Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 81

ਪਹਾੜੀ ਉਪਦੇਸ਼

ਪਹਾੜੀ ਉਪਦੇਸ਼

12 ਰਸੂਲ ਚੁਣਨ ਤੋਂ ਬਾਅਦ ਯਿਸੂ ਪਹਾੜ ਤੋਂ ਥੱਲੇ ਆ ਗਿਆ ਅਤੇ ਉਸ ਜਗ੍ਹਾ ਚਲਾ ਗਿਆ ਜਿੱਥੇ ਵੱਡੀ ਭੀੜ ਇਕੱਠੀ ਹੋਈ ਸੀ। ਇਹ ਲੋਕ ਗਲੀਲ, ਯਹੂਦੀਆ, ਸੋਰ, ਸੀਦੋਨ, ਸੀਰੀਆ ਅਤੇ ਯਰਦਨ ਦਰਿਆ ਦੇ ਦੂਸਰੇ ਪਾਸਿਓਂ ਆਏ ਸਨ। ਉਹ ਆਪਣੇ ਨਾਲ ਉਨ੍ਹਾਂ ਲੋਕਾਂ ਨੂੰ ਲੈ ਕੇ ਆਏ ਜਿਹੜੇ ਬੀਮਾਰ ਸਨ ਅਤੇ ਜਿਨ੍ਹਾਂ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ। ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਠੀਕ ਕੀਤਾ। ਫਿਰ ਉਹ ਪਹਾੜ ’ਤੇ ਬੈਠ ਕੇ ਸਿੱਖਿਆ ਦੇਣ ਲੱਗਾ। ਉਸ ਨੇ ਦੱਸਿਆ ਕਿ ਜੇ ਅਸੀਂ ਪਰਮੇਸ਼ੁਰ ਦੇ ਦੋਸਤ ਬਣਨਾ ਚਾਹੁੰਦੇ ਹਾਂ, ਤਾਂ ਸਾਨੂੰ ਕੀ ਕਰਨ ਦੀ ਲੋੜ ਹੈ। ਸਾਨੂੰ ਪਹਿਲਾਂ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਨੂੰ ਯਹੋਵਾਹ ਦੀ ਲੋੜ ਹੈ ਅਤੇ ਸਾਨੂੰ ਉਸ ਨਾਲ ਪਿਆਰ ਕਰਨਾ ਸਿੱਖਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨਾਲ ਪਿਆਰ ਤੇ ਵਧੀਆ ਤਰੀਕੇ ਨਾਲ ਪੇਸ਼ ਆਉਣਾ ਚਾਹੀਦਾ, ਇੱਥੋਂ ਤਕ ਕਿ ਆਪਣੇ ਦੁਸ਼ਮਣਾਂ ਨਾਲ ਵੀ।

ਯਿਸੂ ਨੇ ਕਿਹਾ: ‘ਸਾਨੂੰ ਸਿਰਫ਼ ਆਪਣੇ ਦੋਸਤਾਂ ਨਾਲ ਹੀ ਨਹੀਂ, ਸਗੋਂ ਆਪਣੇ ਦੁਸ਼ਮਣਾਂ ਨਾਲ ਵੀ ਪਿਆਰ ਕਰਨਾ ਚਾਹੀਦਾ ਹੈ। ਸਾਨੂੰ ਉਨ੍ਹਾਂ ਨੂੰ ਦਿਲੋਂ ਮਾਫ਼ ਕਰਨਾ ਚਾਹੀਦਾ ਹੈ। ਜੇ ਕੋਈ ਤੁਹਾਡੇ ਨਾਲ ਨਾਰਾਜ਼ ਹੈ, ਤਾਂ ਉਸ ਕੋਲ ਜਾਓ ਅਤੇ ਮਾਫ਼ੀ ਮੰਗੋ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਹੋ ਕਿ ਦੂਸਰੇ ਤੁਹਾਡੇ ਨਾਲ ਪੇਸ਼ ਆਉਣ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਪੇਸ਼ ਆਓ।’

