Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਪਾਠ 96

ਯਿਸੂ ਨੇ ਸੌਲੁਸ ਨੂੰ ਚੁਣਿਆ

ਯਿਸੂ ਨੇ ਸੌਲੁਸ ਨੂੰ ਚੁਣਿਆ

ਸੌਲੁਸ ਰੋਮੀ ਨਾਗਰਿਕ ਸੀ ਜਿਸ ਦਾ ਜਨਮ ਤਰਸੁਸ ਵਿਚ ਹੋਇਆ ਸੀ। ਉਹ ਇਕ ਫ਼ਰੀਸੀ ਸੀ ਜੋ ਯਹੂਦੀ ਕਾਨੂੰਨ ਦਾ ਮਾਹਰ ਸੀ। ਉਹ ਮਸੀਹੀਆਂ ਤੋਂ ਨਫ਼ਰਤ ਕਰਦਾ ਸੀ। ਉਹ ਮਸੀਹੀ ਆਦਮੀ-ਔਰਤਾਂ ਨੂੰ ਉਨ੍ਹਾਂ ਦੇ ਘਰੋਂ ਘੜੀਸ ਲਿਆਉਂਦਾ ਸੀ ਅਤੇ ਜੇਲ੍ਹ ਵਿਚ ਸੁੱਟ ਦਿੰਦਾ ਸੀ। ਜਦੋਂ ਭੀੜ ਨੇ ਪੱਥਰ ਮਾਰ-ਮਾਰ ਕੇ ਇਸਤੀਫ਼ਾਨ ਨੂੰ ਜਾਨੋਂ ਮਾਰ ਦਿੱਤਾ, ਤਾਂ ਸੌਲੁਸ ਉੱਥੇ ਖੜ੍ਹਾ ਸਾਰਾ ਕੁਝ ਦੇਖ ਰਿਹਾ ਸੀ।

ਪਰ ਸੌਲੁਸ ਸਿਰਫ਼ ਯਰੂਸ਼ਲਮ ਦੇ ਮਸੀਹੀਆਂ ਨੂੰ ਜੇਲ੍ਹ ਵਿਚ ਸੁੱਟ ਕੇ ਖ਼ੁਸ਼ ਨਹੀਂ ਸੀ। ਉਸ ਨੇ ਮਹਾਂ ਪੁਜਾਰੀ ਨੂੰ ਕਿਹਾ ਕਿ ਉਹ ਉਸ ਨੂੰ ਦਮਿਸਕ ਭੇਜ ਦੇਵੇ ਤਾਂਕਿ ਉਹ ਉੱਥੇ ਵੀ ਮਸੀਹੀਆਂ ਨੂੰ ਫੜ ਸਕੇ। ਜਦੋਂ ਸੌਲੁਸ ਸ਼ਹਿਰ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਉਸ ਦੇ ਚਾਰੇ ਪਾਸੇ ਤੇਜ਼ ਰੌਸ਼ਨੀ ਚਮਕੀ। ਉਹ ਜ਼ਮੀਨ ਉੱਤੇ ਡਿਗ ਪਿਆ। ਇਕ ਆਵਾਜ਼ ਨੇ ਉਸ ਨੂੰ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ?’ ਸੌਲੁਸ ਨੇ ਕਿਹਾ: ‘ਤੂੰ ਕੌਣ ਹੈਂ?’ ਉਸ ਨੇ ਜਵਾਬ ਦਿੱਤਾ: ‘ਮੈਂ ਯਿਸੂ ਹਾਂ। ਦਮਿਸਕ ਨੂੰ ਜਾਹ ਅਤੇ ਉੱਥੇ ਤੈਨੂੰ ਦੱਸਿਆ ਜਾਵੇਗਾ ਕਿ ਤੂੰ ਕੀ ਕਰਨਾ ਹੈਂ।’ ਉਸ ਵੇਲੇ ਸੌਲੁਸ ਅੰਨ੍ਹਾ ਹੋ ਗਿਆ ਅਤੇ ਆਦਮੀ ਉਸ ਦਾ ਹੱਥ ਫੜ ਕੇ ਉਸ ਨੂੰ ਦਮਿਸਕ ਲੈ ਗਏ।

ਦਮਿਸਕ ਵਿਚ ਹਨਾਨਿਆ ਨਾਂ ਦਾ ਇਕ ਵਫ਼ਾਦਾਰ ਮਸੀਹੀ ਸੀ। ਯਿਸੂ ਨੇ ਉਸ ਨੂੰ ਦਰਸ਼ਣ ਵਿਚ ਦੱਸਿਆ: ‘ਸਿੱਧੀ ਨਾਂ ਦੀ ਗਲੀ ਵਿਚ ਯਹੂਦਾ ਦੇ ਘਰ ਜਾ ਕੇ ਸੌਲੁਸ ਨੂੰ ਮਿਲ।’ ਹਨਾਨਿਆ ਨੇ ਕਿਹਾ: ‘ਪ੍ਰਭੂ, ਮੈਂ ਇਸ ਆਦਮੀ ਬਾਰੇ ਸਾਰਾ ਕੁਝ ਜਾਣਦਾ ਹਾਂ। ਉਹ ਤੇਰੇ ਚੇਲਿਆਂ ਨੂੰ ਜੇਲ੍ਹ ਵਿਚ ਸੁੱਟ ਰਿਹਾ ਹੈ!’ ਪਰ ਯਿਸੂ ਨੇ ਕਿਹਾ: ‘ਉਸ ਕੋਲ ਜਾਹ। ਮੈਂ ਸੌਲੁਸ ਨੂੰ ਬਹੁਤ ਸਾਰੀਆਂ ਕੌਮਾਂ ਨੂੰ ਖ਼ੁਸ਼ ਖ਼ਬਰੀ ਸੁਣਾਉਣ ਲਈ ਚੁਣਿਆ ਹੈ।’

