Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 79

ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ

ਯਿਸੂ ਨੇ ਬਹੁਤ ਸਾਰੇ ਚਮਤਕਾਰ ਕੀਤੇ

ਯਿਸੂ ਧਰਤੀ ’ਤੇ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਆਇਆ ਸੀ। ਰਾਜੇ ਵਜੋਂ ਯਿਸੂ ਕੀ ਕਰੇਗਾ, ਇਹ ਦਿਖਾਉਣ ਲਈ ਯਹੋਵਾਹ ਨੇ ਯਿਸੂ ਨੂੰ ਚਮਤਕਾਰ ਕਰਨ ਲਈ ਪਵਿੱਤਰ ਸ਼ਕਤੀ ਦਿੱਤੀ। ਉਹ ਹਰ ਤਰ੍ਹਾਂ ਦੀ ਬੀਮਾਰੀ ਠੀਕ ਕਰ ਸਕਦਾ ਸੀ। ਉਹ ਜਿੱਥੇ ਵੀ ਗਿਆ, ਬੀਮਾਰ ਲੋਕ ਉਸ ਕੋਲ ਠੀਕ ਹੋਣ ਨੂੰ ਆਏ ਅਤੇ ਉਸ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ। ਅੰਨ੍ਹੇ ਦੇਖ ਸਕਦੇ ਸਨ, ਬੋਲ਼ੇ ਸੁਣ ਸਕਦੇ ਸਨ, ਅਧਰੰਗੀ ਠੀਕ ਹੋ ਗਏ ਅਤੇ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਨ੍ਹਾਂ ਵਿੱਚੋਂ ਦੁਸ਼ਟ ਦੂਤਾਂ ਨੂੰ ਕੱਢਿਆ ਗਿਆ। ਜੇ ਉਹ ਸਿਰਫ਼ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਹੀ ਛੂਹ ਲੈਂਦੇ ਸਨ, ਤਾਂ ਉਹ ਠੀਕ ਹੋ ਜਾਂਦੇ ਸਨ। ਯਿਸੂ ਜਿੱਥੇ ਵੀ ਗਿਆ, ਲੋਕ ਉਸ ਦੇ ਪਿੱਛੇ ਗਏ। ਜਦੋਂ ਯਿਸੂ ਇਕੱਲਾ ਰਹਿਣਾ ਚਾਹੁੰਦਾ ਸੀ, ਉਦੋਂ ਵੀ ਲੋਕ ਉਸ ਕੋਲ ਆ ਜਾਂਦੇ ਸਨ।

ਇਕ ਵਾਰ ਲੋਕ ਇਕ ਅਧਰੰਗੀ ਆਦਮੀ ਨੂੰ ਉਸ ਘਰ ਵਿਚ ਲੈ ਕੇ ਆਏ ਜਿੱਥੇ ਯਿਸੂ ਰਹਿ ਰਿਹਾ ਸੀ। ਪਰ ਘਰ ਵਿਚ ਤਾਂ ਭੀੜ ਜਮ੍ਹਾ ਹੋਈ ਸੀ ਜਿਸ ਕਰਕੇ ਉਹ ਅੰਦਰ ਨਹੀਂ ਜਾ ਸਕਦੇ ਸਨ। ਇਸ ਲਈ ਉਨ੍ਹਾਂ ਨੇ ਛੱਤ ਵਿਚ ਮੋਹਰਾ ਕੀਤਾ ਅਤੇ ਉਸ ਆਦਮੀ ਨੂੰ ਯਿਸੂ ਕੋਲ ਥੱਲੇ ਉਤਾਰ ਦਿੱਤਾ। ਫਿਰ ਯਿਸੂ ਨੇ ਆਦਮੀ ਨੂੰ ਕਿਹਾ: ‘ਉੱਠ ਅਤੇ ਤੁਰ।’ ਜਦੋਂ ਉਹ ਆਦਮੀ ਉੱਠ ਕੇ ਤੁਰਨ ਲੱਗਾ, ਤਾਂ ਲੋਕ ਹੈਰਾਨ ਰਹਿ ਗਏ।

ਇਕ ਹੋਰ ਮੌਕੇ ’ਤੇ ਜਦੋਂ ਯਿਸੂ ਇਕ ਪਿੰਡ ਵਿਚ ਦਾਖ਼ਲ ਹੋਇਆ, ਤਾਂ ਦਸ ਕੋੜ੍ਹੀ ਦੂਰ ਖੜ੍ਹੇ ਉੱਚੀ-ਉੱਚੀ ਕਹਿਣ ਲੱਗੇ: ‘ਯਿਸੂ, ਸਾਡੀ ਮਦਦ ਕਰ!’ ਉਨ੍ਹਾਂ ਦਿਨਾਂ ਵਿਚ ਕੋੜ੍ਹੀਆਂ ਨੂੰ ਹੋਰ ਲੋਕਾਂ ਦੇ ਨੇੜੇ ਆਉਣ ਦੀ ਇਜਾਜ਼ਤ ਨਹੀਂ ਸੀ। ਯਿਸੂ ਨੇ ਆਦਮੀਆਂ ਨੂੰ ਮੰਦਰ ਵਿਚ ਜਾਣ ਲਈ ਕਿਹਾ। ਯਹੋਵਾਹ ਦੇ ਕਾਨੂੰਨ ਅਨੁਸਾਰ ਕੋੜ੍ਹੀਆਂ ਨੂੰ ਠੀਕ ਹੋਣ ਤੋਂ ਬਾਅਦ ਮੰਦਰ ਜਾਣਾ ਪੈਂਦਾ ਸੀ। ਰਾਹ ਵਿਚ ਜਾਂਦਿਆਂ  ਉਹ ਠੀਕ ਹੋ ਗਏ। ਦਸਾਂ ਵਿੱਚੋਂ ਸਿਰਫ਼ ਇਕ ਕੋੜ੍ਹੀ ਨੇ ਵਾਪਸ ਆ ਕੇ ਯਿਸੂ ਦਾ ਧੰਨਵਾਦ ਕੀਤਾ ਅਤੇ ਪਰਮੇਸ਼ੁਰ ਦੀ ਮਹਿਮਾ ਕੀਤੀ।

