Skip to content

Skip to table of contents

ਯਹੋਵਾਹ ਦੇ ਗਵਾਹ

ਭਾਸ਼ਾ ਚੁਣੋ ਪੰਜਾਬੀ

 ਸੱਤਵਾਂ ਅਧਿਆਇ

ਕੀ ਤੁਸੀਂ ਜ਼ਿੰਦਗੀ ਦੀ ਕਦਰ ਕਰਦੇ ਹੋ?

ਕੀ ਤੁਸੀਂ ਜ਼ਿੰਦਗੀ ਦੀ ਕਦਰ ਕਰਦੇ ਹੋ?

“ਜੀਉਣ ਦਾ ਚਸ਼ਮਾ ਤੇਰੇ ਮੁੱਢ ਹੈ।”​—ਜ਼ਬੂਰਾਂ ਦੀ ਪੋਥੀ 36:9.

1, 2. ਪਰਮੇਸ਼ੁਰ ਨੇ ਸਾਨੂੰ ਕਿਹੜੀ ਕਾਬਲੀਅਤ ਦਿੱਤੀ ਹੈ ਅਤੇ ਇਸ ਦਾ ਕੀ ਫ਼ਾਇਦਾ ਹੈ?

ਸਾਡੇ ਪਿਤਾ ਯਹੋਵਾਹ ਨੇ ਸਾਨੂੰ ਜ਼ਿੰਦਗੀ ਦੇਣ ਦੇ ਨਾਲ-ਨਾਲ ਸੋਚਣ-ਸਮਝਣ ਦੀ ਕਾਬਲੀਅਤ ਵੀ ਦਿੱਤੀ ਹੈ। ਇਨਸਾਨ ਹੋਣ ਕਰਕੇ ਅਸੀਂ ਆਪਣੇ ਅੰਦਰ ਰੱਬੀ ਗੁਣ ਪੈਦਾ ਕਰ ਸਕਦੇ ਹਾਂ। (ਉਤਪਤ 1:27) ਅਸੀਂ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰ ਕੇ ‘ਸਹੀ ਤੇ ਗ਼ਲਤ ਵਿਚ ਫ਼ਰਕ ਦੇਖ ਸਕਦੇ ਹਾਂ’ ਅਤੇ ਇਨ੍ਹਾਂ ਉੱਤੇ ਚੱਲ ਕੇ ਸੱਚਾਈ ਵਿਚ ਪੱਕੇ ਹੋ ਸਕਦੇ ਹਾਂ।​—ਇਬਰਾਨੀਆਂ 5:14.

2 ਅਸੀਂ ਅੱਜ ਬਹੁਤ ਸਾਰੀਆਂ ਗੁੰਝਲਦਾਰ ਸਥਿਤੀਆਂ ਦਾ ਸਾਮ੍ਹਣਾ ਕਰਦੇ ਹਾਂ ਜਿਨ੍ਹਾਂ ਲਈ ਨਿਯਮ ਬਣਾਉਣੇ ਨਾਮੁਮਕਿਨ ਹਨ। ਮਿਸਾਲ ਲਈ, ਇਲਾਜ ਅਤੇ ਖ਼ੂਨ ਤੋਂ ਬਣੀਆਂ ਦਵਾਈਆਂ ਅਤੇ ਵਿਧੀਆਂ ਦੇ ਸੰਬੰਧ ਵਿਚ। ਇਸ ਲਈ, ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਜੋ ਲੋਕ ਯਹੋਵਾਹ ਦੇ ਹੁਕਮ ਮੰਨਣੇ ਚਾਹੁੰਦੇ ਹਨ, ਉਨ੍ਹਾਂ ਨੂੰ ਇਲਾਜ ਸੰਬੰਧੀ ਮਾਮਲਿਆਂ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਇਸ ਨਾਲ ਸੰਬੰਧਿਤ ਅਸੂਲਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਹੀ ਅਸੀਂ ਸਹੀ ਫ਼ੈਸਲੇ ਕਰ ਪਾਵਾਂਗੇ। ਇਸ ਤੋਂ ਇਲਾਵਾ, ਸਾਡੀ ਜ਼ਮੀਰ ਸਾਫ਼ ਰਹੇਗੀ ਅਤੇ ਅਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਬਰਕਰਾਰ ਰੱਖ ਸਕਾਂਗੇ। (ਕਹਾਉਤਾਂ 2:6-11) ਆਓ ਆਪਾਂ ਕੁਝ ਅਸੂਲਾਂ ’ਤੇ ਗੌਰ ਕਰੀਏ।

ਜ਼ਿੰਦਗੀ ਅਤੇ ਲਹੂ ਪਵਿੱਤਰ ਹਨ

3, 4. ਬਾਈਬਲ ਵਿਚ ਲਹੂ ਦੀ ਪਵਿੱਤਰਤਾ ਬਾਰੇ ਕਦੋਂ ਦੱਸਿਆ ਗਿਆ ਸੀ ਅਤੇ ਇਸ ਸੰਬੰਧੀ ਕਿਹੜੇ ਅਸੂਲ ਦਿੱਤੇ ਗਏ ਹਨ?

3 ਕਇਨ ਦੁਆਰਾ ਹਾਬਲ ਦੇ ਕਤਲ ਤੋਂ ਬਾਅਦ ਯਹੋਵਾਹ ਨੇ ਪਹਿਲੀ ਵਾਰ ਜ਼ਿੰਦਗੀ ਅਤੇ ਲਹੂ ਵਿਚਲੇ ਸੰਬੰਧ ਅਤੇ ਇਨ੍ਹਾਂ ਦੀ ਪਵਿੱਤਰਤਾ ਬਾਰੇ ਦੱਸਿਆ। ਪਰਮੇਸ਼ੁਰ ਨੇ ਕਇਨ ਨੂੰ ਕਿਹਾ ਸੀ: “ਤੇਰੇ ਭਰਾ ਦੇ ਲਹੂ ਦੀ ਅਵਾਜ਼ ਜ਼ਮੀਨ ਵੱਲੋਂ ਮੇਰੇ ਅੱਗੇ ਦੁਹਾਈ ਦਿੰਦੀ ਹੈ।” (ਉਤਪਤ 4:10) ਯਹੋਵਾਹ ਦੀਆਂ ਨਜ਼ਰਾਂ ਵਿਚ ਹਾਬਲ ਦਾ ਲਹੂ ਉਸ ਦੀ ਜ਼ਿੰਦਗੀ ਨੂੰ ਦਰਸਾਉਂਦਾ ਸੀ ਜਿਸ ਨੂੰ ਬੜੀ ਬੇਰਹਿਮੀ ਨਾਲ ਖ਼ਤਮ ਕਰ ਦਿੱਤਾ  ਗਿਆ ਸੀ। ਸੋ ਕਿਹਾ ਜਾ ਸਕਦਾ ਹੈ ਕਿ ਹਾਬਲ ਦਾ ਲਹੂ ਯਹੋਵਾਹ ਨੂੰ ਇਨਸਾਫ਼ ਲਈ ਦੁਹਾਈ ਦੇ ਰਿਹਾ ਸੀ।​—ਇਬਰਾਨੀਆਂ 12:24.

4 ਨੂਹ ਦੇ ਜ਼ਮਾਨੇ ਵਿਚ ਆਈ ਜਲ-ਪਰਲੋ ਤੋਂ ਬਾਅਦ ਯਹੋਵਾਹ ਨੇ ਇਨਸਾਨ ਨੂੰ ਜਾਨਵਰਾਂ ਦਾ ਮਾਸ ਖਾਣ ਦੀ ਇਜਾਜ਼ਤ ਦਿੱਤੀ ਸੀ, ਪਰ ਉਨ੍ਹਾਂ ਦਾ ਲਹੂ ਨਹੀਂ। ਪਰਮੇਸ਼ੁਰ ਨੇ ਕਿਹਾ ਸੀ: “ਮਾਸ ਉਹ ਦੀ ਜਾਨ ਸਣੇ ਅਰਥਾਤ ਲਹੂ ਸਣੇ ਤੁਸੀਂ ਨਾ ਖਾਇਓ। ਮੈਂ ਜ਼ਰੂਰ ਤੁਹਾਡੀਆਂ ਜਾਨਾਂ ਦੇ ਲਹੂ ਦਾ ਬਦਲਾ ਲਵਾਂਗਾ।” (ਉਤਪਤ 9:4, 5) ਇਹ ਹੁਕਮ ਅੱਜ ਸਾਡੇ ਸਾਰਿਆਂ ਉੱਤੇ ਲਾਗੂ ਹੁੰਦਾ ਹੈ। ਕਇਨ ਅਤੇ ਨੂਹ ਨੂੰ ਕਹੀ ਯਹੋਵਾਹ ਦੀ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਲਹੂ ਸਾਰੇ ਜੀਵ-ਜੰਤੂਆਂ ਦੀ ਜ਼ਿੰਦਗੀ ਨੂੰ ਦਰਸਾਉਂਦਾ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਜੀਵਨਦਾਤਾ ਹੋਣ ਕਰਕੇ ਯਹੋਵਾਹ ਉਨ੍ਹਾਂ ਲੋਕਾਂ ਤੋਂ ਲੇਖਾ ਲਵੇਗਾ ਜੋ ਜ਼ਿੰਦਗੀ ਅਤੇ ਲਹੂ ਦੀ ਬੇਕਦਰੀ ਕਰਦੇ ਹਨ।​—ਜ਼ਬੂਰਾਂ ਦੀ ਪੋਥੀ 36:9.