ਇਸ ਲਈ ਹਨਾਨਿਆ ਸੌਲੁਸ ਕੋਲ ਗਿਆ ਤੇ ਕਿਹਾ: ‘ਸੌਲੁਸ ਮੇਰੇ ਭਰਾ, ਯਿਸੂ ਨੇ ਮੈਨੂੰ ਤੇਰੀਆਂ ਅੱਖਾਂ ਦੀ ਰੌਸ਼ਨੀ ਵਾਪਸ ਲਿਆਉਣ ਲਈ ਘੱਲਿਆ ਹੈ।’ ਸੌਲੁਸ ਉਸੇ ਪਲ ਦੁਬਾਰਾ ਦੇਖਣ ਲੱਗ ਪਿਆ। ਉਸ ਨੇ ਯਿਸੂ ਬਾਰੇ ਸਿੱਖਿਆ ਅਤੇ ਉਸ ਦਾ ਚੇਲਾ ਬਣ ਗਿਆ। ਹੁਣ ਬਪਤਿਸਮਾ ਲੈ ਕੇ ਸੌਲੁਸ ਨੇ ਆਪਣੇ ਮਸੀਹੀ ਭਰਾਵਾਂ ਨਾਲ ਸਭਾ ਘਰਾਂ ਵਿਚ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕੀ ਤੁਸੀਂ ਸੋਚ ਸਕਦੇ ਹੋ ਕਿ ਸੌਲੁਸ ਨੂੰ ਯਿਸੂ ਬਾਰੇ  ਪ੍ਰਚਾਰ ਕਰਦਿਆਂ ਦੇਖ ਕੇ ਯਹੂਦੀ ਕਿੰਨੇ ਹੈਰਾਨ-ਪਰੇਸ਼ਾਨ ਹੋ ਗਏ ਹੋਣੇ? ਉਨ੍ਹਾਂ ਨੇ ਕਿਹਾ: ‘ਇਹ ਉਹੀ ਆਦਮੀ ਨਹੀਂ ਜੋ ਯਿਸੂ ਦੇ ਚੇਲਿਆਂ ਨੂੰ ਫੜ ਕੇ ਜੇਲ੍ਹ ਵਿਚ ਸੁੱਟ ਦਿੰਦਾ ਸੀ?’

ਸੌਲੁਸ ਨੇ ਦਮਿਸਕ ਵਿਚ ਰਹਿ ਕੇ ਤਿੰਨ ਸਾਲ ਪ੍ਰਚਾਰ ਕੀਤਾ। ਯਹੂਦੀ ਸੌਲੁਸ ਨਾਲ ਨਫ਼ਰਤ ਕਰਦੇ ਸਨ ਅਤੇ ਉਸ ਨੂੰ ਮਾਰਨ ਦੀਆਂ ਸਕੀਮਾਂ ਬਣਾਉਂਦੇ ਸਨ। ਪਰ ਚੇਲਿਆਂ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਸੌਲੁਸ ਦੀ ਉੱਥੋਂ ਬਚ ਕੇ ਨਿਕਲਣ ਵਿਚ ਮਦਦ ਕੀਤੀ। ਉਨ੍ਹਾਂ ਨੇ ਉਸ ਨੂੰ ਇਕ ਵੱਡੀ ਸਾਰੀ ਟੋਕਰੀ ਵਿਚ ਬਿਠਾ ਦਿੱਤਾ ਅਤੇ ਤਾਕੀ ਥਾਣੀਂ ਥੱਲੇ ਉਤਾਰ ਦਿੱਤਾ।

ਸੌਲੁਸ ਨੇ ਯਰੂਸ਼ਲਮ ਪਹੁੰਚ ਕੇ ਭੈਣਾਂ-ਭਰਾਵਾਂ ਨਾਲ ਮਿਲਣ ਦੀ ਕੋਸ਼ਿਸ਼ ਕੀਤੀ। ਪਰ ਉਹ ਉਸ ਤੋਂ ਡਰਦੇ ਸਨ। ਫਿਰ ਬਰਨਾਬਾਸ ਨਾਂ ਦਾ ਚੇਲਾ ਸੌਲੁਸ ਨੂੰ ਰਸੂਲਾਂ ਕੋਲ ਲੈ ਕੇ ਗਿਆ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਸੌਲੁਸ ਸੱਚੀ ਬਦਲ ਚੁੱਕਾ ਸੀ। ਸੌਲੁਸ ਨੇ ਯਰੂਸ਼ਲਮ ਦੀ ਮੰਡਲੀ ਨਾਲ ਮਿਲ ਕੇ ਜੋਸ਼ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਹ ਪੌਲੁਸ ਦੇ ਨਾਂ ਤੋਂ ਜਾਣਿਆ ਜਾਣ ਲੱਗਾ।

“ਯਿਸੂ ਮਸੀਹ ਪਾਪੀਆਂ ਨੂੰ ਬਚਾਉਣ ਲਈ ਦੁਨੀਆਂ ਵਿਚ ਆਇਆ ਸੀ। ਅਤੇ ਸਭ ਤੋਂ ਵੱਡਾ ਪਾਪੀ ਮੈਂ ਹਾਂ।”​—1 ਤਿਮੋਥਿਉਸ 1:15