Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਬਾਈਬਲ ਤੋਂ ਸਿੱਖੋ ਅਹਿਮ ਸਬਕ

 ਪਾਠ 63

ਕੰਧ ’ਤੇ ਲਿਖਾਈ

ਕੰਧ ’ਤੇ ਲਿਖਾਈ

ਸਮੇਂ ਦੇ ਬੀਤਣ ਨਾਲ ਬੇਲਸ਼ੱਸਰ ਬਾਬਲ ਦਾ ਰਾਜਾ ਬਣ ਗਿਆ। ਇਕ ਰਾਤ ਉਸ ਨੇ ਦੇਸ਼ ਦੇ ਹਜ਼ਾਰਾਂ ਹੀ ਸਭ ਤੋਂ ਖ਼ਾਸ ਲੋਕਾਂ ਨੂੰ ਦਾਅਵਤ ’ਤੇ ਬੁਲਾਇਆ। ਉਸ ਨੇ ਆਪਣੇ ਨੌਕਰਾਂ ਨੂੰ ਹੁਕਮ ਦਿੱਤਾ ਕਿ ਉਹ ਸੋਨੇ ਦੇ ਭਾਂਡੇ ਲੈ ਕੇ ਆਉਣ ਜੋ ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਚੁੱਕ ਲਿਆਇਆ ਸੀ। ਬੇਲਸ਼ੱਸਰ ਤੇ ਉਸ ਦੇ ਪਰਾਹੁਣਿਆਂ ਨੇ ਉਨ੍ਹਾਂ ਭਾਂਡਿਆਂ ਵਿਚ ਸ਼ਰਾਬ ਪੀਤੀ ਤੇ ਆਪਣੇ ਦੇਵਤਿਆਂ ਦੀ ਵਡਿਆਈ ਕੀਤੀ। ਅਚਾਨਕ ਇਕ ਆਦਮੀ ਦਾ ਹੱਥ ਪ੍ਰਗਟ ਹੋਇਆ ਤੇ ਉਸ ਨੇ ਕੰਧ ’ਤੇ ਅਜੀਬ ਜਿਹੇ ਸ਼ਬਦ ਲਿਖਣੇ ਸ਼ੁਰੂ ਕਰ ਦਿੱਤੇ।

ਬੇਲਸ਼ੱਸਰ ਬਹੁਤ ਜ਼ਿਆਦਾ ਡਰ ਗਿਆ। ਉਸ ਨੇ ਆਪਣੇ ਸਾਰੇ ਜਾਦੂਗਰਾਂ ਨੂੰ ਬੁਲਾਇਆ ਅਤੇ ਉਨ੍ਹਾਂ ਨਾਲ ਵਾਅਦਾ ਕੀਤਾ: ‘ਜੇ ਕੋਈ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝਾਵੇਗਾ, ਤਾਂ ਮੈਂ ਉਸ ਨੂੰ ਬਾਬਲ ਵਿਚ ਤੀਜੇ ਦਰਜੇ ਦਾ ਹਾਕਮ ਬਣਾਵਾਂਗਾ।’ ਉਨ੍ਹਾਂ ਨੇ ਕੋਸ਼ਿਸ਼ ਕੀਤੀ, ਪਰ ਕੋਈ ਵੀ ਮਤਲਬ ਨਾ ਸਮਝਾ ਸਕਿਆ। ਫਿਰ ਰਾਣੀ ਅੰਦਰ ਆਈ ਤੇ ਉਸ ਨੇ ਕਿਹਾ: ‘ਇੱਥੇ ਦਾਨੀਏਲ ਨਾਂ ਦਾ ਇਕ ਆਦਮੀ ਹੈ ਜੋ ਨਬੂਕਦਨੱਸਰ ਨੂੰ ਉਸ ਦੇ ਸੁਪਨਿਆਂ ਦੇ ਮਤਲਬ ਦੱਸਦਾ ਸੀ। ਉਹ ਤੈਨੂੰ ਇਨ੍ਹਾਂ ਸ਼ਬਦਾਂ ਦਾ ਮਤਲਬ ਸਮਝਾ ਸਕਦਾ ਹੈ।’

