Skip to content

Skip to secondary menu

Skip to table of contents

ਯਹੋਵਾਹ ਦੇ ਗਵਾਹ

ਪੰਜਾਬੀ

ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖੋ

 ਗਿਆਰਵਾਂ ਅਧਿਆਇ

“ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ”

“ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ”

“ਤੂੰ ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ।”​—ਕਹਾਉਤਾਂ 5:18.

1, 2. ਅਸੀਂ ਇਸ ਅਧਿਆਇ ਵਿਚ ਕਿਸ ਗੱਲ ਉੱਤੇ ਚਰਚਾ ਕਰਾਂਗੇ ਅਤੇ ਕਿਉਂ?

ਕੀ ਤੁਹਾਡਾ ਵਿਆਹ ਹੋ ਚੁੱਕਾ ਹੈ? ਜੇ ਹਾਂ, ਤਾਂ ਕੀ ਤੁਹਾਡੇ ਦੋਵਾਂ ਦੇ ਰਿਸ਼ਤੇ ਵਿਚ ਮਿਠਾਸ ਹੈ ਜਾਂ ਕੁੜੱਤਣ? ਕੀ ਤੁਸੀਂ ਇਕ-ਦੂਜੇ ਦੇ ਕਰੀਬ ਹੋ ਜਾਂ ਤੁਹਾਡੇ ਵਿਚ ਦੂਰੀਆਂ ਪੈ ਗਈਆਂ ਹਨ? ਸ਼ਾਇਦ ਤੁਸੀਂ ਦੋਵੇਂ ਇੱਕੋ ਛੱਤ ਹੇਠ ਰਹਿ ਰਹੇ ਹੋ, ਪਰ ਇਕ-ਦੂਜੇ ਨੂੰ ਦੇਖਣਾ ਵੀ ਪਸੰਦ ਨਹੀਂ ਕਰਦੇ। ਹੋ ਸਕਦਾ ਹੈ ਤੁਹਾਡਾ ਪਿਆਰ ਠੰਢਾ ਪੈ ਗਿਆ ਹੈ। ਪਰ ਮਸੀਹੀ ਹੋਣ ਦੇ ਨਾਤੇ, ਤੁਸੀਂ ਜ਼ਰੂਰ ਚਾਹੁੰਦੇ ਹੋਣੇ ਕਿ ਤੁਹਾਡੀ ਵਿਆਹੁਤਾ ਜ਼ਿੰਦਗੀ ਤੋਂ ਯਹੋਵਾਹ ਪਰਮੇਸ਼ੁਰ ਦੀ ਮਹਿਮਾ ਹੋਵੇ। ਇਸ ਲਈ ਤੁਸੀਂ ਸ਼ਾਇਦ ਆਪਣੀਆਂ ਘਰੇਲੂ ਪਰੇਸ਼ਾਨੀਆਂ ਕਰਕੇ ਦੁਖੀ ਹੋਵੋ। ਪਰ ਹੌਸਲਾ ਨਾ ਹਾਰੋ।

2 ਅੱਜ ਮੰਡਲੀਆਂ ਵਿਚ ਅਜਿਹੇ ਕਈ ਸੁਖੀ ਜੋੜੇ ਹਨ ਜਿਹੜੇ ਪਹਿਲਾਂ ਇਕੱਠੇ ਤਾਂ ਰਹਿੰਦੇ ਸਨ, ਪਰ ਉਨ੍ਹਾਂ ਦੇ ਦਿਲਾਂ ਵਿਚ ਕੋਈ ਸਾਂਝ ਨਹੀਂ ਸੀ। ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦਾ ਤਰੀਕਾ ਲੱਭਿਆ। ਤੁਸੀਂ ਵੀ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖ਼ੁਸ਼ੀ ਪਾ ਸਕਦੇ ਹੋ। ਕਿਵੇਂ?

ਪਰਮੇਸ਼ੁਰ ਅਤੇ ਆਪਣੇ ਜੀਵਨ ਸਾਥੀ ਨਾਲ ਨੇੜਤਾ ਰੱਖੋ

3, 4. ਜੇ ਪਤੀ-ਪਤਨੀ ਪਰਮੇਸ਼ੁਰ ਦੇ ਨੇੜੇ ਜਾਣਗੇ, ਤਾਂ ਉਨ੍ਹਾਂ ਦੋਵਾਂ ਵਿਚਕਾਰ ਦੂਰੀਆਂ ਕਿਵੇਂ ਮਿੱਟਣਗੀਆਂ? ਮਿਸਾਲ ਦੇ ਕੇ ਸਮਝਾਓ।

3 ਇਕ-ਦੂਜੇ ਦੇ ਨੇੜੇ ਆਉਣ ਲਈ ਤੁਹਾਨੂੰ ਦੋਵਾਂ ਨੂੰ ਪਰਮੇਸ਼ੁਰ ਦੇ ਨੇੜੇ ਆਉਣ ਦੀ ਵੀ ਲੋੜ ਹੈ। ਕਿਉਂ? ਇਕ ਮਿਸਾਲ ਉੱਤੇ ਗੌਰ ਕਰੋ: ਮੰਨ ਲਓ ਕਿ ਇਕ ਵੱਡਾ ਪਹਾੜ ਹੈ ਜੋ ਥੱਲਿਓਂ ਕਾਫ਼ੀ ਚੌੜਾ ਹੈ ਅਤੇ ਸਿਰੇ ਤੇ ਜਾ ਕੇ ਇਸ ਦੀ ਚੌੜਾਈ ਬਿਲਕੁਲ ਥੋੜ੍ਹੀ ਰਹਿ ਜਾਂਦੀ ਹੈ। ਪਹਾੜ ਦੇ ਇਕ ਪਾਸੇ ਬੰਦਾ ਖੜ੍ਹਾ ਹੈ ਅਤੇ ਦੂਜੇ ਪਾਸੇ ਉਸ ਦੀ ਘਰਵਾਲੀ। ਥੱਲੇ ਖੜ੍ਹੇ ਹੋਣ ਕਰਕੇ ਉਨ੍ਹਾਂ ਵਿਚ  ਬਹੁਤ ਦੂਰੀ ਹੈ। ਫਿਰ ਉਹ ਦੋਵੇਂ ਪਹਾੜ ਤੇ ਚੜ੍ਹਨਾ ਸ਼ੁਰੂ ਕਰਦੇ ਹਨ। ਜਿੱਦਾਂ-ਜਿੱਦਾਂ ਉਹ ਦੋਵੇਂ ਪਹਾੜ ਤੇ ਚੜ੍ਹਦੇ ਜਾਂਦੇ ਹਨ, ਉਨ੍ਹਾਂ ਵਿਚਲੀ ਦੂਰੀ ਘੱਟਦੀ ਜਾਂਦੀ ਹੈ। ਜਦੋਂ ਉਹ ਸਿਰੇ ਤੇ ਪਹੁੰਚ ਜਾਣਗੇ, ਤਾਂ ਉਨ੍ਹਾਂ ਵਿਚ ਦੂਰੀ ਨਹੀਂ ਰਹੇਗੀ। ਕੀ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਇਸ ਮਿਸਾਲ ਤੋਂ ਕੀ ਸਿੱਖ ਸਕਦੇ ਹੋ?

4 ਤੁਸੀਂ ਯਹੋਵਾਹ ਦੀ ਸੇਵਾ ਕਰਨ ਲਈ ਜੋ ਮਿਹਨਤ ਕਰ ਰਹੇ ਹੋ, ਉਸ ਦੀ ਤੁਲਨਾ ਪਹਾੜ ਤੇ ਚੜ੍ਹਨ ਨਾਲ ਕੀਤੀ ਜਾ ਸਕਦੀ ਹੈ। ਤੁਸੀਂ ਦੋਵੇਂ ਯਹੋਵਾਹ ਨੂੰ ਪਿਆਰ ਕਰਦੇ ਹੋ, ਪਰ ਤੁਹਾਡੇ ਵਿਚ ਦੂਰੀਆਂ ਪੈ ਗਈਆਂ ਹਨ। ਸ਼ਾਇਦ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਪਹਾੜ ਦੇ ਵੱਖ-ਵੱਖ ਪਾਸਿਆਂ ਤੇ ਖੜ੍ਹੇ ਹੋ। ਜਿੱਦਾਂ-ਜਿੱਦਾਂ ਤੁਸੀਂ ਪਹਾੜ ਤੇ ਚੜ੍ਹਦੇ ਜਾਓਗੇ ਯਾਨੀ ਤੁਸੀਂ ਯਹੋਵਾਹ ਦੀ ਸੇਵਾ ਕਰਨ ਲਈ ਜਿੰਨੀ ਜ਼ਿਆਦਾ ਮਿਹਨਤ ਕਰੋਗੇ, ਉੱਨਾ ਹੀ ਤੁਸੀਂ ਯਹੋਵਾਹ ਦੇ ਨੇੜੇ ਜਾਓਗੇ। ਇਸ ਨਾਲ ਤੁਹਾਡੇ ਆਪਸ ਵਿਚ ਵੀ ਦੂਰੀਆਂ ਘੱਟਣਗੀਆਂ। ਸੋ ਇਕ-ਦੂਜੇ ਦੇ  ਨੇੜੇ ਆਉਣ ਲਈ ਯਹੋਵਾਹ ਦੇ ਨੇੜੇ ਆਉਣਾ ਬੇਹੱਦ ਜ਼ਰੂਰੀ ਹੈ। ਤੁਸੀਂ ਇਹ ਕਿਵੇਂ ਕਰ ਸਕਦੇ ਹੋ?