5, 6. ਮੂਸਾ ਦੇ ਕਾਨੂੰਨ ਵਿਚ ਕਿਵੇਂ ਦੱਸਿਆ ਗਿਆ ਸੀ ਕਿ ਲਹੂ ਪਵਿੱਤਰ ਅਤੇ ਅਨਮੋਲ ਹੈ? (“ ਜਾਨਵਰਾਂ ਦੀ ਜ਼ਿੰਦਗੀ ਦੀ ਕਦਰ ਕਰੋ” ਡੱਬੀ ਵੀ ਦੇਖੋ।)

5 ਇਸ ਬਾਰੇ ਮੂਸਾ ਦੇ ਕਾਨੂੰਨ ਵਿਚ ਵੀ ਕਿਹਾ ਗਿਆ ਸੀ: “ਜੇਕਰ ਕੋਈ ਮਨੁੱਖ ਕਿਸੇ ਜੀਉਂਦੀ ਚੀਜ਼ ਦਾ ਲਹੂ ਖਾਵੇਗਾ, ਤਾਂ ਮੈਂ ਉਸ ਦੇ ਵਿਰੁਧ ਹੋ ਜਾਵਾਂਗਾ। ਇਹੋ ਜਿਹੇ ਮਨੁੱਖ ਨੂੰ ਵੀ ਮੇਰੇ ਲੋਕਾਂ ਵਿਚੋਂ ਛੇਕ ਦਿੱਤਾ ਜਾਵੇ। ਹਰ ਜੀਵ ਦਾ ਜੀਵਨ ਉਸ ਦੇ ਲਹੂ ਅੰਦਰ ਹੈ। ਇਸੇ ਲਈ ਮੈਂ ਇਸ ਨੂੰ ਤੁਹਾਡੇ ਪਾਪਾਂ ਦੀ ਮਾਫੀ ਲਈ ਵੇਦੀ ’ਤੇ ਚੜ੍ਹਾਉਣ ਲਈ ਕਿਹਾ ਹੈ। ਲਹੂ ਵਿਚ ਜਾਨ ਹੈ, ਇਸੇ ਲਈ ਇਸ ਦੇ ਦੁਆਰਾ ਮਾਫ਼ੀ ਪ੍ਰਾਪਤ ਹੁੰਦੀ ਹੈ।”​—ਲੇਵੀਆਂ 17:10, 11, CL;  ਲਹੂ ਦੁਆਰਾ ਪਾਪਾਂ ਦੀ ਮਾਫ਼ੀ” ਨਾਮਕ ਡੱਬੀ ਦੇਖੋ।

6 ਜੇ ਕਿਸੇ ਜਾਨਵਰ ਦਾ ਲਹੂ ਜਗਵੇਦੀ ਉੱਤੇ ਨਹੀਂ ਛਿੜਕਿਆ ਜਾਂਦਾ ਸੀ, ਤਾਂ ਲਹੂ ਨੂੰ ਜ਼ਮੀਨ ਉੱਤੇ ਡੋਲ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਜ਼ਿੰਦਗੀ ਜੀਵਨਦਾਤੇ ਨੂੰ ਮੋੜ ਦਿੱਤੀ ਜਾਂਦੀ ਸੀ। (ਬਿਵਸਥਾ ਸਾਰ 12:16; ਹਿਜ਼ਕੀਏਲ 18:4) ਮਾਸ ਖਾਣ ਤੋਂ ਪਹਿਲਾਂ ਇਜ਼ਰਾਈਲੀਆਂ ਨੂੰ ਜਾਨਵਰ ਦੇ ਸਰੀਰ ਵਿੱਚੋਂ ਲਹੂ ਦਾ ਹਰ ਕਤਰਾ ਕੱਢਣ ਦੀ ਕੋਸ਼ਿਸ਼ ਕਰਨ ਦੀ ਲੋੜ ਨਹੀਂ ਸੀ। ਵੱਢੇ ਗਏ ਜਾਨਵਰ ਦਾ ਲਹੂ ਚੰਗੀ ਤਰ੍ਹਾਂ ਵਹਾਉਣ ਤੋਂ ਬਾਅਦ ਉਹ ਇਸ ਨੂੰ ਖਾ ਸਕਦੇ ਸਨ। ਇਸ ਨਾਲ ਉਨ੍ਹਾਂ ਦੀ ਜ਼ਮੀਰ ਸ਼ੁੱਧ ਰਹਿੰਦੀ ਸੀ ਕਿਉਂਕਿ ਉਨ੍ਹਾਂ ਨੇ ਯਹੋਵਾਹ ਦਾ ਨਿਯਮ ਮੰਨਿਆ ਸੀ।

7. ਦਾਊਦ ਨੇ ਕਿਵੇਂ ਦਿਖਾਇਆ ਕਿ ਉਹ ਲਹੂ ਦੀ ਕਦਰ ਕਰਦਾ ਸੀ?

7 ਪਰਮੇਸ਼ੁਰ ਨੂੰ “ਦਿਲੋਂ ਖ਼ੁਸ਼” ਕਰਨ ਵਾਲਾ ਦਾਊਦ ਲਹੂ ਦੀ ਪਵਿੱਤਰਤਾ ਨੂੰ ਸਮਝਦਾ ਸੀ। (ਰਸੂਲਾਂ ਦੇ ਕੰਮ 13:22) ਇਕ ਵਾਰੀ ਉਸ ਨੂੰ ਬਹੁਤ ਪਿਆਸ ਲੱਗੀ। ਉਸ ਦੇ  ਤਿੰਨ ਬੰਦੇ ਆਪਣੀ ਜਾਨ ਤਲੀ ’ਤੇ ਧਰ ਕੇ ਦੁਸ਼ਮਣਾਂ ਦੇ ਡੇਰੇ ਵਿਚ ਗਏ ਅਤੇ ਉਨ੍ਹਾਂ ਨੇ ਖੂਹ ਵਿੱਚੋਂ ਪਾਣੀ ਕੱਢਿਆ ਅਤੇ ਉਸ ਨੂੰ ਲਿਆ ਕੇ ਦਿੱਤਾ। ਕੀ ਉਸ ਨੇ ਉਹ ਪਾਣੀ ਪੀਤਾ? ਉਸ ਨੇ ਕਿਹਾ: “ਏਹੋ ਜਿਹਾ ਕਰਨਾ ਮੈਥੋਂ ਪਰੇ ਹੋਵੇ ਕਿਉਂ ਜੋ ਏਹ ਉਨ੍ਹਾਂ ਲੋਕਾਂ ਦਾ ਲਹੂ ਹੈ ਜੋ ਆਪਣੀ ਜਿੰਦ ਨੂੰ ਤਲੀ ਉੱਤੇ ਰੱਖ ਕੇ ਗਏ!” ਦਾਊਦ ਦੀਆਂ ਨਜ਼ਰਾਂ ਵਿਚ ਉਹ ਪਾਣੀ ਉਸ ਦੇ ਬੰਦਿਆਂ ਦੇ ਲਹੂ ਦੇ ਬਰਾਬਰ ਸੀ, ਇਸ ਲਈ ਉਸ ਨੇ ਪਾਣੀ “ਯਹੋਵਾਹ ਦੇ ਅੱਗੇ ਡੋਲ੍ਹ ਦਿੱਤਾ।”​—2 ਸਮੂਏਲ 23:15-17.

