ਜਦੋਂ ਸਾਡੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਨੂੰ ਤੋਬਾ ਨਾ ਕਰਨ ਤੇ ਮੰਡਲੀ ਵਿੱਚੋਂ ਛੇਕਿਆ ਜਾਂਦਾ ਹੈ, ਤਾਂ ਸਾਡੇ ਲਈ ਇਹ ਬੜੇ ਦੁੱਖ ਦੀ ਗੱਲ ਹੁੰਦੀ ਹੈ। ਬਾਈਬਲ ਵਿਚ ਸਲਾਹ ਦਿੱਤੀ ਗਈ ਹੈ ਕਿ ਸਾਨੂੰ ਛੇਕੇ ਗਏ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ। ਇਸ ਸਲਾਹ ਪ੍ਰਤੀ ਸਾਡਾ ਰਵੱਈਆ ਦਿਖਾਉਂਦਾ ਹੈ ਕਿ ਅਸੀਂ ਯਹੋਵਾਹ ਨੂੰ ਕਿੰਨਾ ਕੁ ਪਿਆਰ ਕਰਦੇ ਹਾਂ ਅਤੇ ਉਸ ਦੇ ਪ੍ਰਬੰਧ ਨੂੰ ਆਪਣਾ ਸਮਰਥਨ ਦਿੰਦੇ ਹਾਂ ਜਾਂ ਨਹੀਂ। * ਆਓ ਇਸ ਸੰਬੰਧੀ ਕੁਝ ਸਵਾਲਾਂ ਉੱਤੇ ਵਿਚਾਰ ਕਰੀਏ।

ਸਾਨੂੰ ਛੇਕੇ ਗਏ ਵਿਅਕਤੀ ਨਾਲ ਕਿਵੇਂ ਪੇਸ਼ ਆਉਣਾ ਚਾਹੀਦਾ ਹੈ? ਬਾਈਬਲ ਕਹਿੰਦੀ ਹੈ: “ਜੇ ਕੋਈ ਭਰਾ ਹਰਾਮਕਾਰ ਜਾਂ ਲੋਭੀ ਜਾਂ ਮੂਰਤੀ-ਪੂਜਕ ਜਾਂ ਗਾਲ਼ਾਂ ਕੱਢਣ ਵਾਲਾ ਜਾਂ ਸ਼ਰਾਬੀ ਜਾਂ ਦੂਸਰਿਆਂ ਨੂੰ ਲੁੱਟਣ ਵਾਲਾ ਹੋਵੇ, ਤਾਂ ਤੁਸੀਂ ਉਸ ਨਾਲ ਸੰਗਤ ਕਰਨੀ ਛੱਡ ਦਿਓ, ਇੱਥੋਂ ਤਕ ਕਿ ਉਸ ਨਾਲ ਰੋਟੀ ਵੀ ਨਾ ਖਾਓ।” (1 ਕੁਰਿੰਥੀਆਂ 5:11) ਬਾਈਬਲ ਇਹ ਵੀ ਕਹਿੰਦੀ ਹੈ ਕਿ ਜਿਹੜਾ ਵੀ ਮਸੀਹ ਦੀ ਸਿੱਖਿਆ ਉੱਤੇ ਨਹੀਂ ਚੱਲਦਾ, “ਉਸ ਨੂੰ ਨਾ ਆਪਣੇ ਘਰ ਵਾੜੋ ਤੇ ਨਾ ਹੀ ਉਸ ਨੂੰ ਨਮਸਕਾਰ ਕਰੋ; ਕਿਉਂਕਿ ਜਿਹੜਾ ਅਜਿਹੇ ਇਨਸਾਨ ਨੂੰ ਨਮਸਕਾਰ ਕਰਦਾ ਹੈ, ਉਹ ਉਸ ਦੇ ਬੁਰੇ ਕੰਮਾਂ ਵਿਚ ਹਿੱਸੇਦਾਰ ਬਣਦਾ ਹੈ।” (2 ਯੂਹੰਨਾ 9-11) ਸਾਡੀ ਰਾਜ ਸੇਵਕਾਈ ਅਗਸਤ 2002 ਸਫ਼ਾ 3 ਪੈਰਾ 4 ਵਿਚ ਕਿਹਾ ਗਿਆ ਹੈ: “ਕਿਸੇ ਨੂੰ ‘ਨਮਸਤੇ’ ਕਹਿਣਾ ਅਕਸਰ ਉਸ ਨਾਲ ਗੱਲਬਾਤ ਕਰਨ ਅਤੇ ਦੋਸਤੀ ਕਰਨ ਦਾ ਪਹਿਲਾ ਕਦਮ ਹੁੰਦਾ ਹੈ। ਕੀ ਅਸੀਂ ਛੇਕੇ ਗਏ ਵਿਅਕਤੀ ਵੱਲ ਇਹ ਪਹਿਲਾ ਕਦਮ ਚੁੱਕਣਾ ਚਾਹਾਂਗੇ?” ਬਿਲਕੁਲ ਨਹੀਂ! ਸਾਨੂੰ ਨਾ ਹੀ ਉਸ ਨਾਲ ਉੱਠਣਾ-ਬੈਠਣਾ ਚਾਹੀਦਾ ਹੈ ਤੇ ਨਾ ਹੀ ਉਸ ਨਾਲ ਪਰਮੇਸ਼ੁਰ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ।