ਬਾਈਬਲ ਦਾ ਗਿਆਨ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰ ਸਕਦਾ ਹੈ, ਬਸ਼ਰਤੇ ਕਿ ਇਸ ਗਿਆਨ ਮੁਤਾਬਕ ਚੱਲਿਆ ਜਾਵੇ

5. (ੳ) ਯਹੋਵਾਹ ਅਤੇ ਆਪਣੇ ਜੀਵਨ ਸਾਥੀ ਦੇ ਨੇੜੇ ਆਉਣ ਦਾ ਇਕ ਤਰੀਕਾ ਕੀ ਹੈ? (ਅ) ਯਹੋਵਾਹ ਦਾ ਪਤੀ-ਪਤਨੀ ਦੇ ਰਿਸ਼ਤੇ ਬਾਰੇ ਕੀ ਨਜ਼ਰੀਆ ਹੈ?

5 ਯਹੋਵਾਹ ਦੇ ਅਤੇ ਇਕ-ਦੂਜੇ ਦੇ ਨੇੜੇ ਆਉਣ ਲਈ ਪਤੀ-ਪਤਨੀ ਨੂੰ ਉਸ ਦੇ ਬਚਨ ਵਿਚ ਵਿਆਹੁਤਾ ਜ਼ਿੰਦਗੀ ਬਾਰੇ ਦਿੱਤੀ ਸਲਾਹ ਉੱਤੇ ਚੱਲਣ ਦੀ ਲੋੜ ਹੈ। (ਜ਼ਬੂਰਾਂ ਦੀ ਪੋਥੀ 25:4; ਯਸਾਯਾਹ 48:17, 18) ਇਸ ਬਾਰੇ ਪੌਲੁਸ ਨੇ ਇਕ ਖ਼ਾਸ ਸਲਾਹ ਦਿੱਤੀ ਸੀ। ਉਸ ਨੇ ਕਿਹਾ ਸੀ: “ਸਾਰੇ ਜਣੇ ਵਿਆਹ ਨੂੰ ਆਦਰਯੋਗ ਸਮਝਣ।” (ਇਬਰਾਨੀਆਂ 13:4) ਇਸ ਦਾ ਕੀ ਮਤਲਬ ਹੈ? ਇੱਥੇ ਸ਼ਬਦ “ਆਦਰਯੋਗ” ਦਾ ਮਤਲਬ ਹੈ ਕੀਮਤੀ ਜਾਂ ਅਨਮੋਲ। ਯਾਦ ਰੱਖੋ ਕਿ ਯਹੋਵਾਹ ਪਤੀ-ਪਤਨੀ ਦੇ ਰਿਸ਼ਤੇ ਨੂੰ ਅਨਮੋਲ ਸਮਝਦਾ ਹੈ।

ਯਹੋਵਾਹ ਲਈ ਦਿਲੋਂ ਪਿਆਰ

6. ਇਬਰਾਨੀਆਂ 13:1-5 ਤੋਂ ਕੀ ਪਤਾ ਲੱਗਦਾ ਹੈ ਅਤੇ ਪਤੀ-ਪਤਨੀ ਨੂੰ ਪੌਲੁਸ ਦੀ ਗੱਲ ਕਿਉਂ ਧਿਆਨ ਵਿਚ ਰੱਖਣੀ ਚਾਹੀਦੀ ਹੈ?

6 ਵਿਆਹ ਦੀ ਰੀਤ ਯਹੋਵਾਹ ਨੇ ਚਲਾਈ ਸੀ। (ਮੱਤੀ 19:4-6 ਪੜ੍ਹੋ।) ਉਸ ਦੇ ਸੇਵਕ ਹੋਣ ਦੇ ਨਾਤੇ ਤੁਸੀਂ ਦੋਵੇਂ ਜਾਣਦੇ ਹੋ ਕਿ ਤੁਹਾਡਾ ਦੋਵਾਂ ਦਾ ਰਿਸ਼ਤਾ ਅਨਮੋਲ ਹੈ, ਇੱਥੋਂ ਤਕ ਕਿ ਪਵਿੱਤਰ ਹੈ। ਪਰ ਜੇ ਇਸ ਵੇਲੇ ਤੁਹਾਡੀ ਦੋਵਾਂ ਦੀ ਨਹੀਂ ਬਣਦੀ, ਤਾਂ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਇਹ ਜਾਣਨਾ ਹੀ ਕਾਫ਼ੀ ਨਹੀਂ ਕਿ ਵਿਆਹੁਤਾ ਰਿਸ਼ਤਾ ਪਵਿੱਤਰ ਹੈ। ਤਾਂ ਫਿਰ ਕਿਹੜੀ ਗੱਲ ਤੁਹਾਨੂੰ ਆਪਣੇ ਰਿਸ਼ਤੇ ਨੂੰ ਸੁਧਾਰਨ ਲਈ ਪ੍ਰੇਰੇਗੀ? ਇਬਰਾਨੀਆਂ 13:1-5 ਵਿਚ ਪੌਲੁਸ ਨੇ ਮਸੀਹੀਆਂ ਨੂੰ ਕਈ ਮਾਮਲਿਆਂ ਬਾਰੇ ਕੁਝ ਕਰਨ ਦੀ ਪ੍ਰੇਰਣਾ ਦਿੱਤੀ ਸੀ। ਧਿਆਨ ਦਿਓ ਕਿ ਉਸ ਨੇ ਵਿਆਹ ਬਾਰੇ ਕੀ ਕਿਹਾ ਸੀ। ਉਸ ਨੇ ਇਹ ਨਹੀਂ ਕਿਹਾ ਸੀ, ‘ਵਿਆਹ ਕਰਨਾ ਆਦਰਯੋਗ ਹੈ।’ ਪਰ ਉਸ ਨੇ ਕਿਹਾ ਸੀ, ‘ਵਿਆਹ ਕਰਨਾ ਆਦਰਯੋਗ ਸਮਝਿਆ ਜਾਵੇ।’ ਜੀ ਹਾਂ, ਪੌਲੁਸ ਇੱਥੇ ਪਤੀ-ਪਤਨੀ ਨੂੰ ਆਪਣੇ ਰਿਸ਼ਤੇ ਨੂੰ ਆਦਰਯੋਗ ਬਣਾਈ ਰੱਖਣ ਲਈ ਕੁਝ ਕਰਨ ਵਾਸਤੇ ਕਹਿ ਰਿਹਾ ਸੀ। ਉਸ ਦੀ ਇਸ ਗੱਲ ਨੂੰ ਧਿਆਨ ਵਿਚ ਰੱਖਣ ਨਾਲ ਹੀ ਤੁਸੀਂ ਆਪਣੇ ਸਾਥੀ ਲਈ ਦਿਲ ਵਿਚ ਦੁਬਾਰਾ ਆਦਰ ਪੈਦਾ ਕਰ ਸਕੋਗੇ। ਇਹ ਗੱਲ ਕਿਸ ਤਰ੍ਹਾਂ ਤੁਹਾਡੀ ਮਦਦ ਕਰੇਗੀ?

7. (ੳ) ਅਸੀਂ ਬਾਈਬਲ ਦੇ ਕਿਹੜੇ ਹੁਕਮ ਮੰਨਦੇ ਹਾਂ ਅਤੇ ਕਿਉਂ? (ਅ) ਇਹ ਹੁਕਮ ਮੰਨਣ ਦੇ ਕੀ ਫ਼ਾਇਦੇ ਹੁੰਦੇ ਹਨ?

