ਜਲ-ਪਰਲੋ ਤੋਂ ਬਾਅਦ ਨੂਹ ਦੇ ਪੁੱਤਰਾਂ ਤੇ ਉਨ੍ਹਾਂ ਦੀਆਂ ਪਤਨੀਆਂ ਦੇ ਕਈ ਬੱਚੇ ਹੋਏ। ਉਨ੍ਹਾਂ ਦੇ ਪਰਿਵਾਰ ਵੱਡੇ ਹੋ ਗਏ। ਇਸ ਕਰਕੇ ਉਹ ਧਰਤੀ ਦੇ ਹੋਰ ਹਿੱਸਿਆਂ ਵਿਚ ਜਾ ਕੇ ਰਹਿਣ ਲੱਗੇ, ਜਿੱਦਾਂ ਯਹੋਵਾਹ ਨੇ ਉਨ੍ਹਾਂ ਨੂੰ ਕਰਨ ਲਈ ਕਿਹਾ ਸੀ।

ਪਰ ਕੁਝ ਪਰਿਵਾਰਾਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਉਨ੍ਹਾਂ ਨੇ ਕਿਹਾ: ‘ਆਓ ਆਪਾਂ ਇਕ ਸ਼ਹਿਰ ਬਣਾਈਏ ਤੇ ਉੱਥੇ ਰਹੀਏ। ਅਸੀਂ ਇਕ ਬੁਰਜ ਬਣਾਵਾਂਗੇ ਜੋ ਇੰਨਾ ਉੱਚਾ ਹੋਵੇ ਕਿ ਆਸਮਾਨ ਨੂੰ ਛੂਹੇ। ਇੱਦਾਂ ਅਸੀਂ ਮਸ਼ਹੂਰ ਹੋ ਜਾਵਾਂਗੇ।’

 ਬੁਰਜ ਬਣਾਉਣ ਵਾਲਿਆਂ ਨਾਲ ਯਹੋਵਾਹ ਖ਼ੁਸ਼ ਨਹੀਂ ਸੀ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਰੋਕਣ ਦਾ ਫ਼ੈਸਲਾ ਕੀਤਾ। ਉਸ ਨੇ ਉਨ੍ਹਾਂ ਨੂੰ ਰੋਕਣ ਲਈ ਕੀ ਕੀਤਾ? ਯਹੋਵਾਹ ਨੇ ਇਕਦਮ ਉਨ੍ਹਾਂ ਦੀਆਂ ਭਾਸ਼ਾਵਾਂ ਬਦਲ ਦਿੱਤੀਆਂ। ਹੁਣ ਉਹ ਇਕ-ਦੂਜੇ ਦੀ ਗੱਲ ਨਹੀਂ ਸਮਝ ਸਕਦੇ ਸਨ ਜਿਸ ਕਰਕੇ ਉਨ੍ਹਾਂ ਨੇ ਬੁਰਜ ਬਣਾਉਣਾ ਛੱਡ ਦਿੱਤਾ। ਉਹ ਜਿਹੜਾ ਸ਼ਹਿਰ ਬਣਾ ਰਹੇ ਸਨ, ਉਸ ਨੂੰ ਬਾਬਲ ਕਿਹਾ ਗਿਆ, ਜਿਸ ਦਾ ਮਤਲਬ ਹੈ “ਗੜਬੜੀ।” ਲੋਕ ਉੱਥੋਂ ਅਲੱਗ-ਅਲੱਗ ਥਾਵਾਂ ’ਤੇ ਚਲੇ ਗਏ ਅਤੇ ਸਾਰੀ ਧਰਤੀ ਵਿਚ ਫੈਲ ਗਏ। ਪਰ ਉਹ ਨਵੀਆਂ ਥਾਵਾਂ ’ਤੇ ਜਾ ਕੇ ਵੀ ਬੁਰੇ ਕੰਮ ਕਰਦੇ ਰਹੇ। ਕੀ ਕੋਈ ਅਜਿਹਾ ਵਿਅਕਤੀ ਸੀ ਜੋ ਅਜੇ ਵੀ ਯਹੋਵਾਹ ਨੂੰ ਪਿਆਰ ਕਰਦਾ ਸੀ? ਅਸੀਂ ਇਸ ਬਾਰੇ ਅਗਲੇ ਪਾਠ ਵਿਚ ਦੇਖਾਂਗੇ।

“ਜਿਹੜਾ ਆਪਣੇ ਆਪ ਨੂੰ ਉੱਚਾ ਕਰਦਾ ਹੈ ਉਸ ਨੂੰ ਨੀਵਾਂ ਕੀਤਾ ਜਾਵੇਗਾ, ਪਰ ਜਿਹੜਾ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਸ ਨੂੰ ਉੱਚਾ ਕੀਤਾ ਜਾਵੇਗਾ।”​—ਲੂਕਾ 18:14