8, 9. ਕੀ ਜ਼ਿੰਦਗੀ ਅਤੇ ਲਹੂ ਬਾਰੇ ਪਰਮੇਸ਼ੁਰ ਦਾ ਨਜ਼ਰੀਆ ਪਹਿਲੀ ਸਦੀ ਵਿਚ ਬਦਲ ਗਿਆ ਸੀ? ਸਮਝਾਓ।

 8 ਨੂਹ ਨੂੰ ਹੁਕਮ ਦੇਣ ਤੋਂ ਤਕਰੀਬਨ 2,400 ਸਾਲ ਬਾਅਦ ਅਤੇ ਮੂਸਾ ਦੇ ਕਾਨੂੰਨ ਦੇਣ ਤੋਂ ਲਗਭਗ 1,500 ਸਾਲ ਬਾਅਦ ਯਹੋਵਾਹ ਨੇ ਪਹਿਲੀ ਸਦੀ ਦੀ ਪ੍ਰਬੰਧਕ ਸਭਾ ਨੂੰ ਇਹ ਲਿਖਣ ਲਈ ਪ੍ਰੇਰਿਆ: “ਪਵਿੱਤਰ ਸ਼ਕਤੀ ਦੀ ਮਦਦ ਨਾਲ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਇਨ੍ਹਾਂ ਜ਼ਰੂਰੀ ਗੱਲਾਂ ਤੋਂ ਸਿਵਾਇ ਅਸੀਂ ਤੁਹਾਡੇ ਉੱਤੇ ਵਾਧੂ ਬੋਝ ਨਾ ਪਾਈਏ ਕਿ ਤੁਸੀਂ ਮੂਰਤੀਆਂ ਨੂੰ ਚੜ੍ਹਾਈਆਂ ਚੀਜ਼ਾਂ ਤੋਂ, ਲਹੂ ਤੋਂ, ਗਲਾ ਘੁੱਟ ਕੇ ਮਾਰੇ ਜਾਨਵਰਾਂ ਦੇ ਮਾਸ ਤੋਂ ਅਤੇ ਹਰਾਮਕਾਰੀ ਤੋਂ ਦੂਰ ਰਹੋ।”​—ਰਸੂਲਾਂ ਦੇ ਕੰਮ 15:28, 29.

9 ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਉਸ ਵੇਲੇ ਪ੍ਰਬੰਧਕ ਸਭਾ ਜਾਣਦੀ ਸੀ ਕਿ ਲਹੂ ਪਵਿੱਤਰ ਹੈ ਅਤੇ ਇਸ ਦਾ ਗ਼ਲਤ ਇਸਤੇਮਾਲ ਕਰਨਾ ਮੂਰਤੀ-ਪੂਜਾ ਜਾਂ ਹਰਾਮਕਾਰੀ ਕਰਨ ਦੇ ਬਰਾਬਰ ਹੈ। ਅੱਜ ਵੀ ਸੱਚੇ ਮਸੀਹੀ ਇਸ ਸਿੱਖਿਆ ਉੱਤੇ ਚੱਲਦੇ ਹਨ। ਇਸ ਤੋਂ ਇਲਾਵਾ ਉਹ ਬਾਈਬਲ ਦੇ ਅਸੂਲਾਂ ਉੱਤੇ ਸੋਚ-ਵਿਚਾਰ ਕਰ ਕੇ ਲਹੂ ਨਾ ਲੈਣ ਦਾ ਫ਼ੈਸਲਾ ਕਰਦੇ ਹਨ ਅਤੇ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ।

ਇਲਾਜ ਵਿਚ ਲਹੂ ਦੀ ਵਰਤੋਂ

ਲਹੂ ਦੇ ਅੰਸ਼ਾਂ ਤੋਂ ਬਣਾਈਆਂ ਦਵਾਈਆਂ ਦੀ ਵਰਤੋਂ ਸੰਬੰਧੀ ਮੈਂ ਜੋ ਵੀ ਫ਼ੈਸਲਾ ਕੀਤਾ ਹੈ, ਕੀ ਮੈਂ ਉਸ ਬਾਰੇ ਡਾਕਟਰ ਨੂੰ ਸਾਫ਼-ਸਾਫ਼ ਸਮਝਾ ਸਕਾਂਗਾ?

10, 11. (ੳ) ਲਹੂ ਅਤੇ ਇਸ ਦੇ ਚਾਰ ਮੁੱਖ ਤੱਤ ਲੈਣ ਪ੍ਰਤੀ ਯਹੋਵਾਹ ਦੇ ਗਵਾਹਾਂ ਦਾ ਕੀ ਨਜ਼ਰੀਆ ਹੈ? (ਅ) ਕਿਨ੍ਹਾਂ ਮਾਮਲਿਆਂ ਬਾਰੇ ਮਸੀਹੀਆਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਹਨ?

10 ਯਹੋਵਾਹ ਦੇ ਗਵਾਹ ਸਮਝਦੇ ਹਨ ਕਿ ‘ਲਹੂ ਤੋਂ ਬਚੇ ਰਹਿਣ’ ਦਾ ਮਤਲਬ ਹੈ ਕਿ ਨਾ ਖ਼ੂਨ ਲੈਣਾ ਤੇ ਨਾ ਖ਼ੂਨ ਦੇਣਾ ਅਤੇ ਨਾ ਹੀ ਆਪਣਾ ਖ਼ੂਨ ਸਟੋਰ ਕਰਨਾ ਤਾਂਕਿ ਬਾਅਦ ਵਿਚ ਲੋੜ ਪੈਣ ’ਤੇ ਦੁਬਾਰਾ ਲਿਆ ਜਾ ਸਕੇ। ਪਰਮੇਸ਼ੁਰ ਦੇ ਨਿਯਮ ਉੱਤੇ ਚੱਲਦੇ ਹੋਏ ਉਹ ਖ਼ੂਨ ਦੇ ਚਾਰ ਮੁੱਖ ਤੱਤ​—ਲਾਲ ਸੈੱਲ, ਚਿੱਟੇ ਸੈੱਲ, ਪਲੇਟਲੈਟ ਅਤੇ ਪਲਾਜ਼ਮਾ​—ਵੀ ਨਹੀਂ ਲੈਂਦੇ।

11 ਪਰ ਅੱਜ ਲਹੂ ਦੇ ਹਰ ਤੱਤ ਨੂੰ ਅੱਗੋਂ ਛੋਟੇ-ਛੋਟੇ ਅੰਸ਼ਾਂ ਜਾਂ ਫਰੈਕਸ਼ਨਾਂ ਵਿਚ ਵੰਡਿਆ ਜਾ ਸਕਦਾ ਹੈ। ਇਨ੍ਹਾਂ ਅੰਸ਼ਾਂ ਨੂੰ ਇਲਾਜ ਵਿਚ ਕਈ ਤਰੀਕਿਆਂ ਨਾਲ ਵਰਤਿਆ ਜਾਂਦਾ ਹੈ। ਕੀ ਇਕ ਮਸੀਹੀ ਨੂੰ ਲਹੂ ਦੇ ਅੰਸ਼ਾਂ ਤੋਂ ਬਣੀਆਂ ਦਵਾਈਆਂ ਵਗੈਰਾ ਸਵੀਕਾਰ ਕਰਨੀਆਂ ਚਾਹੀਦੀਆਂ ਹਨ? ਕੀ ਉਸ ਦੀ ਨਜ਼ਰ ਵਿਚ ਲਹੂ ਦੇ ਅੰਸ਼ਾਂ ਤੋਂ ਬਣੀ ਦਵਾਈ “ਲਹੂ” ਲੈਣ ਦੇ ਬਰਾਬਰ ਹੈ? ਹਰ ਮਸੀਹੀ ਨੂੰ ਇਸ ਬਾਰੇ ਆਪ ਫ਼ੈਸਲਾ ਕਰਨਾ ਪਵੇਗਾ। ਹੀਮੋਡਾਇਆਲਿਸਸ, ਹੀਮੋਡਾਈਲੂਸ਼ਨ ਅਤੇ ਸੈੱਲ ਸਾਲਵੇਜ ਵਰਗੀਆਂ ਵਿਧੀਆਂ ਵਿਚ ਮਰੀਜ਼ ਦਾ ਆਪਣਾ ਖ਼ੂਨ ਵਰਤਿਆ ਜਾਂਦਾ ਹੈ  ਬਸ਼ਰਤੇ ਖ਼ੂਨ ਪਹਿਲਾਂ ਸਟੋਰ ਨਾ ਕੀਤਾ ਗਿਆ ਹੋਵੇ। ਇਨ੍ਹਾਂ ਵਿਧੀਆਂ ਬਾਰੇ ਵੀ ਮਸੀਹੀਆਂ ਨੂੰ ਆਪ ਫ਼ੈਸਲਾ ਕਰਨਾ ਪਵੇਗਾ।​—ਇਸ ਬਾਰੇ ਦਿੱਤੀ ਗਈ ਵਧੇਰੇ ਜਾਣਕਾਰੀ “ਲਹੂ ਦੇ ਅੰਸ਼ ਅਤੇ ਓਪਰੇਸ਼ਨ ਦੌਰਾਨ ਇਲਾਜ ਦੀਆਂ ਵਿਧੀਆਂ” ਦੇਖੋ।

12. ਜੋ ਫ਼ੈਸਲੇ ਅਸੀਂ ਆਪਣੀ ਜ਼ਮੀਰ ਮੁਤਾਬਕ ਕਰਨੇ ਹਨ ਉਨ੍ਹਾਂ ਬਾਰੇ ਸਾਡਾ ਨਜ਼ਰੀਆ ਕੀ ਹੋਣਾ ਚਾਹੀਦਾ ਹੈ?