ਦਾਨੀਏਲ ਨੂੰ ਰਾਜੇ ਕੋਲ ਲਿਆਂਦਾ ਗਿਆ। ਬੇਲਸ਼ੱਸਰ ਨੇ ਉਸ ਨੂੰ ਕਿਹਾ: ‘ਜੇ ਤੂੰ ਇਹ ਸ਼ਬਦ ਪੜ੍ਹ ਕੇ ਇਨ੍ਹਾਂ ਦਾ ਮਤਲਬ ਸਮਝਾਵੇ, ਤਾਂ ਮੈਂ ਤੈਨੂੰ ਇਕ ਸੋਨੇ ਦਾ ਹਾਰ ਦੇਵਾਂਗਾ ਤੇ ਤੈਨੂੰ ਬਾਬਲ ਵਿਚ ਤੀਜੇ ਦਰਜੇ ਦਾ ਸਭ ਤੋਂ ਸ਼ਕਤੀਸ਼ਾਲੀ ਹਾਕਮ ਬਣਾਵਾਂਗਾ।’ ਦਾਨੀਏਲ ਨੇ ਕਿਹਾ: ‘ਮੈਨੂੰ ਤੇਰੀਆਂ ਚੀਜ਼ਾਂ ਨਹੀਂ ਚਾਹੀਦੀਆਂ, ਪਰ ਮੈਂ ਤੈਨੂੰ ਇਨ੍ਹਾਂ ਸ਼ਬਦਾਂ ਦਾ ਮਤਲਬ ਦੱਸਾਂਗਾ। ਤੇਰਾ ਪਿਤਾ ਨਬੂਕਦਨੱਸਰ ਘਮੰਡੀ ਸੀ ਅਤੇ ਯਹੋਵਾਹ ਨੇ ਉਸ ਨੂੰ ਨੀਵਾਂ ਕੀਤਾ। ਉਸ ਨਾਲ ਜੋ ਹੋਇਆ, ਤੂੰ ਸਭ ਜਾਣਦਾ ਹੈਂ। ਪਰ ਤੂੰ ਯਹੋਵਾਹ ਦੇ ਮੰਦਰ ਵਿੱਚੋਂ ਲਿਆਂਦੇ ਸੋਨੇ ਦੇ ਭਾਂਡਿਆਂ ਵਿਚ ਸ਼ਰਾਬ ਪੀ ਕੇ ਉਸ ਦਾ ਅਪਮਾਨ ਕੀਤਾ ਹੈ। ਇਸ ਲਈ ਪਰਮੇਸ਼ੁਰ ਨੇ ਇਹ ਸ਼ਬਦ ਲਿਖੇ ਹਨ: ਮਨੇ ਮਨੇ ਤਕੇਲ ਊਫਰਸੀਨ। ਇਨ੍ਹਾਂ ਸ਼ਬਦਾਂ ਦਾ ਮਤਲਬ ਹੈ ਕਿ ਮਾਦੀ-ਫ਼ਾਰਸੀ ਬਾਬਲ ਨੂੰ ਜਿੱਤ ਲੈਣਗੇ ਅਤੇ ਤੂੰ ਰਾਜਾ ਨਹੀਂ ਰਹੇਂਗਾ।’