ਕੀ ਉਸ ਨਾਲ ਗੱਲਬਾਤ ਬਿਲਕੁਲ ਬੰਦ ਕਰਨੀ ਜ਼ਰੂਰੀ ਹੈ? ਜੀ ਹਾਂ, ਕਈ ਕਾਰਨਾਂ ਕਰਕੇ ਇਸ ਤਰ੍ਹਾਂ ਕਰਨਾ ਜ਼ਰੂਰੀ ਹੈ। ਪਹਿਲਾ, ਇਹ ਯਹੋਵਾਹ ਪ੍ਰਤੀ ਵਫ਼ਾਦਾਰੀ ਅਤੇ ਉਸ ਦੇ ਬਚਨ ਪ੍ਰਤੀ ਸਾਡੀ ਆਗਿਆਕਾਰੀ ਦਾ ਸਵਾਲ ਹੈ। ਭਾਵੇਂ ਸਾਡੇ ਲਈ ਯਹੋਵਾਹ ਦੇ ਹੁਕਮਾਂ ਨੂੰ ਮੰਨਣਾ ਸੌਖਾ ਹੋਵੇ ਜਾਂ ਔਖਾ, ਅਸੀਂ ਉਸ ਦੇ  ਹਰ ਹੁਕਮ ਨੂੰ ਮੰਨਦੇ ਹਾਂ ਕਿਉਂਕਿ ਅਸੀਂ ਉਸ ਨਾਲ ਪਿਆਰ ਕਰਦੇ ਹਾਂ। ਸਾਨੂੰ ਇਹ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਜੋ ਵੀ ਕਹਿੰਦਾ ਹੈ ਠੀਕ ਕਹਿੰਦਾ ਅਤੇ ਸਾਡੇ ਭਲੇ ਲਈ ਹੀ ਕਹਿੰਦਾ ਹੈ। (ਯਸਾਯਾਹ 48:17; 1 ਯੂਹੰਨਾ 5:3) ਦੂਜਾ, ਉਸ ਵਿਅਕਤੀ ਤੋਂ ਦੂਰ ਰਹਿਣ ਨਾਲ ਮੰਡਲੀ ਦੇ ਸਾਰੇ ਭੈਣ-ਭਰਾ ਉਸ ਦੇ ਮਾੜੇ ਪ੍ਰਭਾਵ ਤੋਂ ਬਚੇ ਰਹਿਣਗੇ ਅਤੇ ਮੰਡਲੀ ਦੀ ਬਦਨਾਮੀ ਨਹੀਂ ਹੋਵੇਗੀ। (1 ਕੁਰਿੰਥੀਆਂ 5:6, 7) ਛੇਕਣ ਤੋਂ ਪਹਿਲਾਂ ਬਜ਼ੁਰਗ ਉਸ ਵਿਅਕਤੀ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਜੇ ਉਹ ਨਹੀਂ ਬਦਲਦਾ, ਤਾਂ ਜੁਡੀਸ਼ਲ ਕਮੇਟੀ ਉਸ ਨੂੰ ਛੇਕ ਦਿੰਦੀ ਹੈ। ਇਸ ਲਈ ਉਸ ਤੋਂ ਦੂਰ ਰਹਿਣ ਦਾ ਤੀਜਾ ਕਾਰਨ ਇਹ ਹੈ ਕਿ ਜੇ ਅਸੀਂ ਬਾਈਬਲ ਦੇ ਅਸੂਲਾਂ ਤੇ ਪੱਕੇ ਰਹਿੰਦੇ ਹੋਏ ਜੁਡੀਸ਼ਲ ਕਮੇਟੀ ਦੇ ਫ਼ੈਸਲੇ ਨੂੰ ਸਮਰਥਨ ਦਿੰਦੇ ਹਾਂ, ਤਾਂ ਗ਼ਲਤੀ ਕਰਨ ਵਾਲੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਸਕਦਾ ਹੈ। ਸ਼ਾਇਦ “ਉਸ ਦੀ ਅਕਲ ਟਿਕਾਣੇ” ਆ ਜਾਵੇ ਅਤੇ ਉਹ ਯਹੋਵਾਹ ਵੱਲ ਮੁੜਨ ਦਾ ਜਤਨ ਕਰੇ।​—ਲੂਕਾ 15:17.