 7 ਜ਼ਰਾ ਬਾਈਬਲ ਦੇ ਹੋਰ ਹੁਕਮਾਂ ਉੱਤੇ ਗੌਰ ਕਰੋ ਜਿਵੇਂ ਕਿ ਚੇਲੇ ਬਣਾਉਣ ਜਾਂ ਭਗਤੀ ਲਈ ਇਕੱਠੇ ਹੋਣ ਦਾ ਹੁਕਮ। (ਮੱਤੀ 28:19; ਇਬਰਾਨੀਆਂ 10:24, 25) ਇਨ੍ਹਾਂ ਹੁਕਮਾਂ ਨੂੰ ਪੂਰਾ ਕਰਨਾ ਕਈ ਵਾਰੀ ਮੁਸ਼ਕਲ ਲੱਗਦਾ ਹੈ। ਲੋਕ ਪ੍ਰਚਾਰ ਵਿਚ ਸ਼ਾਇਦ ਤੁਹਾਡੀ ਗੱਲ ਨਾ ਸੁਣਨ ਜਾਂ ਤੁਸੀਂ ਕੰਮ ’ਤੇ ਇੰਨੇ ਥੱਕ ਜਾਂਦੇ ਹੋ ਕਿ ਤੁਹਾਡਾ ਮੀਟਿੰਗ ਵਿਚ ਜਾਣ ਨੂੰ ਮਨ ਨਾ ਕਰੇ। ਫਿਰ ਵੀ ਤੁਸੀਂ ਰਾਜ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਅਤੇ ਮੀਟਿੰਗਾਂ ਵਿਚ ਹਾਜ਼ਰ ਹੁੰਦੇ ਹੋ। ਕੋਈ ਵੀ, ਇੱਥੋਂ ਤਕ ਕਿ ਸ਼ੈਤਾਨ ਵੀ ਤੁਹਾਨੂੰ ਰੋਕ ਨਹੀਂ ਸਕਦਾ। ਕਿਉਂ ਨਹੀਂ? ਕਿਉਂਕਿ ਤੁਸੀਂ ਯਹੋਵਾਹ ਨਾਲ ਬਹੁਤ ਪਿਆਰ ਕਰਦੇ ਹੋ, ਇਸ ਕਰਕੇ ਉਸ ਦੇ ਹੁਕਮ ਮੰਨਦੇ ਹੋ। (1 ਯੂਹੰਨਾ 5:3) ਇਹ ਹੁਕਮ ਮੰਨਣ ਦੇ ਤੁਹਾਨੂੰ ਕੀ ਫ਼ਾਇਦੇ ਹੁੰਦੇ ਹਨ? ਪ੍ਰਚਾਰ ਕਰ ਕੇ ਅਤੇ ਮੀਟਿੰਗਾਂ ਵਿਚ ਜਾ ਕੇ ਤੁਹਾਨੂੰ ਮਨ ਦੀ ਸ਼ਾਂਤੀ ਅਤੇ ਖ਼ੁਸ਼ੀ ਮਿਲਦੀ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰ ਰਹੇ ਹੋ। ਇਸ ਤੋਂ ਤੁਹਾਨੂੰ ਇਨ੍ਹਾਂ ਹੁਕਮਾਂ ਨੂੰ ਮੰਨਣ ਦੀ ਨਵੇਂ ਸਿਰਿਓਂ ਤਾਕਤ ਮਿਲਦੀ ਹੈ। (ਨਹਮਯਾਹ 8:10) ਇਨ੍ਹਾਂ ਗੱਲਾਂ ਤੋਂ ਤੁਸੀਂ ਕੀ ਸਬਕ ਸਿੱਖਦੇ ਹੋ?

8, 9. (ੳ) ਵਿਆਹੁਤਾ ਰਿਸ਼ਤੇ ਦਾ ਆਦਰ ਕਰਨ ਲਈ ਕਿਹੜੀ ਗੱਲ ਸਾਨੂੰ ਪ੍ਰੇਰਦੀ ਹੈ ਅਤੇ ਕਿਉਂ? (ਅ) ਹੁਣ ਅਸੀਂ ਕਿਹੜੀਆਂ ਦੋ ਗੱਲਾਂ ’ਤੇ ਚਰਚਾ ਕਰਾਂਗੇ?

8 ਜਿਵੇਂ ਤੁਸੀਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਮੁਸ਼ਕਲਾਂ ਦੇ ਬਾਵਜੂਦ ਇਨ੍ਹਾਂ ਹੁਕਮਾਂ ਨੂੰ ਮੰਨਦੇ ਹੋ, ਉਸੇ ਤਰ੍ਹਾਂ ਯਹੋਵਾਹ ਨਾਲ ਪਿਆਰ ਹੋਣ ਕਰਕੇ ਤੁਸੀਂ ਸਮੱਸਿਆਵਾਂ ਦੇ ਬਾਵਜੂਦ “ਵਿਆਹ ਨੂੰ ਆਦਰਯੋਗ ਗਿਣਨ” ਦੇ ਹੁਕਮ ਨੂੰ ਮੰਨੋਗੇ। (ਇਬਰਾਨੀਆਂ 13:4; ਜ਼ਬੂਰਾਂ ਦੀ ਪੋਥੀ 18:29; ਉਪਦੇਸ਼ਕ ਦੀ ਪੋਥੀ 5:4) ਇਸ ਤੋਂ ਇਲਾਵਾ, ਜਿਸ ਤਰ੍ਹਾਂ ਪ੍ਰਚਾਰ ਕਰਨ ਅਤੇ ਮੀਟਿੰਗਾਂ ਵਿਚ ਜਾਣ ਨਾਲ ਤੁਹਾਨੂੰ ਪਰਮੇਸ਼ੁਰ ਤੋਂ ਬਹੁਤ ਸਾਰੀਆਂ ਬਰਕਤਾਂ ਮਿਲਦੀਆਂ ਹਨ, ਉਸੇ ਤਰ੍ਹਾਂ ਆਪਣੇ ਵਿਆਹੁਤਾ ਰਿਸ਼ਤੇ ਦਾ ਆਦਰ ਕਰਨ ਨਾਲ ਤੁਹਾਨੂੰ ਯਹੋਵਾਹ ਤੋਂ ਬਰਕਤਾਂ ਮਿਲਣਗੀਆਂ।​—1 ਥੱਸਲੁਨੀਕੀਆਂ 1:3; ਇਬਰਾਨੀਆਂ 6:10.

9 ਤੁਸੀਂ ਆਪਣੇ ਵਿਆਹੁਤਾ ਰਿਸ਼ਤੇ ਨੂੰ ਆਦਰਯੋਗ ਕਿਵੇਂ ਬਣਾ ਸਕਦੇ ਹੋ? ਤੁਹਾਨੂੰ ਅਜਿਹਾ ਰਵੱਈਆ ਛੱਡਣਾ ਪਵੇਗਾ ਜਿਸ ਕਰਕੇ ਇਹ ਰਿਸ਼ਤਾ ਖ਼ਰਾਬ ਹੋ ਸਕਦਾ ਹੈ। ਇਸ ਤੋਂ ਇਲਾਵਾ, ਤੁਹਾਨੂੰ ਆਪਣੇ ਰਿਸ਼ਤੇ ਨੂੰ ਮਜ਼ਬੂਤ  ਕਰਨ ਲਈ ਕੁਝ ਕਰਨ ਦੀ ਲੋੜ ਹੈ। ਆਓ ਆਪਾਂ ਇਨ੍ਹਾਂ ਦੋ ਗੱਲਾਂ ’ਤੇ ਚਰਚਾ ਕਰੀਏ।

ਜੀਵਨ ਸਾਥੀ ਦਾ ਨਿਰਾਦਰ ਕਰਨ ਵਾਲੀ ਬੋਲੀ ਅਤੇ ਚਾਲ-ਚਲਣ ਤੋਂ ਦੂਰ ਰਹੋ

10, 11. (ੳ) ਕਿਹੋ ਜਿਹੀ ਬੋਲੀ ਜੀਵਨ ਸਾਥੀ ਦਾ ਨਿਰਾਦਰ ਕਰਦੀ ਹੈ? (ਅ) ਸਾਨੂੰ ਆਪਣੇ ਜੀਵਨ ਸਾਥੀ ਤੋਂ ਕਿਹੜਾ ਸਵਾਲ ਪੁੱਛਣਾ ਚਾਹੀਦਾ ਹੈ?