12 ਸਾਲਾਂ ਤੋਂ ਬੀਮਾਰ ਇਕ ਔਰਤ ਠੀਕ ਹੋਣਾ ਚਾਹੁੰਦੀ ਸੀ। ਉਸ ਨੇ ਭੀੜ ਵਿੱਚੋਂ ਆ ਕੇ ਪਿੱਛਿਓਂ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ। ਉਹ ਉਸੇ ਵੇਲੇ ਠੀਕ ਹੋ ਗਈ। ਜਦੋਂ ਇੱਦਾਂ ਹੋਇਆ, ਤਾਂ ਯਿਸੂ ਨੇ ਪੁੱਛਿਆ: “ਮੈਨੂੰ ਕਿਸ ਨੇ ਛੂਹਿਆ?” ਔਰਤ ਡਰ ਗਈ, ਪਰ ਉਸ ਨੇ ਯਿਸੂ ਨੂੰ ਸੱਚ-ਸੱਚ ਦੱਸ ਦਿੱਤਾ। ਯਿਸੂ ਨੇ ਉਸ ਨੂੰ ਇਹ ਕਹਿ ਕੇ ਦਿਲਾਸਾ ਦਿੱਤਾ: ‘ਧੀਏ, ਸ਼ਾਂਤੀ ਨਾਲ ਜਾਹ।’

ਜੈਰੁਸ ਨਾਂ ਦੇ ਅਫ਼ਸਰ ਨੇ ਯਿਸੂ ਦੀ ਮਿੰਨਤ ਕੀਤੀ: ‘ਮੇਰੇ ਘਰ ਆ। ਮੇਰੀ ਧੀ ਬਹੁਤ ਬੀਮਾਰ ਹੈ।’ ਪਰ ਯਿਸੂ ਦੇ ਘਰ ਜਾਣ ਤੋਂ ਪਹਿਲਾਂ ਹੀ ਕੁੜੀ ਮਰ ਗਈ। ਜਦੋਂ ਯਿਸੂ ਪਹੁੰਚਿਆ, ਤਾਂ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਰਿਵਾਰ ਦੇ ਨਾਲ ਰੋਂਦਿਆਂ ਦੇਖਿਆ। ਯਿਸੂ ਨੇ ਉਨ੍ਹਾਂ ਨੂੰ ਕਿਹਾ: ‘ਰੋਵੋ ਨਾ; ਕੁੜੀ ਸੁੱਤੀ ਪਈ ਹੈ।’ ਫਿਰ ਉਸ ਨੇ ਕੁੜੀ ਦਾ ਹੱਥ ਫੜਿਆ ਅਤੇ ਕਿਹਾ: “ਬੇਟੀ, ਉੱਠ!” ਉਹ ਇਕਦਮ ਉੱਠ ਕੇ ਬੈਠ ਗਈ ਅਤੇ ਯਿਸੂ ਨੇ ਉਸ ਦੇ ਮਾਪਿਆਂ ਨੂੰ ਕਿਹਾ ਕਿ ਉਹ ਕੁੜੀ ਨੂੰ ਕੁਝ ਖਾਣ ਲਈ ਦੇਣ। ਜ਼ਰਾ ਸੋਚੋ ਕਿ ਉਸ ਦੇ ਮਾਪਿਆਂ ਨੂੰ ਕਿੱਦਾਂ ਲੱਗਾ ਹੋਣਾ!

“ਪਰਮੇਸ਼ੁਰ ਨੇ ਕਿਵੇਂ ਉਸ ਨੂੰ ਪਵਿੱਤਰ ਸ਼ਕਤੀ ਅਤੇ ਤਾਕਤ ਨਾਲ ਚੁਣਿਆ ਸੀ ਅਤੇ ਉਸ ਨੇ ਪੂਰੇ ਇਲਾਕੇ ਵਿਚ ਜਾ ਕੇ ਚੰਗੇ ਕੰਮ ਕੀਤੇ ਅਤੇ ਸ਼ੈਤਾਨ ਦੁਆਰਾ ਸਤਾਏ ਲੋਕਾਂ ਨੂੰ ਚੰਗਾ ਕੀਤਾ। ਉਹ ਸਾਰਾ ਕੁਝ ਇਸ ਕਰਕੇ ਕਰ ਸਕਿਆ ਕਿਉਂਕਿ ਪਰਮੇਸ਼ੁਰ ਉਸ ਦੇ ਨਾਲ ਸੀ।”​—ਰਸੂਲਾਂ ਦੇ ਕੰਮ 10:38