ਜੇ ਤੁਹਾਡੇ ਘਰ ਦੇ ਮੈਂਬਰ ਜਾਂ ਰਿਸ਼ਤੇਦਾਰ ਨੂੰ ਛੇਕਿਆ ਜਾਂਦਾ ਹੈ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਅਜਿਹੀ ਹਾਲਤ ਵਿਚ ਯਹੋਵਾਹ ਪ੍ਰਤੀ ਵਫ਼ਾਦਾਰੀ ਨਿਭਾਉਣੀ ਔਖੀ ਹੋ ਸਕਦੀ ਹੈ। ਸਾਨੂੰ ਉਸ ਨਾਲ ਕਿੱਦਾਂ ਪੇਸ਼ ਆਉਣਾ ਚਾਹੀਦਾ ਹੈ? ਇਸ ਮਾਮਲੇ ਵਿਚ ਹਰ ਗੱਲ ’ਤੇ ਸਲਾਹ ਨਹੀਂ ਦਿੱਤੀ ਜਾ ਸਕਦੀ। ਪਰ ਆਓ ਆਪਾਂ ਦੋ ਗੱਲਾਂ ਤੇ ਵਿਚਾਰ ਕਰੀਏ।

ਪਹਿਲੀ, ਜਦੋਂ ਛੇਕਿਆ ਗਿਆ ਵਿਅਕਤੀ ਪਰਿਵਾਰ ਨਾਲ ਘਰੇ ਰਹਿੰਦਾ ਹੈ। ਛੇਕੇ ਜਾਣ ਨਾਲ ਉਸ ਦਾ ਆਪਣੇ ਪਰਿਵਾਰ ਨਾਲੋਂ ਰਿਸ਼ਤਾ ਤਾਂ ਨਹੀਂ ਟੁੱਟਦਾ। ਉਹ ਘਰੇਲੂ ਮਾਮਲਿਆਂ ਵਿਚ ਹਿੱਸਾ ਲੈਂਦਾ ਰਹੇਗਾ। ਪਰ ਗ਼ਲਤ ਰਾਹ ਤੇ ਤੁਰਨ ਕਰਕੇ ਉਹ ਹੁਣ ਸਾਡਾ ਮਸੀਹੀ ਭਰਾ ਨਹੀਂ ਰਿਹਾ। ਇਸ ਲਈ ਅਸੀਂ ਉਸ ਨਾਲ ਪਰਮੇਸ਼ੁਰ ਯਹੋਵਾਹ ਬਾਰੇ ਕੋਈ ਗੱਲਬਾਤ ਨਹੀਂ ਕਰਾਂਗੇ ਤੇ ਨਾ ਹੀ ਉਹ ਪਰਿਵਾਰਕ ਸਟੱਡੀ ਵਿਚ ਹਿੱਸਾ ਲਵੇਗਾ। ਪਰ ਜੇ ਨਾਬਾਲਗ ਪੁੱਤ ਜਾਂ ਧੀ ਨੂੰ ਛੇਕਿਆ ਜਾਂਦਾ ਹੈ, ਤਾਂ ਉਸ ਨੂੰ ਸਿੱਖਿਆ ਅਤੇ ਤਾੜਨਾ ਦੇਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੈ। ਉਹ ਉਸ ਨਾਲ ਬਾਈਬਲ ਸਟੱਡੀ ਕਰ ਸਕਦੇ ਹਨ। *​—ਕਹਾਉਤਾਂ 6:20-22; 29:17.