10 ਕੁਝ ਸਮਾਂ ਪਹਿਲਾਂ ਇਕ ਮਸੀਹੀ ਪਤਨੀ ਨੇ ਆਪਣਾ ਦਰਦ ਵੰਡਦੇ ਹੋਏ ਦੱਸਿਆ ਸੀ: “ਮੈਨੂੰ ਆਪਣੇ ਪਤੀ ਤੋਂ ਕੀ-ਕੀ ਨਹੀਂ ਸੁਣਨਾ ਪੈਂਦਾ। ਕਦੀ ਉਹ ਮੈਨੂੰ ਕਹਿੰਦਾ ਹੈ ਕਿ ਮੈਂ ਉਸ ਲਈ ਬੋਝ ਹਾਂ ਤੇ ਕਦੀ ਕਹਿੰਦਾ ਹੈ ਕਿ ਮੈਂ ਨਿਕੰਮੀ ਹਾਂ। ਉਸ ਦੀਆਂ ਚੁਭਵੀਆਂ ਗੱਲਾਂ ਨਾਲ ਮੇਰਾ ਮਨ ਪੱਛਿਆ ਜਾਂਦਾ ਹੈ। ਮੇਰੇ ਮਨ ਦੇ ਜ਼ਖ਼ਮਾਂ ਵਿੱਚੋਂ ਰਿਸਦਾ ਲਹੂ ਕਿਸੇ ਨੂੰ ਦਿਖਾਈ ਨਹੀਂ ਦਿੰਦਾ। ਇਸ ਲਈ ਮੈਂ ਯਹੋਵਾਹ ਨੂੰ ਫ਼ਰਿਆਦ ਕਰਦੀ ਹਾਂ ਕਿ ਉਹ ਮੈਨੂੰ ਸਹਿਣ ਦੀ ਸ਼ਕਤੀ ਬਖ਼ਸ਼ੇ।” ਇਸ ਪਤਨੀ ਦੇ ਤਜਰਬੇ ਤੋਂ ਪਤਾ ਲੱਗਦਾ ਹੈ ਕਿ ਗੱਲ ਕਰਨ ਦੇ ਅੰਦਾਜ਼ ਦਾ ਵਿਆਹੁਤਾ ਰਿਸ਼ਤੇ ਉੱਤੇ ਕਿੰਨਾ ਅਸਰ ਪੈਂਦਾ ਹੈ!

11 ਕਿੰਨੇ ਦੁੱਖ ਦੀ ਗੱਲ ਹੈ ਕਿ ਯਹੋਵਾਹ ਦੀ ਸੇਵਾ ਕਰਨ ਵਾਲੇ ਜੋੜੇ ਚੁਭਵੀਆਂ ਗੱਲਾਂ ਕਹਿ ਕੇ ਇਕ-ਦੂਜੇ ਦਾ ਮਨ ਜ਼ਖ਼ਮੀ ਕਰਦੇ ਹਨ। ਮਨ ਦੇ ਜ਼ਖ਼ਮ ਛੇਤੀ ਕੀਤੇ ਭਰਦੇ ਨਹੀਂ! ਇਹ ਗੱਲ ਸਾਫ਼ ਹੈ ਕਿ ਅਜਿਹੀ ਬੋਲੀ ਨਾਲ ਜੀਵਨ ਸਾਥੀ ਦਾ ਆਦਰ ਨਹੀਂ ਹੁੰਦਾ। ਕੀ ਤੁਹਾਡੇ ਦੋਵਾਂ ਵਿਚ ਤਾਂ ਇਸ ਤਰ੍ਹਾਂ ਨਹੀਂ ਹੁੰਦਾ? ਇਹ ਜਾਣਨ ਲਈ ਆਪਣੇ ਜੀਵਨ ਸਾਥੀ ਨੂੰ ਨਿਮਰਤਾ ਨਾਲ ਪੁੱਛੋ, “ਮੇਰੀਆਂ ਗੱਲਾਂ ਕਰਕੇ ਤੁਹਾਨੂੰ ਦੁੱਖ ਤਾਂ ਨਹੀਂ ਹੁੰਦਾ?” ਜੇ ਤੁਹਾਡਾ ਸਾਥੀ ਕਹਿੰਦਾ ਹੈ ਕਿ ਤੁਹਾਡੀਆਂ ਗੱਲਾਂ ਕਰਕੇ ਰੋਜ਼ ਉਸ ਦਾ ਮਨ ਦੁਖੀ ਹੁੰਦਾ ਹੈ, ਤਾਂ ਤੁਹਾਨੂੰ ਤੁਰੰਤ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ।​—ਗਲਾਤੀਆਂ 5:15; ਅਫ਼ਸੀਆਂ 4:31 ਪੜ੍ਹੋ।

12. ਤੁਹਾਡੀ ਭਗਤੀ ਯਹੋਵਾਹ ਦੀਆਂ ਨਜ਼ਰਾਂ ਵਿਚ ਫ਼ਜ਼ੂਲ ਕਿਵੇਂ ਬਣ ਸਕਦੀ ਹੈ?

12 ਇਹ ਗੱਲ ਧਿਆਨ ਵਿਚ ਰੱਖੋ ਕਿ ਤੁਸੀਂ ਆਪਣੇ ਸਾਥੀ ਨਾਲ ਜਿਸ ਲਹਿਜੇ ਨਾਲ ਗੱਲ ਕਰਦੇ ਹੋ, ਉਸ ਦਾ ਯਹੋਵਾਹ ਨਾਲ ਤੁਹਾਡੇ ਰਿਸ਼ਤੇ ਉੱਤੇ ਵੀ ਅਸਰ ਪੈਂਦਾ ਹੈ। ਬਾਈਬਲ ਵਿਚ ਕਿਹਾ ਗਿਆ ਹੈ: “ਜਿਹੜਾ ਇਨਸਾਨ ਇਹ ਸੋਚਦਾ ਹੈ ਕਿ ਉਹ ਪਰਮੇਸ਼ੁਰ ਦੀ ਭਗਤੀ ਕਰਦਾ ਹੈ, ਪਰ ਆਪਣੀ ਜ਼ਬਾਨ ਨੂੰ ਕੱਸ ਕੇ ਲਗਾਮ ਨਹੀਂ ਪਾਉਂਦਾ, ਤਾਂ ਉਹ ਆਪਣੇ ਹੀ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ  ਦੀ ਭਗਤੀ ਵਿਅਰਥ ਹੈ।” (ਯਾਕੂਬ 1:26) ਬੋਲੀ ਦਾ ਭਗਤੀ ਨਾਲ ਡੂੰਘਾ ਸੰਬੰਧ ਹੈ। ਇਹ ਨਾ ਸੋਚੋ ਕਿ ਤੁਸੀਂ ਘਰੇ ਜੋ ਮਰਜ਼ੀ ਕਰਦੇ ਰਹੋ, ਕੋਈ ਗੱਲ ਨਹੀਂ ਬਸ ਪਰਮੇਸ਼ੁਰ ਦੀ ਭਗਤੀ ਕਰਦੇ ਰਹੋ। ਬਾਈਬਲ ਇਸ ਗੱਲ ਨਾਲ ਸਹਿਮਤ ਨਹੀਂ ਹੈ। ਆਪਣੇ ਆਪ ਨੂੰ ਧੋਖਾ ਨਾ ਦਿਓ। ਇਹ ਬਹੁਤ ਗੰਭੀਰ ਮਸਲਾ ਹੈ। (1 ਪਤਰਸ 3:7 ਪੜ੍ਹੋ।) ਭਾਵੇਂ ਤੁਹਾਡੇ ਅੰਦਰ ਪਰਮੇਸ਼ੁਰ ਦਾ ਕੰਮ ਕਰਨ ਲਈ ਜਿੰਨਾ ਮਰਜ਼ੀ ਜੋਸ਼ ਅਤੇ ਕਾਬਲੀਅਤ ਹੋਵੇ, ਪਰ ਜੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਬੇਰਹਿਮੀ ਨਾਲ ਪੇਸ਼ ਆਉਂਦੇ ਹੋ, ਤਾਂ ਤੁਸੀਂ ਵਿਆਹੁਤਾ ਰਿਸ਼ਤੇ ਦਾ ਨਿਰਾਦਰ ਕਰਦੇ ਹੋ ਅਤੇ ਯਹੋਵਾਹ ਦੀਆਂ ਨਜ਼ਰਾਂ ਵਿਚ ਤੁਹਾਡੀ ਭਗਤੀ ਫ਼ਜ਼ੂਲ ਹੈ।

13. ਜੀਵਨ ਸਾਥੀ ਨੂੰ ਹੋਰ ਕਿਵੇਂ ਦੁੱਖ ਪਹੁੰਚ ਸਕਦਾ ਹੈ?

