ਮਹਾਂ ਪੁਜਾਰੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿਚ ਲੈ ਗਏ। ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ: ‘ਇਸ ਆਦਮੀ ’ਤੇ ਕੀ ਦੋਸ਼ ਲਾਇਆ ਗਿਆ ਹੈ?’ ਉਨ੍ਹਾਂ ਨੇ ਕਿਹਾ: ‘ਇਹ ਰਾਜਾ ਬਣਨ ਦਾ ਦਾਅਵਾ ਕਰਦਾ ਹੈ!’ ਪਿਲਾਤੁਸ ਨੇ ਯਿਸੂ ਨੂੰ ਪੁੱਛਿਆ: “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਯਿਸੂ ਨੇ ਕਿਹਾ: “ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।”

ਫਿਰ ਪਿਲਾਤੁਸ ਨੇ ਯਿਸੂ ਨੂੰ ਗਲੀਲ ਦੇ ਰਾਜੇ ਹੇਰੋਦੇਸ ਕੋਲ ਭੇਜ ਦਿੱਤਾ ਤਾਂਕਿ ਉਹ ਯਿਸੂ ਵਿਚ ਕੋਈ ਦੋਸ਼ ਲੱਭ ਸਕੇ। ਹੇਰੋਦੇਸ ਨੂੰ ਯਿਸੂ ਵਿਚ ਕੋਈ ਦੋਸ਼ ਨਹੀਂ ਲੱਭਾ ਅਤੇ ਉਸ ਨੇ ਯਿਸੂ ਨੂੰ ਵਾਪਸ ਪਿਲਾਤੁਸ ਕੋਲ ਭੇਜ ਦਿੱਤਾ। ਫਿਰ ਪਿਲਾਤੁਸ ਨੇ ਲੋਕਾਂ ਨੂੰ ਕਿਹਾ: ‘ਮੈਨੂੰ ਤੇ ਹੇਰੋਦੇਸ ਨੂੰ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਲੱਭਾ। ਮੈਂ ਇਸ ਨੂੰ ਰਿਹਾ ਕਰ ਦੇਵਾਂਗਾ।’ ਭੀੜ ਉੱਚੀ-ਉੱਚੀ ਕਹਿਣ ਲੱਗੀ: ‘ਇਸ ਨੂੰ ਮਾਰ ਦਿਓ! ਇਸ ਨੂੰ ਮਾਰ ਦਿਓ!’ ਫ਼ੌਜੀਆਂ ਨੇ ਯਿਸੂ ਦੇ ਕੋਰੜੇ ਮਾਰੇ, ਉਸ ’ਤੇ ਥੁੱਕਿਆ ਤੇ ਉਸ ਦੇ ਮੁੱਕੇ ਮਾਰੇ। ਉਨ੍ਹਾਂ ਨੇ ਉਸ ਦੇ ਸਿਰ ’ਤੇ ਕੰਡਿਆਂ ਦਾ ਮੁਕਟ ਰੱਖਿਆ ਅਤੇ ਮਜ਼ਾਕ ਉਡਾਉਂਦਿਆਂ ਕਿਹਾ: ‘ਜੈ ਹੋਵੇ, ਯਹੂਦੀਆਂ ਦੇ ਰਾਜੇ ਦੀ!’ ਪਿਲਾਤੁਸ ਨੇ ਫਿਰ ਭੀੜ ਨੂੰ ਕਿਹਾ: ‘ਮੈਨੂੰ ਇਸ ਆਦਮੀ ਵਿਚ ਕੋਈ ਦੋਸ਼ ਨਹੀਂ ਲੱਭਾ।’ ਪਰ ਲੋਕ ਉੱਚੀ-ਉੱਚੀ ਕਹਿਣ ਲੱਗੇ: “ਉਸ ਨੂੰ ਸੂਲ਼ੀ ’ਤੇ ਟੰਗ ਦਿਓ!” ਸੋ ਪਿਲਾਤੁਸ ਨੇ ਸੂਲ਼ੀ ’ਤੇ ਟੰਗਣ ਲਈ ਉਸ ਨੂੰ ਫ਼ੌਜੀਆਂ ਦੇ ਹਵਾਲੇ ਕਰ ਦਿੱਤਾ।