ਲੱਗਦਾ ਸੀ ਕਿ ਕੋਈ ਵੀ ਬਾਬਲ ਨੂੰ ਜਿੱਤ ਨਹੀਂ ਸਕਦਾ। ਸ਼ਹਿਰ ਦੇ ਆਲੇ-ਦੁਆਲੇ ਚੌੜੀਆਂ ਕੰਧਾਂ ਅਤੇ ਇਕ ਡੂੰਘੀ ਨਦੀ ਸੀ। ਪਰ ਦਾਅਵਤ ਵਾਲੀ ਰਾਤ ਮਾਦੀਆਂ ਤੇ ਫ਼ਾਰਸੀਆਂ ਨੇ ਬਾਬਲ ’ਤੇ ਹਮਲਾ ਕਰ ਦਿੱਤਾ। ਫ਼ਾਰਸੀ ਰਾਜੇ  ਖੋਰੁਸ ਨੇ ਨਦੀ ਦਾ ਪਾਣੀ ਦੂਜੇ ਪਾਸੇ ਮੋੜ ਦਿੱਤਾ ਤਾਂਕਿ ਉਸ ਦੇ ਫ਼ੌਜੀ ਸ਼ਹਿਰ ਦੇ ਫਾਟਕਾਂ ਤਕ ਪਹੁੰਚ ਸਕਣ। ਜਦੋਂ ਉਹ ਉੱਥੇ ਪਹੁੰਚੇ, ਤਾਂ ਫਾਟਕ ਖੁੱਲ੍ਹੇ ਹੀ ਸਨ। ਫ਼ੌਜੀ ਅੰਦਰ ਵੜ ਗਏ, ਉਨ੍ਹਾਂ ਨੇ ਸ਼ਹਿਰ ਨੂੰ ਜਿੱਤ ਲਿਆ ਤੇ ਰਾਜੇ ਨੂੰ ਮਾਰ ਸੁੱਟਿਆ। ਫਿਰ ਖੋਰੁਸ ਰਾਜਾ ਬਣ ਗਿਆ।

ਸਾਲ ਦੇ ਅੰਦਰ-ਅੰਦਰ ਰਾਜੇ ਨੇ ਕਿਹਾ: ‘ਯਹੋਵਾਹ ਨੇ ਮੈਨੂੰ ਯਰੂਸ਼ਲਮ ਵਿਚ ਉਸ ਦਾ ਮੰਦਰ ਦੁਬਾਰਾ ਬਣਾਉਣ ਲਈ ਕਿਹਾ ਹੈ। ਪਰਮੇਸ਼ੁਰ ਦੇ ਜਿਹੜੇ ਲੋਕ ਇਸ ਕੰਮ ਵਿਚ ਮਦਦ ਕਰਨੀ ਚਾਹੁੰਦੇ ਹਨ, ਉਹ ਜਾ ਸਕਦੇ ਹਨ।’ ਸੋ ਯਹੋਵਾਹ ਦੇ ਵਾਅਦੇ ਮੁਤਾਬਕ ਬਹੁਤ ਸਾਰੇ ਯਹੂਦੀ ਯਰੂਸ਼ਲਮ ਦੇ ਨਾਸ਼ ਤੋਂ 70 ਸਾਲਾਂ ਬਾਅਦ ਵਾਪਸ ਮੁੜ ਆਏ। ਖੋਰੁਸ ਨੇ ਸੋਨੇ ਤੇ ਚਾਂਦੀ ਦੇ ਸਾਰੇ ਭਾਂਡੇ ਵਾਪਸ ਕਰ ਦਿੱਤੇ ਜੋ ਨਬੂਕਦਨੱਸਰ ਮੰਦਰ ਵਿੱਚੋਂ ਚੁੱਕ ਲਿਆਇਆ ਸੀ। ਕੀ ਤੁਸੀਂ ਦੇਖ ਸਕਦੇ ਹੋ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਚਾਉਣ ਲਈ ਖੋਰੁਸ ਨੂੰ ਕਿਵੇਂ ਵਰਤਿਆ?

“ਮਹਾਂ ਬਾਬਲ ਢਹਿ-ਢੇਰੀ ਹੋ ਗਿਆ ਹੈ! ਇਹ ਸ਼ਹਿਰ ਦੁਸ਼ਟ ਦੂਤਾਂ ਦਾ ਠਿਕਾਣਾ ਬਣ ਗਿਆ ਹੈ।”​—ਪ੍ਰਕਾਸ਼ ਦੀ ਕਿਤਾਬ 18:2