12 ਇਲਾਜ ਸੰਬੰਧੀ ਜੋ ਫ਼ੈਸਲੇ ਸਾਡੇ ਉੱਤੇ ਛੱਡੇ ਗਏ ਹਨ, ਕੀ ਉਹ ਪਰਮੇਸ਼ੁਰ ਦੀ ਨਜ਼ਰ ਵਿਚ ਘੱਟ ਅਹਿਮੀਅਤ ਰੱਖਦੇ ਹਨ? ਨਹੀਂ। ਸਾਡੇ ਦਿਲਾਂ ਤੇ ਮਨਾਂ ਨੂੰ ਪਰਖਣ ਵਾਲਾ ਯਹੋਵਾਹ ਜਾਣਦਾ ਹੈ ਕਿ ਅਸੀਂ ਫ਼ੈਸਲੇ ਕਿਸ ਆਧਾਰ ਤੇ ਕਰਦੇ ਹਾਂ। (ਕਹਾਉਤਾਂ 17:3; 24:12 ਪੜ੍ਹੋ।) ਇਸ ਲਈ ਪ੍ਰਾਰਥਨਾ ਕਰਨ ਅਤੇ ਲਹੂ ਦੇ ਅੰਸ਼ ਤੋਂ ਬਣੀ ਦਵਾਈ ਜਾਂ ਵਿਧੀ ਉੱਤੇ ਰੀਸਰਚ ਕਰਨ ਤੋਂ ਬਾਅਦ ਸਾਨੂੰ ਆਪਣੀ ਜ਼ਮੀਰ ਦੇ ਮੁਤਾਬਕ ਫ਼ੈਸਲਾ ਕਰਨਾ ਚਾਹੀਦਾ ਹੈ। (ਰੋਮੀਆਂ 14:2, 22, 23) ਇਸ ਮਾਮਲੇ ਵਿਚ ਸਾਨੂੰ ਦੂਸਰਿਆਂ ਨੂੰ ਸਾਡੇ ਵਾਸਤੇ ਫ਼ੈਸਲੇ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਨਾ ਹੀ ਸਾਨੂੰ ਦੂਸਰਿਆਂ ਨੂੰ ਪੁੱਛਣਾ ਚਾਹੀਦਾ ਹੈ, “ਜੇ ਤੁਸੀਂ ਮੇਰੀ ਜਗ੍ਹਾ ਹੁੰਦੇ  ਤਾਂ ਕੀ ਕਰਦੇ?” ਅਜਿਹੇ ਮਾਮਲਿਆਂ ਵਿਚ ਹਰ ਮਸੀਹੀ ਨੇ “ਆਪਣੀ ਜ਼ਿੰਮੇਵਾਰੀ ਦਾ ਭਾਰ ਆਪ ਚੁੱਕਣਾ” ਹੈ।​—ਗਲਾਤੀਆਂ 6:5; ਰੋਮੀਆਂ 14:12; “ ਕੀ ਮੇਰੇ ਲਈ ਲਹੂ ਪਵਿੱਤਰ ਹੈ?” ਨਾਮਕ ਡੱਬੀ ਦੇਖੋ।

ਯਹੋਵਾਹ ਦੇ ਨਿਯਮ ਉਸ ਦੇ ਪਿਆਰ ਦਾ ਸਬੂਤ ਹਨ

13. ਯਹੋਵਾਹ ਦੇ ਨਿਯਮਾਂ ਅਤੇ ਅਸੂਲਾਂ ਤੋਂ ਉਸ ਬਾਰੇ ਕੀ ਪਤਾ ਲੱਗਦਾ ਹੈ? ਸਮਝਾਓ।

13 ਬਾਈਬਲ ਵਿਚ ਪਾਏ ਜਾਂਦੇ ਨਿਯਮਾਂ ਅਤੇ ਅਸੂਲਾਂ ਤੋਂ ਸਾਡੇ ਪਿਤਾ ਯਹੋਵਾਹ ਦੀ ਬੁੱਧੀਮਾਨੀ ਅਤੇ ਪਿਆਰ ਦਾ ਸਬੂਤ ਮਿਲਦਾ ਹੈ। ਇਨ੍ਹਾਂ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਸਾਡਾ ਭਲਾ ਚਾਹੁੰਦਾ ਹੈ। (ਜ਼ਬੂਰਾਂ ਦੀ ਪੋਥੀ 19:7-11) ਭਾਵੇਂ ਕਿ ਯਹੋਵਾਹ ਨੇ ‘ਲਹੂ ਤੋਂ ਦੂਰ ਰਹਿਣ’ ਦਾ ਹੁਕਮ ਬੀਮਾਰੀਆਂ ਤੋਂ ਬਚਾਉਣ ਲਈ ਨਹੀਂ ਦਿੱਤਾ ਸੀ, ਪਰ ਇਸ ਹੁਕਮ ਉੱਤੇ ਚੱਲਣ ਕਰਕੇ ਸਾਨੂੰ ਲਹੂ ਲੈਣ ਨਾਲ ਹੋਣ ਵਾਲੀਆਂ ਬੀਮਾਰੀਆਂ ਨਹੀਂ ਲੱਗਦੀਆਂ। (ਰਸੂਲਾਂ ਦੇ ਕੰਮ 15:20) ਅੱਜ-ਕੱਲ੍ਹ ਬਹੁਤ ਸਾਰੇ ਡਾਕਟਰ ਕਹਿੰਦੇ ਹਨ ਕਿ ਖ਼ੂਨ ਚੜ੍ਹਾਏ ਬਿਨਾਂ ਓਪਰੇਸ਼ਨ ਕਰਨਾ ਹੀ ਸੁਰੱਖਿਅਤ ਹੈ। ਡਾਕਟਰਾਂ ਦੀ ਇਸ ਗੱਲ ਤੋਂ ਸੱਚੇ ਮਸੀਹੀਆਂ ਦਾ ਯਹੋਵਾਹ ਦੀ ਬੁੱਧੀ ਅਤੇ ਪਿਆਰ ਉੱਤੇ ਭਰੋਸਾ ਹੋਰ ਪੱਕਾ ਹੋ ਜਾਂਦਾ ਹੈ।​—ਯਸਾਯਾਹ 55:9 ਪੜ੍ਹੋ; ਯੂਹੰਨਾ 14:21, 23.

14, 15. (ੳ) ਯਹੋਵਾਹ ਦੇ ਨਿਯਮਾਂ ਤੋਂ ਉਸ ਦੇ ਪਿਆਰ ਦਾ ਸਬੂਤ ਕਿਵੇਂ ਮਿਲਦਾ ਹੈ? (ਅ) ਇਜ਼ਰਾਈਲੀਆਂ ਨੂੰ ਦਿੱਤੇ ਹੁਕਮਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ?

14 ਇਜ਼ਰਾਈਲੀਆਂ ਨੂੰ ਦਿੱਤੇ ਨਿਯਮਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਨ੍ਹਾਂ ਦੀ ਕਿੰਨੀ ਪਰਵਾਹ ਕਰਦਾ ਸੀ। ਉਦਾਹਰਣ ਲਈ, ਇਜ਼ਰਾਈਲੀ ਆਪਣੇ ਘਰਾਂ ਦੇ ਕੋਠਿਆਂ ਉੱਤੇ ਉੱਠਦੇ-ਬੈਠਦੇ ਅਤੇ ਕੰਮ-ਕਾਰ ਕਰਦੇ ਸਨ। ਇਸ ਲਈ ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਉਹ ਆਪਣੇ ਘਰਾਂ ਦੇ ਕੋਠਿਆਂ ਦੇ ਬਨੇਰੇ ਬੰਨ੍ਹਣ ਤਾਂਕਿ ਕੋਈ ਥੱਲੇ ਨਾ ਡਿੱਗੇ। (ਬਿਵਸਥਾ ਸਾਰ 22:8; 1 ਸਮੂਏਲ 9:25, 26; ਨਹਮਯਾਹ 8:16; ਰਸੂਲਾਂ ਦੇ ਕੰਮ 10:9) ਯਹੋਵਾਹ ਨੇ ਇਹ ਵੀ ਹੁਕਮ ਦਿੱਤਾ ਸੀ ਕਿ ਸਿੰਗ ਮਾਰਨ ਵਾਲੇ ਬਲਦਾਂ ਨੂੰ ਬੰਨ੍ਹ ਕੇ ਰੱਖਿਆ ਜਾਵੇ। (ਕੂਚ 21:28, 29) ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਦਿਖਾਉਂਦੇ ਸਨ ਕਿ ਉਨ੍ਹਾਂ ਨੂੰ ਦੂਜਿਆਂ ਦੀ ਜ਼ਿੰਦਗੀ ਦੀ ਕੋਈ ਕਦਰ ਨਹੀਂ ਸੀ। ਆਪਣੀ ਲਾਪਰਵਾਹੀ ਕਰਕੇ ਉਹ ਖ਼ੂਨ ਦੇ ਦੋਸ਼ੀ ਬਣ ਸਕਦੇ ਸਨ।