 ਦੂਸਰੀ, ਜਦੋਂ ਛੇਕਿਆ ਗਿਆ ਮੈਂਬਰ ਘਰ ਨਹੀਂ ਰਹਿੰਦਾ। ਘਰੇਲੂ ਮਾਮਲਿਆਂ ਸੰਬੰਧੀ ਉਸ ਨਾਲ ਕਦੇ-ਕਦੇ ਤਾਂ ਗੱਲ ਕਰਨੀ ਪਾਵੇਗੀ, ਪਰ ਚੰਗਾ ਹੋਵੇਗਾ ਜੇ ਗੱਲਬਾਤ ਘੱਟ ਤੋਂ ਘੱਟ ਰੱਖੀ ਜਾਵੇ। ਘਰ ਦੇ ਮੈਂਬਰਾਂ ਨੂੰ ਉਸ ਨਾਲ ਮੇਲ-ਜੋਲ ਰੱਖਣ ਦੇ ਬਹਾਨੇ ਨਹੀਂ ਲੱਭਣੇ ਚਾਹੀਦੇ। ਇਸ ਤਰ੍ਹਾਂ ਕਰਕੇ ਉਹ ਯਹੋਵਾਹ ਅਤੇ ਉਸ ਦੇ ਸੰਗਠਨ ਪ੍ਰਤੀ ਆਪਣੀ ਵਫ਼ਾਦਾਰੀ ਦਾ ਸਬੂਤ ਦੇਣਗੇ। ਇਸ ਤੋਂ ਗ਼ਲਤੀ ਕਰਨ ਵਾਲੇ ਨੂੰ ਫ਼ਾਇਦਾ ਹੋਵੇਗਾ। *​—ਇਬਰਾਨੀਆਂ 12:11.

^ ਪੈਰਾ 1 ਇਸ ਸੰਬੰਧੀ ਬਾਈਬਲ ਵਿਚ ਜੋ ਸਲਾਹ ਦਿੱਤੀ ਗਈ ਹੈ, ਉਹ ਉਨ੍ਹਾਂ ਲੋਕਾਂ ਤੇ ਵੀ ਲਾਗੂ ਹੁੰਦੀ ਹੈ ਜਿਨ੍ਹਾਂ ਨੇ ਮੰਡਲੀ ਨਾਲੋਂ ਨਾਤਾ ਤੋੜ ਲਿਆ ਹੈ।

^ ਪੈਰਾ 2 ਛੇਕੇ ਗਏ ਨਾਬਾਲਗ ਬੱਚੇ ਨਾਲ ਪੇਸ਼ ਆਉਣ ਸੰਬੰਧੀ ਹੋਰ ਜਾਣਕਾਰੀ ਲਈ ਪਹਿਰਾਬੁਰਜ 1 ਅਕਤੂਬਰ 2001, ਸਫ਼ੇ 16-17 ਅਤੇ ਪਹਿਰਾਬੁਰਜ 15 ਜਨਵਰੀ 2007 ਸਫ਼ਾ 20 ਪੈਰਾ 4 ਦੇਖੋ।

^ ਪੈਰਾ 1 ਛੇਕੇ ਗਏ ਰਿਸ਼ਤੇਦਾਰ ਨਾਲ ਪੇਸ਼ ਆਉਣ ਸੰਬੰਧੀ ਹੋਰ ਜਾਣਕਾਰੀ ਲਈ ਸਾਡੀ ਰਾਜ ਸੇਵਕਾਈ ਅਗਸਤ 2002 ਸਫ਼ੇ 3-4 ਦੇਖੋ।