13 ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਆਪਣੇ ਜੀਵਨ ਸਾਥੀ ਨੂੰ ਹੋਰ ਤਰੀਕਿਆਂ ਨਾਲ ਵੀ ਦੁਖੀ ਨਾ ਕਰੋ। ਦੋ ਉਦਾਹਰਣਾਂ ਉੱਤੇ ਗੌਰ ਕਰੋ: ਇਕ ਮਾਂ, ਜੋ ਇਕੱਲੀ ਆਪਣੇ ਪਰਿਵਾਰ ਦੀ ਦੇਖ-ਭਾਲ ਕਰ ਰਹੀ ਹੈ, ਮੰਡਲੀ ਦੇ ਇਕ ਸ਼ਾਦੀ-ਸ਼ੁਦਾ ਭਰਾ ਨੂੰ ਵਾਰ-ਵਾਰ ਫ਼ੋਨ ਕਰ ਕੇ ਉਸ ਤੋਂ ਸਲਾਹ ਮੰਗਦੀ ਹੈ। ਉਹ ਦੋਵੇਂ ਫ਼ੋਨ ’ਤੇ ਕਿੰਨਾ-ਕਿੰਨਾ ਚਿਰ ਗੱਲਾਂ ਕਰਦੇ ਰਹਿੰਦੇ ਹਨ। ਇਕ ਕੁਆਰਾ ਭਰਾ ਇਕ ਸ਼ਾਦੀ-ਸ਼ੁਦਾ ਭੈਣ ਨਾਲ ਹਰ ਹਫ਼ਤੇ ਕਈ-ਕਈ ਘੰਟੇ ਪ੍ਰਚਾਰ ਕਰਦਾ ਹੈ। ਇਨ੍ਹਾਂ ਉਦਾਹਰਣਾਂ ਵਿਚ ਸ਼ਾਦੀ-ਸ਼ੁਦਾ ਵਿਅਕਤੀਆਂ ਦੇ ਇਰਾਦੇ ਭਾਵੇਂ ਨੇਕ ਹੋਣ, ਪਰ ਉਨ੍ਹਾਂ ਦੇ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਦੇ ਜੀਵਨ ਸਾਥੀ ਕਿਵੇਂ ਮਹਿਸੂਸ ਕਰਨਗੇ? ਇਹੋ ਜਿਹੀ ਸਥਿਤੀ ਦਾ ਸਾਮ੍ਹਣਾ ਕਰ ਰਹੀ ਇਕ ਭੈਣ ਨੇ ਕਿਹਾ: “ਇਹ ਦੇਖ ਕੇ ਮੇਰੇ ਦਿਲ ’ਤੇ ਬੜੀ ਸੱਟ ਵੱਜਦੀ ਹੈ ਕਿ ਮੇਰਾ ਪਤੀ ਮੰਡਲੀ ਦੀ ਕਿਸੇ ਹੋਰ ਭੈਣ ਨੂੰ ਜ਼ਿਆਦਾ ਸਮਾਂ ਦਿੰਦਾ ਹੈ ਤੇ ਉਹ ਦੀ ਗੱਲ ਧਿਆਨ ਨਾਲ ਸੁਣਦਾ ਹੈ। ਮੈਨੂੰ ਲੱਗਦਾ ਹੈ ਕਿ ਘਰ ਵਿਚ ਮੇਰੀ ਤਾਂ ਕੋਈ ਕਦਰ ਹੀ ਨਹੀਂ ਹੈ।”

14. (ੳ) ਉਤਪਤ 2:24 ਵਿਚ ਪਤੀ-ਪਤਨੀ ਦੀ ਕਿਹੜੀ ਜ਼ਿੰਮੇਵਾਰੀ ਦਾ ਜ਼ਿਕਰ ਕੀਤਾ ਗਿਆ ਹੈ? (ਅ) ਸਾਨੂੰ ਆਪਣੇ ਤੋਂ ਕੀ ਪੁੱਛਣਾ ਚਾਹੀਦਾ ਹੈ?

14 ਸੋ ਅਸੀਂ ਅਜਿਹੀਆਂ ਸਥਿਤੀਆਂ ਦਾ ਸਾਮ੍ਹਣਾ ਕਰ ਰਹੇ ਭੈਣਾਂ-ਭਰਾਵਾਂ ਦਾ ਦੁੱਖ ਸਮਝ ਸਕਦੇ ਹਾਂ। ਉਨ੍ਹਾਂ ਦੇ ਜੀਵਨ ਸਾਥੀ ਵਿਆਹ ਬਾਰੇ ਪਰਮੇਸ਼ੁਰ ਦੇ ਇਸ ਹੁਕਮ ਨੂੰ ਅਣਗੌਲਿਆਂ ਕਰਦੇ ਹਨ: ‘ਮਰਦ ਆਪਣੇ ਮਾਪੇ ਛੱਡ ਕੇ ਆਪਣੀ ਤੀਵੀਂ ਨਾਲ ਮਿਲਿਆ ਰਹੇਗਾ।’ (ਉਤਪਤ 2:24) ਇਹ ਠੀਕ ਹੈ ਕਿ ਵਿਆਹ ਤੋਂ ਬਾਅਦ ਵੀ ਪਤੀ-ਪਤਨੀ ਆਪਣੇ ਮਾਪਿਆਂ ਦਾ ਆਦਰ ਕਰਦੇ ਰਹਿਣਗੇ, ਪਰ ਉਨ੍ਹਾਂ ਦੀ  ਮੁੱਖ ਜ਼ਿੰਮੇਵਾਰੀ ਉਨ੍ਹਾਂ ਦਾ ਜੀਵਨ ਸਾਥੀ ਹੈ। ਇਸੇ ਤਰ੍ਹਾਂ, ਮਸੀਹੀ ਆਪਣੇ ਭੈਣਾਂ-ਭਰਾਵਾਂ ਨੂੰ ਪਿਆਰ ਤਾਂ ਕਰਦੇ ਹਨ, ਪਰ ਉਨ੍ਹਾਂ ਦੀ ਮੁੱਖ ਜ਼ਿੰਮੇਵਾਰੀ ਉਨ੍ਹਾਂ ਦਾ ਜੀਵਨ ਸਾਥੀ ਹੈ। ਇਸ ਲਈ, ਜਦੋਂ ਸ਼ਾਦੀ-ਸ਼ੁਦਾ ਮਸੀਹੀ ਹੋਰ ਭੈਣਾਂ-ਭਰਾਵਾਂ ਨਾਲ ਲੋੜੋਂ ਵੱਧ ਸਮਾਂ ਗੁਜ਼ਾਰਦੇ ਹਨ ਜਾਂ ਉਨ੍ਹਾਂ ਨਾਲ ਜ਼ਿਆਦਾ ਨਜ਼ਦੀਕੀਆਂ ਪਾਉਂਦੇ ਹਨ, ਤਾਂ ਉਨ੍ਹਾਂ ਦੇ ਜੀਵਨ ਸਾਥੀ ਉਨ੍ਹਾਂ ਤੋਂ ਦੂਰ ਹੋਣ ਲੱਗ ਪੈਂਦੇ ਹਨ। ਕੀ ਤੁਹਾਡੇ ਘਰ ਵਿਚ ਕਲੇਸ਼ ਦਾ ਕਾਰਨ ਇਹੀ ਤਾਂ ਨਹੀਂ? ਆਪਣੇ ਤੋਂ ਪੁੱਛੋ: ‘ਕੀ ਮੈਂ ਆਪਣੇ  ਜੀਵਨ ਸਾਥੀ ਨਾਲ ਸਮਾਂ ਬਿਤਾਉਂਦਾ ਹਾਂ ਤੇ ਉਸ ਦਾ ਖ਼ਿਆਲ ਰੱਖਦਾ ਹਾਂ? ਕੀ ਮੈਂ ਉਸ ਨੂੰ ਅਹਿਸਾਸ ਕਰਾਉਂਦਾ ਹਾਂ ਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ?’

15. ਮੱਤੀ 5:28 ਮੁਤਾਬਕ ਸ਼ਾਦੀ-ਸ਼ੁਦਾ ਮਸੀਹੀਆਂ ਨੂੰ ਦੂਜਿਆਂ ਵੱਲ ਹੱਦੋਂ ਵੱਧ ਧਿਆਨ ਕਿਉਂ ਨਹੀਂ ਦੇਣਾ ਚਾਹੀਦਾ?

