ਗਈਆਂ ਤੇ ਨੀਲ ਦਰਿਆ ਤੋਂ ਕੋਈ ਵੀ ਪਾਣੀ ਪੀ ਨਹੀਂ ਸਕਦਾ ਸੀ। ਫ਼ਿਰਊਨ ਨੇ ਅਜੇ ਵੀ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

 ਸੱਤ ਦਿਨਾਂ ਬਾਅਦ ਯਹੋਵਾਹ ਨੇ ਦੁਬਾਰਾ ਮੂਸਾ ਨੂੰ ਫ਼ਿਰਊਨ ਕੋਲ ਇਹ ਕਹਿਣ ਲਈ ਭੇਜਿਆ: ‘ਜੇ ਤੂੰ ਮੇਰੇ ਲੋਕਾਂ ਨੂੰ ਨਾ ਜਾਣ ਦਿੱਤਾ, ਤਾਂ ਮਿਸਰ ਵਿਚ ਸਾਰੇ ਪਾਸੇ ਡੱਡੂ ਹੀ ਡੱਡੂ ਹੋਣਗੇ।’ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਾ ਦਿੱਤਾ। ਇਸ ਲਈ ਹਾਰੂਨ ਨੇ ਆਪਣਾ ਡੰਡਾ ਉੱਪਰ ਚੁੱਕਿਆ ਤੇ ਸਾਰੇ ਦੇਸ਼ ਵਿਚ ਡੱਡੂ ਹੀ ਡੱਡੂ ਹੋ ਗਏ। ਲੋਕਾਂ ਦੇ ਘਰਾਂ, ਬਿਸਤਰਿਆਂ ਅਤੇ ਭਾਂਡਿਆਂ ਵਿਚ ਡੱਡੂ ਹੀ ਸਨ। ਹਰ ਪਾਸੇ ਡੱਡੂ ਹੀ ਡੱਡੂ ਸਨ। ਫ਼ਿਰਊਨ ਨੇ ਮੂਸਾ ਨੂੰ ਕਿਹਾ ਕਿ ਉਹ ਯਹੋਵਾਹ ਨੂੰ ਇਹ ਬਿਪਤਾ ਹਟਾਉਣ ਲਈ ਕਹੇ। ਫ਼ਿਰਊਨ ਨੇ ਵਾਅਦਾ ਕੀਤਾ ਕਿ ਉਹ ਇਜ਼ਰਾਈਲੀਆਂ ਨੂੰ ਜਾਣ ਦੇਵੇਗਾ। ਇਸ ਲਈ ਯਹੋਵਾਹ ਨੇ ਬਿਪਤਾ ਹਟਾ ਦਿੱਤੀ। ਮਿਸਰੀਆਂ ਨੇ ਮਰੇ ਡੱਡੂ ਇਕੱਠੇ ਕੀਤੇ ਤੇ ਹਰ ਪਾਸੇ ਡੱਡੂਆਂ ਦੇ ਢੇਰ ਸਨ। ਸਾਰੇ ਦੇਸ਼ ਵਿਚ ਬੋ ਫੈਲ ਗਈ। ਪਰ ਫ਼ਿਰਊਨ ਨੇ ਲੋਕਾਂ ਨੂੰ ਜਾਣ ਨਹੀਂ ਦਿੱਤਾ।

ਫਿਰ ਯਹੋਵਾਹ ਨੇ ਮੂਸਾ ਨੂੰ ਕਿਹਾ: ‘ਹਾਰੂਨ ਆਪਣਾ ਡੰਡਾ ਜ਼ਮੀਨ ’ਤੇ ਮਾਰੇ ਅਤੇ ਧੂੜ ਨਿੱਕੀਆਂ-ਨਿੱਕੀਆਂ ਭੂੰਡੀਆਂ ਬਣ ਜਾਵੇਗੀ।’ ਛੇਤੀ ਹੀ ਇਹ ਭੂੰਡੀਆਂ ਸਾਰੇ ਪਾਸੇ ਫੈਲ ਗਈਆਂ। ਫ਼ਿਰਊਨ ਦੇ ਕੁਝ ਲੋਕਾਂ ਨੇ ਉਸ ਨੂੰ ਕਿਹਾ: ‘ਇਹ ਬਿਪਤਾ ਰੱਬ ਵੱਲੋਂ ਹੈ।’ ਪਰ ਅਜੇ ਵੀ ਫ਼ਿਰਊਨ ਨੇ ਇਜ਼ਰਾਈਲੀਆਂ ਨੂੰ ਜਾਣ ਨਹੀਂ ਦਿੱਤਾ।

“ਵੇਖ, ਮੈਂ ਓਹਨਾਂ ਨੂੰ ਸਮਝਾਵਾਂਗਾ, ਅਤੇ ਏਸ ਵਾਰ ਆਪਣਾ ਹੱਥ ਅਤੇ ਬਲ ਓਹਨਾਂ ਨੂੰ ਜਤਾਵਾਂਗਾ, ਸੋ ਓਹ ਜਾਣਨਗੇ ਕਿ ਮੇਰਾ ਨਾਮ ਯਹੋਵਾਹ ਹੈ!”​—ਯਿਰਮਿਯਾਹ 16:21