15 ਇਨ੍ਹਾਂ ਹੁਕਮਾਂ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਕੀ ਸਾਨੂੰ ਆਪਣੀ ਗੱਡੀ ਅਤੇ ਡ੍ਰਾਈਵਿੰਗ ਕਰਨ ਦੇ ਢੰਗ ਵੱਲ ਧਿਆਨ ਦੇਣ ਦੀ ਲੋੜ ਹੈ? ਕੀ ਸਾਡਾ ਪਾਲਤੂ ਜਾਨਵਰ ਵੱਢਦਾ ਤਾਂ ਨਹੀਂ? ਕੀ ਸਾਡੇ ਘਰ ਅਤੇ ਕੰਮ ਦੀ ਜਗ੍ਹਾ ’ਤੇ ਕਿਸੇ ਨੂੰ ਸੱਟ  ਲੱਗਣ ਦਾ ਖ਼ਤਰਾ ਤਾਂ ਨਹੀਂ? ਕਿਤੇ ਸਾਡਾ ਮਨੋਰੰਜਨ ਖ਼ਤਰਨਾਕ ਤਾਂ ਨਹੀਂ? ਕੁਝ ਦੇਸ਼ਾਂ ਵਿਚ ਨੌਜਵਾਨਾਂ ਦੀ ਮੌਤ ਜ਼ਿਆਦਾ ਕਰਕੇ ਹਾਦਸਿਆਂ ਵਿਚ ਹੁੰਦੀ ਹੈ। ਨੌਜਵਾਨ ਜੋਸ਼ ਵਿਚ ਆ ਕੇ ਖ਼ਤਰੇ ਮੁੱਲ ਲੈਂਦੇ ਹਨ। ਪਰ ਯਹੋਵਾਹ ਨੂੰ ਪਿਆਰ ਕਰਨ ਵਾਲੇ ਨੌਜਵਾਨਾਂ ਨੂੰ ਜ਼ਿੰਦਗੀ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਖ਼ਤਰਨਾਕ ਕੰਮਾਂ ਤੋਂ ਮਜ਼ਾ ਨਹੀਂ ਲੈਣਾ ਚਾਹੀਦਾ। ਉਨ੍ਹਾਂ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਜਵਾਨ ਹੋਣ ਕਰਕੇ ਉਨ੍ਹਾਂ ਨੂੰ ਕੁਝ ਨਹੀਂ ਹੋਵੇਗਾ। ਇਸ ਦੀ ਬਜਾਇ ਉਹ ਖ਼ਤਰਿਆਂ ਤੋਂ ਦੂਰ ਰਹਿ ਕੇ ਆਪਣੀ ਜਵਾਨੀ ਮਾਣ ਸਕਦੇ ਹਨ।​—ਉਪਦੇਸ਼ਕ ਦੀ ਪੋਥੀ 11:9, 10.

16. ਗਰਭਪਾਤ ਬਾਰੇ ਬਾਈਬਲ ਵਿਚ ਕਿਹੜਾ ਅਸੂਲ ਦਿੱਤਾ ਗਿਆ ਹੈ? (ਫੁਟਨੋਟ ਵੀ ਦੇਖੋ।)

16 ਅਣਜੰਮੇ ਬੱਚੇ ਦੀ ਜ਼ਿੰਦਗੀ ਪ੍ਰਤੀ ਯਹੋਵਾਹ ਦਾ ਕੀ ਨਜ਼ਰੀਆ ਹੈ? ਧਿਆਨ ਦਿਓ ਕਿ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ: “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖ਼ਮੀ ਕਰ ਦੇਣ। ਇਸ ਨਾਲ ਹੋ ਸਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ, ਤਾਂ ਜਿਸ ਬੰਦੇ ਨੇ ਉਸਨੂੰ ਜ਼ਖਮੀ ਕੀਤਾ ਉਸਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। . . . ਜੇ ਕੋਈ ਬੰਦਾ [ਯਾਨੀ ਤੀਵੀਂ ਜਾਂ ਅਣਜੰਮਿਆ ਬੱਚਾ] ਮਰ ਜਾਂਦਾ ਹੈ ਤਾਂ ਜਿਸ ਨੇ ਮਾਰਿਆ ਉਸਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ।” * (ਕੂਚ 21:22, 23, ERV) ਇਸ ਤੋਂ ਪਤਾ ਲੱਗਦਾ ਹੈ ਕਿ ਅਣਜੰਮੇ ਬੱਚੇ ਦੀ ਜ਼ਿੰਦਗੀ ਵੀ ਯਹੋਵਾਹ ਦੀਆਂ ਨਜ਼ਰਾਂ ਵਿਚ ਅਨਮੋਲ ਹੈ। ਪਰ ਅੱਜ-ਕੱਲ੍ਹ ਧੜਾਧੜ ਗਰਭਪਾਤ ਕੀਤੇ ਜਾਂਦੇ ਹਨ ਕਿਉਂਕਿ ਲੋਕ ਬੱਚੇ ਨਹੀਂ ਚਾਹੁੰਦੇ ਜਾਂ ਕਈ ਆਪਣੇ ਗੰਦੇ ਕੰਮਾਂ ਦੀ ਨਿਸ਼ਾਨੀ ਮਿਟਾਉਣੀ ਚਾਹੁੰਦੇ ਹਨ। ਜ਼ਰਾ ਸੋਚੋ ਇੰਨੀਆਂ ਸਾਰੀਆਂ ਮਾਸੂਮ ਜਾਨਾਂ ਜਾਂਦੀਆਂ ਦੇਖ ਕੇ ਯਹੋਵਾਹ ਦਾ ਦਿਲ ਕਿੰਨਾ ਰੋਂਦਾ ਹੋਣਾ!

17. ਤੁਸੀਂ ਉਸ ਔਰਤ ਨੂੰ ਕਿਵੇਂ ਦਿਲਾਸਾ ਦਿਓਗੇ ਜਿਸ ਨੇ ਪਰਮੇਸ਼ੁਰ ਦੇ ਅਸੂਲਾਂ ਬਾਰੇ ਸਿੱਖਣ ਤੋਂ ਪਹਿਲਾਂ ਗਰਭਪਾਤ ਕਰਾਇਆ ਸੀ?

17 ਪਰ ਉਸ ਔਰਤ ਬਾਰੇ ਕੀ ਕਿਹਾ ਜਾ ਸਕਦਾ ਹੈ ਜਿਸ ਨੇ ਸੱਚਾਈ ਜਾਣਨ ਤੋਂ ਪਹਿਲਾਂ ਗਰਭਪਾਤ ਕਰਵਾਇਆ ਹੋਵੇ? ਕੀ ਪਰਮੇਸ਼ੁਰ ਉਸ ਨੂੰ ਮਾਫ਼ ਕਰੇਗਾ? ਹਾਂ  ਜ਼ਰੂਰ ਕਰੇਗਾ। ਜੋ ਇਨਸਾਨ ਦਿਲੋਂ ਪਛਤਾਵਾ ਕਰਦਾ ਹੈ, ਯਹੋਵਾਹ ਉਸ ਨੂੰ ਯਿਸੂ ਦੀ ਕੁਰਬਾਨੀ ਦੇ ਆਧਾਰ ਤੇ ਮਾਫ਼ ਕਰਦਾ ਹੈ। (ਜ਼ਬੂਰਾਂ ਦੀ ਪੋਥੀ 103:8-14; ਅਫ਼ਸੀਆਂ 1:7) ਯਿਸੂ ਨੇ ਆਪ ਵੀ ਕਿਹਾ ਸੀ: “ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਕਰਨ ਲਈ ਕਹਿਣ ਆਇਆਂ ਹਾਂ।”​—ਲੂਕਾ 5:32.

 ਮਨ ਵਿੱਚੋਂ ਨਫ਼ਰਤ ਕੱਢੋ

18. ਖ਼ੂਨ-ਖ਼ਰਾਬੇ ਦੇ ਮੁੱਖ ਕਾਰਨ ਬਾਰੇ ਬਾਈਬਲ ਕੀ ਕਹਿੰਦੀ ਹੈ?