15 ਇਸ ਤੋਂ ਇਲਾਵਾ, ਜੇ ਕੋਈ ਸ਼ਾਦੀ-ਸ਼ੁਦਾ ਮਸੀਹੀ ਕਿਸੇ ਹੋਰ ਮਸੀਹੀ ਵੱਲ ਲੋੜੋਂ ਵੱਧ ਧਿਆਨ ਦਿੰਦਾ ਹੈ, ਤਾਂ ਉਹ ਆਪਣੇ ਵਿਆਹੁਤਾ ਰਿਸ਼ਤੇ ਨੂੰ ਖ਼ਤਰੇ ਵਿਚ ਪਾ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਕੁਝ ਸ਼ਾਦੀ-ਸ਼ੁਦਾ ਮਸੀਹੀਆਂ ਨੇ ਦੂਸਰਿਆਂ ਨਾਲ ਪਿਆਰ ਦੀਆਂ ਪੀਂਘਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। (ਮੱਤੀ 5:28) ਫਿਰ ਉਨ੍ਹਾਂ ਨੇ ਗ਼ਲਤ ਕੰਮ ਕਰ ਕੇ ਆਪਣੇ ਵਿਆਹੁਤਾ ਰਿਸ਼ਤੇ ਦਾ ਨਿਰਾਦਰ ਕੀਤਾ। ਧਿਆਨ ਦਿਓ ਕਿ ਪੌਲੁਸ ਰਸੂਲ ਨੇ ਇਸ ਬਾਰੇ ਕੀ ਕਿਹਾ ਸੀ।

“ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ”

16. ਪੌਲੁਸ ਨੇ ਪਤੀ-ਪਤਨੀ ਨੂੰ ਕੀ ਚੇਤਾਵਨੀ ਦਿੱਤੀ ਸੀ?

16 ਵਿਆਹੁਤਾ ਰਿਸ਼ਤੇ ਦਾ ਆਦਰ ਕਰਨ ਦੀ ਪ੍ਰੇਰਣਾ ਦੇਣ ਤੋਂ ਤੁਰੰਤ ਬਾਅਦ ਪੌਲੁਸ ਨੇ ਇਹ ਚੇਤਾਵਨੀ ਦਿੱਤੀ: “ਵਿਆਹ ਦਾ ਵਿਛਾਉਣਾ ਬੇਦਾਗ਼ ਰਹੇ ਕਿਉਂਕਿ ਹਰਾਮਕਾਰਾਂ ਅਤੇ ਆਪਣੇ ਜੀਵਨ ਸਾਥੀ ਤੋਂ ਇਲਾਵਾ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਰੱਖਣ ਵਾਲਿਆਂ ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।” (ਇਬਰਾਨੀਆਂ 13:4) “ਵਿਛਾਉਣਾ ਬੇਦਾਗ਼” ਕਿੱਦਾਂ ਰੱਖਿਆ ਜਾ ਸਕਦਾ ਹੈ? ਜੇ ਪਤੀ-ਪਤਨੀ ਆਪਸ ਵਿਚ ਹੀ ਸਰੀਰਕ ਸੰਬੰਧ ਰੱਖਣ, ਤਾਂ ਉਨ੍ਹਾਂ ਦਾ ਵਿਛਾਉਣਾ ਬੇਦਾਗ਼ ਰਹੇਗਾ। ਇਸ ਲਈ ਮਸੀਹੀਆਂ ਨੂੰ ਪਰਮੇਸ਼ੁਰ ਦੀ ਇਸ ਨਸੀਹਤ ਉੱਤੇ ਚੱਲਣਾ ਚਾਹੀਦਾ ਹੈ: “ਆਪਣੀ ਜੁਆਨੀ ਦੀ ਵਹੁਟੀ ਨਾਲ ਅਨੰਦ ਰਹੁ।”​—ਕਹਾਉਤਾਂ 5:18.

17. (ੳ) ਨਾਜਾਇਜ਼ ਸੰਬੰਧਾਂ ਬਾਰੇ ਮਸੀਹੀਆਂ ਨੂੰ ਦੁਨੀਆਂ ਦੇ ਲੋਕਾਂ ਵਰਗਾ ਨਜ਼ਰੀਆ ਕਿਉਂ ਨਹੀਂ ਰੱਖਣਾ ਚਾਹੀਦਾ? (ਅ) ਅਸੀਂ ਅੱਯੂਬ ਦੀ ਮਿਸਾਲ ਉੱਤੇ ਕਿਵੇਂ ਚੱਲ ਸਕਦੇ ਹਾਂ?

17 ਜੋ ਮਸੀਹੀ ਕਿਸੇ ਪਰਾਈ ਔਰਤ ਜਾਂ ਮਰਦ ਨਾਲ ਨਾਜਾਇਜ਼ ਸੰਬੰਧ ਰੱਖਦਾ ਹੈ, ਉਹ ਪਰਮੇਸ਼ੁਰ ਦੇ ਅਸੂਲਾਂ ਨੂੰ ਤੁੱਛ ਸਮਝਦਾ ਹੈ। ਇਹ ਸੱਚ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਨਾਜਾਇਜ਼ ਸੰਬੰਧ ਰੱਖਣ ਵਿਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ। ਪਰ ਮਸੀਹੀਆਂ ਨੂੰ ਉਨ੍ਹਾਂ ਵਰਗਾ ਨਜ਼ਰੀਆ ਨਹੀਂ ਰੱਖਣਾ ਚਾਹੀਦਾ। ਮਸੀਹੀਆਂ ਨੂੰ ਯਾਦ ਰੱਖਣ ਦੀ ਲੋੜ ਹੈ ਕਿ “ਹਰਾਮਕਾਰਾਂ . . . ਨੂੰ ਪਰਮੇਸ਼ੁਰ ਸਜ਼ਾ ਦੇਵੇਗਾ।” (ਇਬਰਾਨੀਆਂ 10:31; 12:29) ਇਸ ਲਈ ਸੱਚੇ ਮਸੀਹੀਆਂ ਨੂੰ ਇਸ ਮਾਮਲੇ  ਬਾਰੇ ਯਹੋਵਾਹ ਦਾ ਨਜ਼ਰੀਆ ਰੱਖਣਾ ਚਾਹੀਦਾ ਹੈ। (ਰੋਮੀਆਂ 12:9 ਪੜ੍ਹੋ।) ਯਾਦ ਕਰੋ, ਪਰਮੇਸ਼ੁਰ ਦੇ ਭਗਤ ਅੱਯੂਬ ਨੇ ਕਿਹਾ ਸੀ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ।” (ਅੱਯੂਬ 31:1) ਜੀ ਹਾਂ, ਗ਼ਲਤ ਰਾਹੇ ਨਾ ਪੈਣ ਲਈ ਸੱਚੇ ਮਸੀਹੀਆਂ ਨੂੰ ਆਪਣੀਆਂ ਨਜ਼ਰਾਂ ’ਤੇ ਕੰਟ੍ਰੋਲ ਰੱਖਣਾ ਚਾਹੀਦਾ ਹੈ ਅਤੇ ਕਿਸੇ ਪਰਾਏ ਮਰਦ ਜਾਂ ਔਰਤ ਵੱਲ ਕਦੀ ਵੀ ਲਲਚਾਈਆਂ ਨਜ਼ਰਾਂ ਨਾਲ ਨਹੀਂ ਦੇਖਣਾ ਚਾਹੀਦਾ।​—ਦਿੱਤੀ ਗਈ ਵਧੇਰੇ ਜਾਣਕਾਰੀ “ਤਲਾਕ ਲੈਣ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਬਾਰੇ ਬਾਈਬਲ ਦਾ ਨਜ਼ਰੀਆ” ਦੇਖੋ।

18. (ੳ) ਯਹੋਵਾਹ ਦੀਆਂ ਨਜ਼ਰਾਂ ਵਿਚ ਹਰਾਮਕਾਰੀ ਕਿੰਨੀ ਕੁ ਗੰਭੀਰ ਹੈ? (ਅ) ਹਰਾਮਕਾਰੀ ਅਤੇ ਮੂਰਤੀ-ਪੂਜਾ ਵਿਚ ਕੀ ਸੰਬੰਧ ਹੈ?