ਉਹ ਯਿਸੂ ਨੂੰ ਗਲਗਥਾ ਨਾਂ ਦੀ ਜਗ੍ਹਾ ’ਤੇ ਲੈ ਗਏ। ਉੱਥੇ ਉਸ ਦੇ ਕਿੱਲ ਠੋਕ ਕੇ ਉਸ ਨੂੰ ਸੂਲ਼ੀ ’ਤੇ ਟੰਗ ਦਿੱਤਾ ਗਿਆ। ਯਿਸੂ ਨੇ ਪ੍ਰਾਰਥਨਾ ਕੀਤੀ: ‘ਹੇ ਪਿਤਾ, ਇਨ੍ਹਾਂ ਨੂੰ ਮਾਫ਼ ਕਰ ਦੇ ਕਿਉਂਕਿ ਇਹ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ।’ ਲੋਕਾਂ ਨੇ ਯਿਸੂ ਦਾ ਮਜ਼ਾਕ ਉਡਾਉਂਦਿਆਂ ਕਿਹਾ: ‘ਜੇ ਤੂੰ ਪਰਮੇਸ਼ੁਰ ਦਾ ਪੁੱਤਰ ਹੈਂ, ਤਾਂ ਸੂਲ਼ੀ ਤੋਂ ਥੱਲੇ ਉੱਤਰ ਆ। ਆਪਣੇ ਆਪ ਨੂੰ ਬਚਾ ਲੈ।’

ਯਿਸੂ ਨਾਲ ਟੰਗੇ ਅਪਰਾਧੀਆਂ ਵਿੱਚੋਂ ਇਕ ਨੇ ਕਿਹਾ: “ਜਦੋਂ ਤੂੰ ਰਾਜਾ ਬਣੇਂਗਾ, ਤਾਂ ਮੈਨੂੰ ਯਾਦ ਰੱਖੀਂ।” ਯਿਸੂ ਨੇ ਉਸ ਨਾਲ ਵਾਅਦਾ ਕੀਤਾ: “ਤੂੰ ਮੇਰੇ ਨਾਲ ਜ਼ਿੰਦਗੀ ਦੇ ਬਾਗ਼ ਵਿਚ ਹੋਵੇਂਗਾ।” ਦੁਪਹਿਰ ਸਮੇਂ ਸਾਰੀ ਧਰਤੀ ਉੱਤੇ ਤਿੰਨ ਘੰਟੇ ਤਕ ਹਨੇਰਾ ਛਾਇਆ ਰਿਹਾ। ਯਿਸੂ ਦੀ ਮਾਤਾ ਮਰੀਅਮ ਤੇ ਉਸ ਦੇ ਕੁਝ ਚੇਲੇ ਸੂਲ਼ੀ ਕੋਲ ਖੜ੍ਹੇ ਰਹੇ। ਯਿਸੂ ਨੇ ਯੂਹੰਨਾ ਨੂੰ ਆਪਣੀ ਮਾਤਾ ਵਾਂਗ ਮਰੀਅਮ ਦੀ ਦੇਖ-ਭਾਲ ਕਰਨ ਲਈ ਕਿਹਾ।

ਅਖ਼ੀਰ ਯਿਸੂ ਨੇ ਕਿਹਾ: “ਸਾਰਾ ਕੰਮ ਪੂਰਾ ਹੋਇਆ!” ਉਸ ਨੇ ਸਿਰ ਝੁਕਾਇਆ ਤੇ ਆਖ਼ਰੀ ਸਾਹ ਲਿਆ। ਉਸੇ ਪਲ ਇਕ ਜ਼ਬਰਦਸਤ ਭੁਚਾਲ਼ ਆਇਆ। ਮੰਦਰ ਵਿਚ ਪਵਿੱਤਰ ਅਤੇ ਅੱਤ ਪਵਿੱਤਰ ਕਮਰੇ ਦੇ ਵਿਚਕਾਰ ਲੱਗਾ ਪਰਦਾ ਵਿਚਕਾਰੋਂ ਪਾਟ ਗਿਆ। ਇਕ ਫ਼ੌਜੀ ਅਫ਼ਸਰ ਨੇ ਕਿਹਾ: ‘ਇਹ ਵਾਕਈ ਪਰਮੇਸ਼ੁਰ ਦਾ ਪੁੱਤਰ ਸੀ।’

“ਪਰਮੇਸ਼ੁਰ ਦੇ ਵਾਅਦੇ ਭਾਵੇਂ ਜਿੰਨੇ ਮਰਜ਼ੀ ਹੋਣ, ਉਹ ਸਾਰੇ ਮਸੀਹ ਰਾਹੀਂ ਪੂਰੇ ਹੁੰਦੇ ਹਨ।”​—2 ਕੁਰਿੰਥੀਆਂ 1:20