 ਯਿਸੂ ਨੇ ਲੋਕਾਂ ਨੂੰ ਧਨ-ਦੌਲਤ ਬਾਰੇ ਵੀ ਚੰਗੀ ਸਲਾਹ ਦਿੱਤੀ। ਉਸ ਨੇ ਕਿਹਾ: ‘ਸਾਡੇ ਕੋਲ ਬਹੁਤ ਸਾਰੇ ਪੈਸੇ ਹੋਣ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਯਹੋਵਾਹ ਦੇ ਦੋਸਤ ਬਣੀਏ। ਚੋਰ ਤੁਹਾਡੇ ਪੈਸੇ ਚੁਰਾ ਸਕਦਾ ਹੈ, ਪਰ ਕੋਈ ਵੀ ਯਹੋਵਾਹ ਨਾਲ ਤੁਹਾਡੀ ਦੋਸਤੀ ਨਹੀਂ ਚੁਰਾ ਸਕਦਾ। ਇਨ੍ਹਾਂ ਗੱਲਾਂ ਬਾਰੇ ਚਿੰਤਾ ਕਰਨੀ ਛੱਡ ਦਿਓ ਕਿ ਤੁਸੀਂ ਕੀ ਖਾਓਗੇ, ਕੀ ਪੀਓਗੇ ਜਾਂ ਕੀ ਪਹਿਨੋਗੇ। ਪੰਛੀਆਂ ਵੱਲ ਧਿਆਨ ਦਿਓ। ਯਹੋਵਾਹ ਹਮੇਸ਼ਾ ਉਨ੍ਹਾਂ ਨੂੰ ਖਾਣ ਨੂੰ ਦਿੰਦਾ ਹੈ। ਚਿੰਤਾ ਕਰਨ ਨਾਲ ਤੁਸੀਂ ਆਪਣੀ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੇ। ਯਾਦ ਰੱਖੋ ਕਿ ਯਹੋਵਾਹ ਨੂੰ ਪਤਾ ਹੈ ਕਿ ਤੁਹਾਨੂੰ ਕਿਨ੍ਹਾਂ ਚੀਜ਼ਾਂ ਦੀ ਲੋੜ ਹੈ।’

ਲੋਕਾਂ ਨੇ ਕਦੇ ਵੀ ਕਿਸੇ ਨੂੰ ਯਿਸੂ ਵਾਂਗ ਗੱਲਾਂ ਕਰਦਿਆਂ ਨਹੀਂ ਸੁਣਿਆ ਸੀ। ਧਾਰਮਿਕ ਗੁਰੂਆਂ, ਜਿਵੇਂ ਫ਼ਰੀਸੀਆਂ ਅਤੇ ਗ੍ਰੰਥੀਆਂ, ਨੇ ਉਨ੍ਹਾਂ ਨੂੰ ਇਹ ਗੱਲਾਂ ਨਹੀਂ ਸਿਖਾਈਆਂ ਸਨ। ਯਿਸੂ ਇੰਨਾ ਵਧੀਆ ਸਿੱਖਿਅਕ ਕਿਉਂ ਸੀ? ਕਿਉਂਕਿ ਉਹ ਯਹੋਵਾਹ ਦੀਆਂ ਗੱਲਾਂ ਸਿਖਾਉਂਦਾ ਸੀ।

“ਮੇਰਾ ਜੂਲਾ ਆਪਣੇ ਮੋਢਿਆਂ ਉੱਤੇ ਰੱਖ ਲਓ ਅਤੇ ਮੇਰੇ ਤੋਂ ਸਿੱਖੋ, ਕਿਉਂਕਿ ਮੈਂ ਸੁਭਾਅ ਦਾ ਨਰਮ ਅਤੇ ਮਨ ਦਾ ਹਲੀਮ ਹਾਂ ਅਤੇ ਤੁਹਾਡੀਆਂ ਜਾਨਾਂ ਨੂੰ ਤਾਜ਼ਗੀ ਮਿਲੇਗੀ।”​—ਮੱਤੀ 11:29