18 ਯਹੋਵਾਹ ਦੀਆਂ ਨਜ਼ਰਾਂ ਵਿਚ ਹਰਾਮਕਾਰੀ ਕਿੰਨੀ ਕੁ ਗੰਭੀਰ ਹੈ? ਮੂਸਾ ਦੇ ਕਾਨੂੰਨ ਤੋਂ ਸਾਨੂੰ ਇਸ ਬਾਰੇ ਯਹੋਵਾਹ ਦਾ ਨਜ਼ਰੀਆ ਪਤਾ ਚੱਲਦਾ ਹੈ। ਇਜ਼ਰਾਈਲ ਵਿਚ ਹਰਾਮਕਾਰੀ ਅਤੇ ਮੂਰਤੀ-ਪੂਜਾ ਕਰਨ ਵਾਲੇ ਨੂੰ ਮੌਤ ਦੀ ਸਜ਼ਾ ਮਿਲਦੀ ਸੀ। (ਲੇਵੀਆਂ 20:2, 10) ਕੀ ਤੁਸੀਂ ਹਰਾਮਕਾਰੀ ਅਤੇ ਮੂਰਤੀ-ਪੂਜਾ ਵਿਚ ਸੰਬੰਧ ਦੇਖਦੇ ਹੋ? ਜੇ ਕੋਈ ਇਜ਼ਰਾਈਲੀ ਮੂਰਤੀ-ਪੂਜਾ ਕਰਦਾ ਸੀ, ਤਾਂ ਉਹ ਯਹੋਵਾਹ ਨਾਲ ਦਗ਼ਾ ਕਰਦਾ ਸੀ। ਇਸੇ ਤਰ੍ਹਾਂ ਜੇ ਕੋਈ ਸ਼ਾਦੀ-ਸ਼ੁਦਾ ਇਜ਼ਰਾਈਲੀ ਕਿਸੇ ਪਰਾਈ ਤੀਵੀਂ ਨਾਲ ਨਾਜਾਇਜ਼ ਸੰਬੰਧ ਰੱਖਦਾ ਸੀ, ਤਾਂ ਉਹ ਆਪਣੇ ਜੀਵਨ ਸਾਥੀ ਨਾਲ ਦਗ਼ਾ ਕਰਦਾ ਸੀ। ਮੂਰਤੀ-ਪੂਜਕ ਅਤੇ ਹਰਾਮਕਾਰ ਦੋਵੇਂ ਦਗ਼ਾਬਾਜ਼ ਹੁੰਦੇ ਸਨ। (ਕੂਚ 19:5, 6; ਬਿਵਸਥਾ ਸਾਰ 5:9; ਮਲਾਕੀ 2:14 ਪੜ੍ਹੋ।) ਇਸ ਲਈ, ਉਹ ਦੋਵੇਂ ਜਣੇ ਯਹੋਵਾਹ ਦੀਆਂ ਨਜ਼ਰਾਂ ਵਿਚ ਦੋਸ਼ੀ ਸਨ ਜੋ ਵਫ਼ਾਦਾਰ ਅਤੇ ਭਰੋਸੇਮੰਦ ਪਰਮੇਸ਼ੁਰ ਹੈ।​—ਜ਼ਬੂਰਾਂ ਦੀ ਪੋਥੀ 33:4.

19. ਅਸੀਂ ਹਰਾਮਕਾਰੀ ਨਾ ਕਰਨ ਦੇ ਆਪਣੇ ਇਰਾਦੇ ਨੂੰ ਪੱਕਾ ਕਿਵੇਂ ਕਰ ਸਕਦੇ ਹਾਂ ਅਤੇ ਇੱਦਾਂ ਕਰਨਾ ਕਿਉਂ ਜ਼ਰੂਰੀ ਹੈ?

19 ਭਾਵੇਂ ਮਸੀਹੀ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ, ਪਰ ਇਸ ਤੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਹਰਾਮਕਾਰੀ ਕਰਨੀ ਕਿੰਨਾ ਗੰਭੀਰ ਪਾਪ ਹੈ। ਇਹ ਜਾਣ ਕੇ ਉਹ ਇਸ ਕੁਕਰਮ ਤੋਂ ਬਚੇ ਰਹਿਣ ਦੇ ਆਪਣੇ ਇਰਾਦੇ ਨੂੰ ਪੱਕਾ ਕਰ ਸਕਦੇ ਹਨ। ਤੁਹਾਨੂੰ ਆਪਣਾ ਇਰਾਦਾ ਪੱਕਾ ਕਿਉਂ ਕਰਨਾ ਚਾਹੀਦਾ ਹੈ? ਇਸ ਗੱਲ ’ਤੇ ਗੌਰ ਕਰੋ: ਕੀ ਤੁਸੀਂ ਕਿਸੇ ਧਾਰਮਿਕ ਸਥਾਨ ’ਤੇ ਜਾ ਕੇ ਮੂਰਤੀ ਅੱਗੇ ਮੱਥਾ ਟੇਕੋਗੇ? ‘ਕਦੇ ਨਹੀਂ!’ ਤੁਸੀਂ ਕਹੋਗੇ। ਪਰ ਜੇ ਤੁਹਾਨੂੰ ਇਸ ਤਰ੍ਹਾਂ ਕਰਨ ਲਈ ਲੱਖਾਂ ਰੁਪਏ ਦਿੱਤੇ ਜਾਣ, ਤਾਂ ਵੀ ਨਹੀਂ? ‘ਮੈਂ ਕਦੀ ਸੋਚ ਵੀ ਨਹੀਂ ਸਕਦਾ!’ ਤੁਹਾਡਾ ਜਵਾਬ ਹੋਵੇਗਾ। ਮੂਰਤੀ ਨੂੰ ਮੱਥਾ ਟੇਕ ਕੇ ਯਹੋਵਾਹ ਨਾਲ ਦਗ਼ਾ ਕਰਨ ਦਾ ਖ਼ਿਆਲ ਵੀ  ਮਨ ਵਿਚ ਲਿਆਉਣਾ ਤੁਹਾਡੇ ਲਈ ਪਾਪ ਹੈ। ਇਸੇ ਤਰ੍ਹਾਂ, ਭਾਵੇਂ ਤੁਹਾਡਾ ਜੀਵਨ ਸਾਥੀ ਜਿੱਦਾਂ ਦਾ ਮਰਜ਼ੀ ਹੈ, ਹਰਾਮਕਾਰੀ ਕਰ ਕੇ ਉਸ ਨਾਲ ਦਗ਼ਾ ਕਰਨ ਦਾ ਖ਼ਿਆਲ ਵੀ ਮਨ ਵਿਚ ਲਿਆਉਣਾ ਪਾਪ ਹੈ। (ਜ਼ਬੂਰਾਂ ਦੀ ਪੋਥੀ 51:1, 4; ਕੁਲੁੱਸੀਆਂ 3:5) ਅਸੀਂ ਕਦੀ ਵੀ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹਾਂਗੇ ਜਿਸ ਤੋਂ ਸ਼ੈਤਾਨ ਨੂੰ ਖ਼ੁਸ਼ੀ ਹੋਵੇ ਤੇ ਯਹੋਵਾਹ ਅਤੇ ਵਿਆਹੁਤਾ ਰਿਸ਼ਤੇ ਦੀ ਬੇਅਦਬੀ ਹੋਵੇ।

ਜੀਵਨ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਕਰੀਏ?

20. ਉਦਾਹਰਣ ਦੇ ਕੇ ਸਮਝਾਓ ਕਿ ਤੁਸੀਂ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਦੁਬਾਰਾ ਨਿੱਘ ਕਿਵੇਂ ਲਿਆ ਸਕਦੇ ਹੋ।