18 ਯਹੋਵਾਹ ਸਿਰਫ਼ ਇਹੀ ਨਹੀਂ ਚਾਹੁੰਦਾ ਕਿ ਅਸੀਂ ਕਿਸੇ ਨੂੰ ਦੁੱਖ ਨਾ ਪਹੁੰਚਾਈਏ। ਉਹ ਇਹ ਵੀ ਚਾਹੁੰਦਾ ਹੈ ਕਿ ਅਸੀਂ ਆਪਣੇ ਦਿਲ ਵਿੱਚੋਂ ਨਫ਼ਰਤ ਦੀ ਜੜ੍ਹ ਨੂੰ ਪੁੱਟ ਦੇਈਏ ਕਿਉਂਕਿ ਨਫ਼ਰਤ ਕਰਕੇ ਦੁਨੀਆਂ ਵਿਚ ਬਹੁਤ ਖ਼ੂਨ ਵਹਾਇਆ ਜਾਂਦਾ ਹੈ। ਯੂਹੰਨਾ ਰਸੂਲ ਨੇ ਕਿਹਾ ਸੀ: “ਜਿਹੜਾ ਆਪਣੇ ਭਰਾ ਨਾਲ ਨਫ਼ਰਤ ਕਰਦਾ ਹੈ, ਉਹ ਕਾਤਲ ਹੈ।” (1 ਯੂਹੰਨਾ 3:15) ਅਜਿਹਾ ਇਨਸਾਨ ਆਪਣੇ ਭਰਾ ਨਾਲ ਇੰਨਾ ਵੈਰ ਰੱਖਦਾ ਹੈ ਕਿ ਉਹ ਮਨ-ਹੀ-ਮਨ ਚਾਹੁੰਦਾ ਹੈ ਕਿ ਉਸ ਦਾ ਭਰਾ ਮਰ ਜਾਵੇ ਤਾਂ ਚੰਗਾ। ਨਫ਼ਰਤ ਵਿਚ ਅੰਨ੍ਹਾ ਹੋ ਕੇ ਸ਼ਾਇਦ ਉਹ ਉਸ ਬਾਰੇ ਝੂਠੀਆਂ ਅਫ਼ਵਾਹਾਂ ਫੈਲਾਉਣ ਜਾਂ ਝੂਠੇ ਦੋਸ਼ ਲਾਉਣ ਲੱਗ ਪਵੇ। (ਲੇਵੀਆਂ 19:16; ਬਿਵਸਥਾ ਸਾਰ 19:18-21; ਮੱਤੀ 5:22) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਅਸੀਂ ਆਪਣੇ ਦਿਲ ਵਿੱਚੋਂ ਨਫ਼ਰਤ ਕੱਢ ਦੇਈਏ।​—ਯਾਕੂਬ 1:14, 15; 4:1-3.

19. ਬਾਈਬਲ ਦੇ ਅਸੂਲਾਂ ਉੱਤੇ ਚੱਲਣ ਵਾਲਾ ਇਨਸਾਨ ਭਜਨ 11:5 ਅਤੇ ਫ਼ਿਲਿੱਪੀਆਂ 4:8, 9 ਵਿਚ ਦੱਸੀਆਂ ਗੱਲਾਂ ਨੂੰ ਕਿਵੇਂ ਵਿਚਾਰਦਾ ਹੈ?

19 ਜੋ ਲੋਕ ਯਹੋਵਾਹ ਵਾਂਗ ਜ਼ਿੰਦਗੀ ਦੀ ਕਦਰ ਕਰਦੇ ਹਨ ਅਤੇ ਉਸ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣਾ ਚਾਹੁੰਦੇ ਹਨ, ਉਹ ਹਿੰਸਾ ਤੋਂ ਵੀ ਦੂਰ ਰਹਿੰਦੇ ਹਨ। ਬਾਈਬਲ ਕਹਿੰਦੀ ਹੈ ਕਿ ਯਹੋਵਾਹ “ਹਿੰਸਾ ਪਰਸਤਾਂ ਨੂੰ ਦਿਲੋਂ ਘਿਰਣਾ ਕਰਦਾ ਹੈ।” (ਭਜਨ 11:5, CL) ਇਸ ਆਇਤ ਤੋਂ ਯਹੋਵਾਹ ਦੇ ਸੁਭਾਅ ਬਾਰੇ ਹੀ ਨਹੀਂ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਸਾਨੂੰ ਹਿੰਸਾ ਬਾਰੇ ਕਿਵੇਂ ਮਹਿਸੂਸ ਕਰਨਾ ਚਾਹੀਦਾ ਹੈ। ਯਹੋਵਾਹ ਨੂੰ ਪ੍ਰੇਮ ਕਰਨ ਵਾਲੇ ਲੋਕ ਅਜਿਹੇ ਮਨੋਰੰਜਨ ਤੋਂ ਦੂਰ ਰਹਿੰਦੇ ਹਨ ਜੋ ਉਨ੍ਹਾਂ ਵਿਚ ਹਿੰਸਾ ਪ੍ਰਤੀ ਰੁਚੀ ਪੈਦਾ ਕਰੇ। ਬਾਈਬਲ ਇਹ ਵੀ ਕਹਿੰਦੀ ਹੈ ਕਿ ਯਹੋਵਾਹ “ਸ਼ਾਂਤੀ ਦਾ ਪਰਮੇਸ਼ੁਰ” ਹੈ, ਇਸ ਕਰਕੇ ਸਾਨੂੰ ਆਪਣੇ ਮਨ ਚੰਗੀਆਂ ਗੱਲਾਂ ਨਾਲ ਭਰ ਕੇ ਸ਼ਾਂਤੀ-ਪਸੰਦ ਇਨਸਾਨ ਬਣਨਾ ਚਾਹੀਦਾ ਹੈ।​—ਫ਼ਿਲਿੱਪੀਆਂ 4:8, 9 ਪੜ੍ਹੋ।

ਖ਼ੂਨੀ ਸੰਸਥਾਵਾਂ ਤੋਂ ਦੂਰ ਰਹੋ

20-22. ਸੱਚੇ ਮਸੀਹੀਆਂ ਦਾ ਦੁਨੀਆਂ ਪ੍ਰਤੀ ਕੀ ਰਵੱਈਆ ਹੈ ਅਤੇ ਕਿਉਂ?

20 ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸ਼ੈਤਾਨ ਦੀ ਪੂਰੀ ਦੁਨੀਆਂ ਖ਼ੂਨੀ ਹੈ। ਬਾਈਬਲ ਵਿਚ ਰਾਜਨੀਤਿਕ ਸੰਸਥਾਵਾਂ ਨੂੰ ਵਹਿਸ਼ੀ ਜਾਨਵਰਾਂ ਦੁਆਰਾ ਦਰਸਾਇਆ ਗਿਆ ਹੈ। ਇਨ੍ਹਾਂ ਸੰਸਥਾਵਾਂ ਨੇ ਅਣਗਿਣਤ ਲੋਕਾਂ, ਜਿਨ੍ਹਾਂ ਵਿਚ ਪਰਮੇਸ਼ੁਰ ਦੇ ਸੇਵਕ ਵੀ ਸ਼ਾਮਲ  ਹਨ, ਦਾ ਲਹੂ ਵਹਾਇਆ ਹੈ। (ਦਾਨੀਏਲ 8:3, 4, 20-22; ਪ੍ਰਕਾਸ਼ ਦੀ ਕਿਤਾਬ 13:1, 2, 7, 8) ਰਾਜਨੀਤਿਕ ਤਾਕਤਾਂ, ਵਪਾਰੀਆਂ ਅਤੇ ਵਿਗਿਆਨੀਆਂ ਨੇ ਮਿਲ ਕੇ ਧਨ-ਦੌਲਤ ਕਮਾਉਣ ਲਈ ਖ਼ਤਰਨਾਕ ਅਤੇ ਮਾਰੂ ਹਥਿਆਰ ਬਣਾਏ ਹਨ। ਇਨ੍ਹਾਂ ਗੱਲਾਂ ਤੋਂ ਸਾਫ਼ ਦਿਖਾਈ ਦਿੰਦਾ ਹੈ ਕਿ “ਸਾਰੀ ਦੁਨੀਆਂ ਉਸ ਦੁਸ਼ਟ ਦੇ ਵੱਸ ਵਿਚ ਹੈ”!​—1 ਯੂਹੰਨਾ 5:19.

21 ਕਿਉਂਕਿ ਯਿਸੂ ਦੇ ਚੇਲੇ “ਦੁਨੀਆਂ ਵਰਗੇ ਨਹੀਂ,” ਇਸ ਲਈ ਉਹ ਰਾਜਨੀਤਿਕ ਮਾਮਲਿਆਂ ਵਿਚ ਅਤੇ ਲੜਾਈਆਂ ਵਿਚ ਕਿਸੇ ਦਾ ਪੱਖ ਨਹੀਂ ਲੈਂਦੇ। ਇਸ ਤਰ੍ਹਾਂ ਉਹ ਕਿਸੇ ਦੇ ਖ਼ੂਨ ਦੇ ਦੋਸ਼ੀ ਨਹੀਂ ਬਣਦੇ। * (ਯੂਹੰਨਾ 15:19; 17:16) ਮਸੀਹ ਦੀ ਰੀਸ ਕਰਦੇ ਹੋਏ ਉਹ ਆਪਣੇ ਸਤਾਉਣ ਵਾਲਿਆਂ ਨਾਲ ਨਹੀਂ ਲੜਦੇ। ਇਸ ਦੀ ਬਜਾਇ ਉਹ ਆਪਣੇ ਵੈਰੀਆਂ ਨਾਲ ਪਿਆਰ ਕਰਦੇ ਹਨ, ਇੱਥੋਂ ਤਕ ਕਿ ਉਹ ਉਨ੍ਹਾਂ ਲਈ ਪ੍ਰਾਰਥਨਾ ਵੀ ਕਰਦੇ ਹਨ।​—ਮੱਤੀ 5:44; ਰੋਮੀਆਂ 12:17-21.