20 ਆਪਣੇ ਜੀਵਨ ਸਾਥੀ ਲਈ ਦਿਲ ਵਿਚ ਦੁਬਾਰਾ ਆਦਰ ਪੈਦਾ ਕਰਨ ਵਾਸਤੇ ਤੁਸੀਂ ਹੋਰ ਕੀ ਕਰ ਸਕਦੇ ਹੋ? ਇਸ ਦਾ ਜਵਾਬ ਪਾਉਣ ਲਈ ਆਓ ਆਪਾਂ ਇਕ ਉਦਾਹਰਣ ’ਤੇ ਗੌਰ ਕਰੀਏ। ਪਤੀ-ਪਤਨੀ ਦਾ ਰਿਸ਼ਤਾ ਇਕ ਘਰ ਵਾਂਗ ਹੈ। ਪਿਆਰ ਭਰੇ ਸ਼ਬਦ ਅਤੇ ਕੰਮ ਘਰ ਵਿਚ ਰੱਖੀਆਂ ਸਜਾਵਟੀ ਚੀਜ਼ਾਂ ਵਾਂਗ ਹਨ। ਜਿਵੇਂ ਸਜਾਵਟੀ ਚੀਜ਼ਾਂ ਘਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦੀਆਂ ਹਨ, ਤਿਵੇਂ ਤੁਹਾਡਾ ਦੋਵਾਂ ਦਾ ਪਿਆਰ ਤੁਹਾਡੇ ਰਿਸ਼ਤੇ ਦੀ ਸੁੰਦਰਤਾ ਨੂੰ ਵਧਾਉਂਦਾ ਹੈ। ਜੇ ਘਰ ਵਿੱਚੋਂ ਸਜਾਵਟੀ ਚੀਜ਼ਾਂ ਹਟਾ ਦਿੱਤੀਆਂ ਜਾਣ, ਤਾਂ ਘਰ ਸੁੰਨਾ ਹੋ ਜਾਵੇਗਾ। ਇਸੇ ਤਰ੍ਹਾਂ ਪਿਆਰ ਖ਼ਤਮ ਹੋਣ ਨਾਲ ਤੁਹਾਡੇ ਰਿਸ਼ਤੇ ਵਿਚ ਕੋਈ ਨਿੱਘ ਨਹੀਂ ਰਹੇਗਾ। ਜਿਵੇਂ ਤੁਸੀਂ ਆਪਣੇ ਘਰ ਨੂੰ ਦੁਬਾਰਾ ਸੁੰਦਰ ਬਣਾਉਣਾ ਚਾਹੋਗੇ, ਉਸੇ ਤਰ੍ਹਾਂ ਤੁਸੀਂ ਇਸ ਅਨਮੋਲ ਰਿਸ਼ਤੇ ਵਿਚ ਪਿਆਰ ਅਤੇ ਨਿੱਘ ਦੁਬਾਰਾ ਲਿਆਉਣਾ ਚਾਹੋਗੇ। ਤੁਸੀਂ ਇਹ ਕਿਵੇਂ ਕਰ ਸਕਦੇ ਹੋ? ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਬੁੱਧ ਨਾਲ ਘਰ ਬਣਾਈਦਾ ਹੈ, ਅਤੇ ਸਮਝ ਨਾਲ ਉਹ ਅਸਥਿਰ ਰਹਿੰਦਾ ਹੈ। ਗਿਆਨ ਦੇ ਰਾਹੀਂ ਉਹ ਦੀਆਂ ਕੋਠੜੀਆਂ ਸਭ ਪਰਕਾਰ ਦੇ ਅਣਮੁੱਲ ਅਤੇ ਮਨ ਭਾਉਂਦੇ ਪਦਾਰਥਾਂ ਨਾਲ ਭਰਦੀਆਂ ਹਨ।” (ਕਹਾਉਤਾਂ 24:3, 4) ਧਿਆਨ ਦਿਓ ਕਿ ਇਸ ਆਇਤ ਨੂੰ ਵਿਆਹੁਤਾ ਰਿਸ਼ਤੇ ’ਤੇ ਕਿਵੇਂ ਲਾਗੂ ਕੀਤਾ ਜਾ ਸਕਦਾ ਹੈ।

21. ਅਸੀਂ ਜੀਵਨ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਹੌਲੀ-ਹੌਲੀ ਕਿਵੇਂ ਮਜ਼ਬੂਤ ਕਰ ਸਕਦੇ ਹਾਂ? (“ ਮੈਂ ਆਪਣੇ ਜੀਵਨ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਿਵੇਂ ਕਰ ਸਕਦਾ ਹਾਂ?” ਡੱਬੀ ਵੀ ਦੇਖੋ।)

21 ਸੱਚਾ ਪਿਆਰ, ਪਰਮੇਸ਼ੁਰ ਦਾ ਡਰ ਅਤੇ ਪੱਕੀ ਨਿਹਚਾ ਵਰਗੇ ਗੁਣ ਕੁਝ  ਅਣਮੋਲ ਗੁਣ ਹਨ ਜੋ ਖ਼ੁਸ਼ੀਆਂ ਭਰੇ ਘਰ ਦੀ ਸਜਾਵਟ ਹਨ। (ਕਹਾਉਤਾਂ 15:16, 17; 1 ਪਤਰਸ 1:7) ਇਨ੍ਹਾਂ ਗੁਣਾਂ ਕਰਕੇ ਪਤੀ-ਪਤਨੀ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ। ਉਹ ਆਪਣੇ ਅੰਦਰ ਇਹ ਬਹੁਮੁੱਲੇ ਗੁਣ ਕਿਵੇਂ ਪੈਦਾ ਕਰ ਸਕਦੇ ਹਨ? “ਗਿਆਨ ਦੇ ਰਾਹੀਂ।” ਜੀ ਹਾਂ, ਬਾਈਬਲ ਦਾ ਗਿਆਨ ਲੋਕਾਂ ਦੀ ਸੋਚ ਬਦਲ ਸਕਦਾ ਹੈ ਅਤੇ ਉਨ੍ਹਾਂ ਨੂੰ ਇਕ-ਦੂਸਰੇ ਨਾਲ ਪ੍ਰੇਮ ਕਰਨ ਦੀ ਪ੍ਰੇਰਣਾ ਦੇ ਸਕਦਾ ਹੈ, ਬਸ਼ਰਤੇ ਕਿ ਇਸ ਗਿਆਨ ਮੁਤਾਬਕ ਚੱਲਿਆ ਜਾਵੇ। (ਰੋਮੀਆਂ 12:2; ਫ਼ਿਲਿੱਪੀਆਂ 1:9) ਇਸ ਲਈ, ਜਦੋਂ ਵੀ ਤੁਸੀਂ ਤੇ ਤੁਹਾਡਾ ਜੀਵਨ ਸਾਥੀ ਇਕੱਠੇ ਸ਼ਾਂਤੀ ਨਾਲ ਬੈਠ ਕੇ ਡੇਲੀ ਟੈਕਸਟ, ਪਹਿਰਾਬੁਰਜ ਜਾਂ ਜਾਗਰੂਕ ਬਣੋ! ਵਿੱਚੋਂ ਵਿਆਹੁਤਾ ਰਿਸ਼ਤੇ ਸੰਬੰਧੀ ਕੋਈ ਲੇਖ ਉੱਤੇ ਵਿਚਾਰ ਕਰੋਗੇ, ਤਾਂ ਇਹ ਇਵੇਂ ਹੋਵੇਗਾ ਜਿਵੇਂ ਤੁਸੀਂ ਆਪਣੇ ਘਰ ਵਿਚ ਸਜਾਉਣ ਲਈ ਕਿਸੇ ਸੁੰਦਰ ਚੀਜ਼ ਦੀ ਜਾਂਚ ਕਰ ਰਹੇ ਹੋ। ਜਦੋਂ ਯਹੋਵਾਹ ਲਈ ਪਿਆਰ ਤੁਹਾਨੂੰ ਉਸ ਲੇਖ ਵਿਚ ਦਿੱਤੀ ਸਲਾਹ ਉੱਤੇ ਚੱਲਣ ਲਈ ਪ੍ਰੇਰੇਗਾ, ਤਾਂ ਤੁਸੀਂ ਆਪਣੇ ਰਿਸ਼ਤੇ ਵਿਚ ਪਿਆਰ ਅਤੇ ਨਿੱਘ ਵਾਪਸ ਲਿਆ ਪਾਓਗੇ।

22. ਜੇ ਤੁਸੀਂ ਆਪਣੇ ਜੀਵਨ ਸਾਥੀ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਕਿਹੜੀ ਤਸੱਲੀ ਹੋਵੇਗੀ?

22 ਇਹ ਠੀਕ ਹੈ ਕਿ ਵਿਆਹੁਤਾ ਰਿਸ਼ਤੇ ਨੂੰ ਮਜ਼ਬੂਤ ਕਰਨ ਵਾਸਤੇ ਆਪਣੇ ਅੰਦਰ ਚੰਗੇ ਗੁਣ ਪੈਦਾ ਕਰਨ ਵਿਚ ਸਮਾਂ ਲੱਗੇਗਾ। ਪਰ ਜੇ ਤੁਸੀਂ ਕੋਸ਼ਿਸ਼ ਕਰੋਗੇ, ਤਾਂ ਤੁਹਾਨੂੰ ਇਸ ਗੱਲ ਦੀ ਤਸੱਲੀ ਹੋਵੇਗੀ ਕਿ ਤੁਸੀਂ ਬਾਈਬਲ ਦੇ ਇਸ ਹੁਕਮ ਨੂੰ ਮੰਨਿਆ ਹੈ: “ਇਕ-ਦੂਜੇ ਦੀ ਇੱਜ਼ਤ ਕਰਨ ਵਿਚ ਪਹਿਲ ਕਰੋ।” (ਰੋਮੀਆਂ 12:10; ਜ਼ਬੂਰਾਂ ਦੀ ਪੋਥੀ 147:11) ਇਸ ਤੋਂ ਇਲਾਵਾ, ਜੀਵਨ ਸਾਥੀ ਨਾਲ ਰਿਸ਼ਤਾ ਮਜ਼ਬੂਤ ਰੱਖ ਕੇ ਤੁਸੀਂ ਯਹੋਵਾਹ ਨਾਲ ਵੀ ਆਪਣਾ ਪਿਆਰ ਬਰਕਰਾਰ ਰੱਖ ਸਕੋਗੇ।