22 ਸੱਚੇ ਮਸੀਹੀ “ਮਹਾਂ ਬਾਬਲ” ਯਾਨੀ ਇਸ ਦੁਨੀਆਂ ਦੇ ਧਰਮਾਂ ਨਾਲ ਕੋਈ ਵਾਸਤਾ ਨਹੀਂ ਰੱਖਦੇ। ਧਰਮਾਂ ਨੇ ਸਭ ਤੋਂ ਜ਼ਿਆਦਾ ਖ਼ੂਨ ਵਹਾਇਆ ਹੈ। ਇਨ੍ਹਾਂ ਧਰਮਾਂ ਬਾਰੇ ਪਰਮੇਸ਼ੁਰ ਦਾ ਬਚਨ ਕਹਿੰਦਾ ਹੈ: “ਇਸ ਸ਼ਹਿਰ ਵਿਚ ਨਬੀਆਂ ਤੇ ਪਵਿੱਤਰ  ਸੇਵਕਾਂ ਅਤੇ ਉਨ੍ਹਾਂ ਸਾਰਿਆਂ ਦਾ ਲਹੂ ਪਾਇਆ ਗਿਆ ਜਿਨ੍ਹਾਂ ਨੂੰ ਧਰਤੀ ਉੱਤੇ ਬੇਰਹਿਮੀ ਨਾਲ ਜਾਨੋਂ ਮਾਰਿਆ ਗਿਆ ਸੀ।” ਇਸ ਲਈ ਸਾਨੂੰ ਤਾਕੀਦ ਕੀਤੀ ਗਈ ਹੈ: “ਹੇ ਮੇਰੇ ਲੋਕੋ . . . ਉਸ ਤੋਂ ਦੂਰ ਹੋ ਜਾਵੋ।”​—ਪ੍ਰਕਾਸ਼ ਦੀ ਕਿਤਾਬ 17:6; 18:2, 4, 24.

23. ਦੁਨੀਆਂ ਦੇ ਧਰਮਾਂ ਵਿੱਚੋਂ ਨਿਕਲਣ ਦਾ ਕੀ ਮਤਲਬ ਹੈ?

23 ਦੁਨੀਆਂ ਦੇ ਧਰਮਾਂ ਵਿੱਚੋਂ ਨਿਕਲਣ ਦਾ ਮਤਲਬ ਹੈ ਕਿ ਉਨ੍ਹਾਂ ਨਾਲੋਂ ਪੂਰੀ ਤਰ੍ਹਾਂ ਆਪਣਾ ਨਾਤਾ ਤੋੜਨਾ। ਇਸ ਤੋਂ ਇਲਾਵਾ ਉਨ੍ਹਾਂ ਕੰਮਾਂ ਨਾਲ ਨਫ਼ਰਤ ਕਰਨੀ ਜਿਨ੍ਹਾਂ ਨੂੰ ਧਰਮ ਨਹੀਂ ਰੋਕਦੇ, ਸਗੋਂ ਹੱਲਾਸ਼ੇਰੀ ਦਿੰਦੇ ਹਨ ਜਿਵੇਂ ਕਿ ਹਰਾਮਕਾਰੀ, ਰਾਜਨੀਤੀ ਵਿਚ ਹਿੱਸਾ ਅਤੇ ਧਨ-ਦੌਲਤ ਦਾ ਲਾਲਚ। (ਜ਼ਬੂਰਾਂ ਦੀ ਪੋਥੀ 97:10 ਪੜ੍ਹੋ; ਪ੍ਰਕਾਸ਼ ਦੀ ਕਿਤਾਬ 18:7, 9, 11-17) ਇਨ੍ਹਾਂ ਕੰਮਾਂ ਕਰਕੇ ਬਹੁਤ ਸਾਰੇ ਲੋਕਾਂ ਦਾ ਖ਼ੂਨ ਵਹਿਆ ਹੈ।

24, 25. (ੳ) ਯਹੋਵਾਹ ਨੇ ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਖ਼ੂਨ ਦੇ ਦੋਸ਼ੀਆਂ ਨੂੰ ਮਾਫ਼ ਕਰਨ ਲਈ ਕਿਹੜਾ ਪ੍ਰਬੰਧ ਕੀਤਾ ਸੀ? (ਅ) ਅੱਜ ਇਸ ਨਾਲ ਮਿਲਦਾ-ਜੁਲਦਾ ਕਿਹੜਾ ਪ੍ਰਬੰਧ ਕੀਤਾ ਗਿਆ ਹੈ?

24 ਯਹੋਵਾਹ ਦੀ ਭਗਤੀ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਾਰੇ ਸ਼ੈਤਾਨ ਦੀ ਦੁਨੀਆਂ ਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਸਹਿਯੋਗ ਦਿੰਦੇ ਸੀ। ਇਸ ਕਰਕੇ ਦੁਨੀਆਂ ਦੁਆਰਾ ਵਹਾਏ ਖ਼ੂਨ ਲਈ ਕੁਝ ਹੱਦ ਤਕ ਅਸੀਂ ਵੀ ਜ਼ਿੰਮੇਵਾਰ ਸੀ। ਪਰ ਕਿਉਂਕਿ ਅਸੀਂ ਆਪਣੇ ਆਪ ਨੂੰ ਬਦਲ ਲਿਆ ਹੈ ਅਤੇ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰ ਕੇ ਯਹੋਵਾਹ ਦੀ ਸੇਵਾ ਕਰ ਰਹੇ ਹਾਂ, ਇਸ ਲਈ ਯਹੋਵਾਹ ਨੇ ਸਾਨੂੰ ਮਾਫ਼ ਕਰ ਕੇ ਆਪਣੀ ਪਨਾਹ ਹੇਠ ਲੈ ਲਿਆ ਹੈ। (ਰਸੂਲਾਂ ਦੇ ਕੰਮ 3:19) ਧਿਆਨ ਦਿਓ ਕਿ ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਯਹੋਵਾਹ ਨੇ ਪਨਾਹ ਦੇ ਨਗਰਾਂ ਰਾਹੀਂ ਰਾਖੀ ਦਾ ਪ੍ਰਬੰਧ ਕੀਤਾ ਸੀ।​—ਗਿਣਤੀ 35:11-15; ਬਿਵਸਥਾ ਸਾਰ 21:1-9.

25 ਇਹ ਪ੍ਰਬੰਧ ਕੀ ਸੀ? ਜੇ ਕਿਸੇ ਇਜ਼ਰਾਈਲੀ ਤੋਂ ਅਣਜਾਣੇ ਵਿਚ ਕਿਸੇ ਦੀ ਹੱਤਿਆ ਹੋ ਜਾਂਦੀ ਸੀ, ਤਾਂ ਉਹ ਭੱਜ ਕੇ ਪਨਾਹ ਦੇ ਨਗਰ ਵਿਚ ਜਾ ਸਕਦਾ ਸੀ। ਉੱਥੇ ਨਿਆਈ ਉਸ ਦਾ ਨਿਆਂ ਕਰਦੇ ਸਨ। ਮਹਾਂ ਪੁਜਾਰੀ ਦੀ ਮੌਤ ਤੋਂ ਬਾਅਦ ਹੀ ਉਹ ਪਨਾਹ ਦਾ ਨਗਰ ਛੱਡ ਕੇ ਕਿਤੇ ਹੋਰ ਰਹਿ ਸਕਦਾ ਸੀ। ਇਹ ਪਰਮੇਸ਼ੁਰ ਦੀ ਦਇਆ ਦੀ ਕਿੰਨੀ ਵਧੀਆ ਮਿਸਾਲ ਹੈ ਅਤੇ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਇਨਸਾਨਾਂ ਦੀ ਜ਼ਿੰਦਗੀ ਦੀ ਕਿੰਨੀ ਕਦਰ ਕਰਦਾ ਹੈ। ਯਹੋਵਾਹ ਨੇ ਅੱਜ ਵੀ ਇਸ ਦੇ ਨਾਲ ਮਿਲਦਾ-ਜੁਲਦਾ ਪ੍ਰਬੰਧ ਕੀਤਾ ਹੈ। ਇਹ ਪ੍ਰਬੰਧ ਹੈ ਯਿਸੂ ਮਸੀਹ ਦੀ ਕੁਰਬਾਨੀ।  ਜੇ ਸਾਡੇ ਤੋਂ ਜ਼ਿੰਦਗੀ ਅਤੇ ਲਹੂ ਦੀ ਬੇਕਦਰੀ ਹੋ ਜਾਂਦੀ ਹੈ, ਤਾਂ ­ਯਹੋਵਾਹ ਸਾਨੂੰ ਮਸੀਹ ਦੀ ਕੁਰਬਾਨੀ ਦੇ ਆਧਾਰ ਤੇ ਮਾਫ਼ ਕਰਦਾ ਹੈ। ਕੀ ਤੁਸੀਂ ਇਸ ਪ੍ਰਬੰਧ ਦੀ ਕਦਰ ਕਰਦੇ ਹੋ? ਤੁਸੀਂ ਆਪਣੀ ਕਦਰ ਕਿਵੇਂ ਦਿਖਾ ਸਕਦੇ ਹੋ? ਇਕ ਤਰੀਕਾ ਹੈ ਮਸੀਹ ਦੀ ਕੁਰਬਾਨੀ ਵਿਚ ਨਿਹਚਾ ਕਰਨ ਲਈ ਲੋਕਾਂ ਦੀ ਮਦਦ ਕਰਨੀ, ਕਿਉਂਕਿ ­“ਮਹਾਂਕਸ਼ਟ” ਬਹੁਤ ਤੇਜ਼ੀ ਨਾਲ ਨੇੜੇ ਆ ਰਿਹਾ ਹੈ।​—ਮੱਤੀ 24:21; 2 ਕੁਰਿੰਥੀਆਂ 6:1, 2.

ਰਾਜ ਦੇ ਸੰਦੇਸ਼ ਦਾ ਪ੍ਰਚਾਰ ਕਰ ਕੇ ਜ਼ਿੰਦਗੀ ਦੀ ਕਦਰ ਕਰੋ

26-28. ਨਬੀ ਹਿਜ਼ਕੀਏਲ ਵਾਂਗ ਅੱਜ ਸਾਨੂੰ ਕਿਹੜਾ ਕੰਮ ਸੌਂਪਿਆ ਗਿਆ ਹੈ ਅਤੇ ਅਸੀਂ ਪਰਮੇਸ਼ੁਰ ਨਾਲ ਆਪਣਾ ਪਿਆਰ ਕਿਵੇਂ ਬਰਕਰਾਰ ਰੱਖ ਸਕਦੇ ਹਾਂ?

26 ਪੁਰਾਣੇ ਜ਼ਮਾਨੇ ਵਿਚ ਜੋ ਜ਼ਿੰਮੇਵਾਰੀ ਹਿਜ਼ਕੀਏਲ ਨਬੀ ਨੂੰ ਦਿੱਤੀ ਗਈ ਸੀ, ਅੱਜ ਉਸੇ ਤਰ੍ਹਾਂ ਦੀ ਜ਼ਿੰਮੇਵਾਰੀ ਪਰਮੇਸ਼ੁਰ ਦੇ ਲੋਕਾਂ ਨੂੰ ਵੀ ਦਿੱਤੀ ਗਈ ਹੈ। ਯਹੋਵਾਹ ਨੇ ਹਿਜ਼ਕੀਏਲ ਨੂੰ ਇਜ਼ਰਾਈਲੀਆਂ ਦਾ ਰਾਖਾ ਬਣਾਇਆ ਸੀ। ਪਰਮੇਸ਼ੁਰ ਨੇ ਉਸ ਨੂੰ ਕਿਹਾ ਸੀ: “ਮੇਰੇ ਮੂੰਹ ਦਾ ਵਾਕ ਸੁਣ ਅਤੇ ਮੇਰੀ ਵੱਲੋਂ ਉਨ੍ਹਾਂ ਨੂੰ ਖ਼ਬਰਦਾਰ ਕਰ।” ਜੇ ਹਿਜ਼ਕੀਏਲ ਨਬੀ ਇਹ ਕੰਮ ਨਾ ਕਰਦਾ, ਤਾਂ ਯਰੂਸ਼ਲਮ ਦੇ ਨਾਸ਼ ਵੇਲੇ ਮਾਰੇ ਗਏ ਲੋਕਾਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਸੀ। (ਹਿਜ਼ਕੀਏਲ 33:7-9) ਪਰ ਹਿਜ਼ਕੀਏਲ ਨੇ ਯਹੋਵਾਹ ਦਾ ਕੰਮ ਕੀਤਾ ਜਿਸ ਕਰਕੇ ਉਹ ਖ਼ੂਨ ਦਾ ਦੋਸ਼ੀ ਨਹੀਂ ਬਣਿਆ।

27 ਸ਼ੈਤਾਨ ਦੀ ਦੁਨੀਆਂ ਦਾ ਅੰਤ ਨੇੜੇ ਹੈ ਇਸ ਲਈ ਯਹੋਵਾਹ ਦੇ ਗਵਾਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਯਹੋਵਾਹ ਦੇ “ਬਦਲਾ ਲੈਣ ਦੇ ਦਿਨ” ਦਾ ਐਲਾਨ ਕਰਨ। (ਯਸਾਯਾਹ 61:2; ਮੱਤੀ 24:14) ਕੀ ਤੁਸੀਂ ਇਸ ਅਹਿਮ ਕੰਮ ਵਿਚ ਪੂਰਾ ਹਿੱਸਾ ਲੈਂਦੇ ਹੋ? ਪੌਲੁਸ ਰਸੂਲ ਨੇ ਪੂਰੀ ਤਨਦੇਹੀ ਨਾਲ ਪ੍ਰਚਾਰ ਦਾ ਕੰਮ ਕੀਤਾ ਸੀ। ਇਸ ਕਰਕੇ ਉਹ ਕਹਿ ਸਕਿਆ: “ਮੈਂ ਸਾਰੇ ਲੋਕਾਂ ਦੇ ਲਹੂ ਤੋਂ ਨਿਰਦੋਸ਼ ਹਾਂ ਕਿਉਂਕਿ ਮੈਂ ਤੁਹਾਨੂੰ ਪਰਮੇਸ਼ੁਰ ਦੀ ਇੱਛਾ ਬਾਰੇ ਸਭ ਕੁਝ ਦੱਸਣ ਤੋਂ ਕਦੇ ਪਿੱਛੇ ਨਹੀਂ ਹਟਿਆ।” (ਰਸੂਲਾਂ ਦੇ ਕੰਮ 20:26, 27) ਉਸ ਨੇ ਸਾਡੇ ਲਈ ਕਿੰਨੀ ਵਧੀਆ ਮਿਸਾਲ ਕਾਇਮ ਕੀਤੀ, ਹੈ ਨਾ!

28 ਆਪਣੇ ਪਿਤਾ ਯਹੋਵਾਹ ਨਾਲ ਆਪਣੇ ਪਿਆਰ ਨੂੰ ਬਰਕਰਾਰ ਰੱਖਣ ਲਈ ਜ਼ਿੰਦਗੀ ਅਤੇ ਲਹੂ ਦੀ ਕਦਰ ਕਰਨ ਤੋਂ ਇਲਾਵਾ ਸਾਨੂੰ ਕੁਝ ਹੋਰ ਵੀ ਕਰਨ ਦੀ ਲੋੜ ਹੈ। ਸਾਨੂੰ ਉਸ ਦੀਆਂ ਨਜ਼ਰਾਂ ਵਿਚ ਸ਼ੁੱਧ ਜਾਂ ਪਵਿੱਤਰ ਰਹਿਣ ਦੀ ਲੋੜ ਹੈ। ਇਸ ਬਾਰੇ ਆਪਾਂ ਅਗਲੇ ਅਧਿਆਇ ਵਿਚ ਚਰਚਾ ਕਰਾਂਗੇ।

^ ਪੈਰਾ 16 ਬਾਈਬਲ ਦੇ ਵਿਦਵਾਨ ਕਹਿੰਦੇ ਹਨ ਕਿ ਇਬਰਾਨੀ ਭਾਸ਼ਾ ਵਿਚ ਇਸ ਆਇਤ ਨੂੰ ਜਿਸ ਤਰੀਕੇ ਨਾਲ ਲਿਖਿਆ ਗਿਆ ਸੀ ‘ਉਸ ਤੋਂ ਸਿਰਫ਼ ਔਰਤ ਨੂੰ ਹੀ ਨਹੀਂ ਸਗੋਂ ਅਣਜੰਮੇ ਬੱਚੇ ਨੂੰ ਪਹੁੰਚੇ ਨੁਕਸਾਨ ਦਾ ਵੀ ਸੰਕੇਤ ਮਿਲਦਾ ਹੈ।’ ਇਸ ਗੱਲ ਵੱਲ ਵੀ ਧਿਆਨ ਦਿਓ ਕਿ ਅਣਜੰਮੇ ਬੱਚੇ ਦੀ ਜਾਨ ਲੈਣ ਵਾਲੇ ਨੂੰ ਸਜ਼ਾ ਦੇਣ ਲਈ ਯਹੋਵਾਹ ਨੇ ਇਹ ਨਿਸ਼ਚਿਤ ਨਹੀਂ ਕੀਤਾ ਸੀ ਕਿ ਭਰੂਣ ਜਾਂ ਅਣਜੰਮੇ ਬੱਚੇ ਦੀ ਉਮਰ ਕਿੰਨੀ ਕੁ ਹੋਣੀ ਚਾਹੀਦੀ ਸੀ।

^ ਪੈਰਾ 21 ਪੰਜਵਾਂ ਅਧਿਆਇ “ਦੁਨੀਆਂ ਤੋਂ ਦੂਰ ਰਹੋ” ਦੇਖੋ।