Skip to content

ਕੀ ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਹੈ?

ਕੀ ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਹੈ?

ਬਾਈਬਲ ਕਹਿੰਦੀ ਹੈ

 ਨਹੀਂ। ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਨਹੀਂ ਹੈ ਤੇ ਨਾ ਹੀ ਇਹ ਸਾਡੇ ਦਿਲ ਦੀ ਹਾਲਤ ਨੂੰ ਦਰਸਾਉਂਦਾ ਹੈ।​ a ਬਾਈਬਲ ਇਸ ਰਾਜ ਨੂੰ “ਸਵਰਗ ਦਾ ਰਾਜ” ਕਹਿੰਦੀ ਹੈ। (ਮੱਤੀ 4:17) ਆਪਾਂ ਕੁਝ ਗੱਲਾਂ ʼਤੇ ਗੌਰ ਕਰਾਂਗੇ ਕਿ ਬਾਈਬਲ ਇਸ ਰਾਜ ਨੂੰ ਕਿਉਂ ਇਕ ਸੱਚ-ਮੁੱਚ ਦੀ ਸਰਕਾਰ ਕਹਿੰਦੀ ਹੈ।

  •   ਪਰਮੇਸ਼ੁਰ ਦੇ ਰਾਜ ਵਿਚ ਰਾਜੇ, ਪਰਜਾ ਅਤੇ ਕਾਇਦੇ-ਕਾਨੂੰਨ ਹਨ ਜਿਨ੍ਹਾਂ ਦੇ ਜ਼ਰੀਏ ਪਰਮੇਸ਼ੁਰ ਆਪਣੀ ਇੱਛਾ ਸਵਰਗ ਵਿਚ ਅਤੇ ਧਰਤੀ ਉੱਤੇ ਪੂਰੀ ਕਰੇਗਾ।​—ਮੱਤੀ 6:10; ਪ੍ਰਕਾਸ਼ ਦੀ ਕਿਤਾਬ 5:10.

  •   ਪਰਮੇਸ਼ੁਰ ਦਾ ਰਾਜ ਯਾਨੀ ਸਰਕਾਰ ‘ਵੱਖੋ-ਵੱਖਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ’ ਉੱਤੇ ਹਕੂਮਤ ਕਰੇਗੀ। (ਦਾਨੀਏਲ 7:13, 14) ਇਸ ਰਾਜ ਨੂੰ ਹਕੂਮਤ ਕਰਨ ਦਾ ਅਧਿਕਾਰ ਪਰਮੇਸ਼ੁਰ ਨੇ ਦਿੱਤਾ ਹੈ, ਨਾ ਕਿ ਇਸ ਦੀ ਪਰਜਾ ਨੇ।​—ਜ਼ਬੂਰ 2:4-6; ਯਸਾਯਾਹ 9:7.

  •   ਯਿਸੂ ਨੇ ਆਪਣੇ ਵਫ਼ਾਦਾਰ ਰਸੂਲਾਂ ਨੂੰ ਕਿਹਾ ਸੀ ਕਿ ਉਹ ਉਸ ਨਾਲ ਸਵਰਗ ਦੇ ਰਾਜ ਵਿਚ “ਸਿੰਘਾਸਣਾਂ ਉੱਤੇ ਬੈਠ ਕੇ” ਰਾਜ ਕਰਨਗੇ।​—ਲੂਕਾ 22:28, 30.

  •   ਇਸ ਰਾਜ ਦੇ ਦੁਸ਼ਮਣ ਵੀ ਹਨ ਜਿਨ੍ਹਾਂ ਨੂੰ ਨਾਸ਼ ਕੀਤਾ ਜਾਵੇਗਾ।​—ਜ਼ਬੂਰ 2:1, 2, 8, 9; 110:1, 2; 1 ਕੁਰਿੰਥੀਆਂ 15:25, 26.

 ਬਾਈਬਲ ਇਹ ਨਹੀਂ ਸਿਖਾਉਂਦੀ ਕਿ ਪਰਮੇਸ਼ੁਰ ਦਾ ਰਾਜ ਸਾਡੇ ਦਿਲ ਵਿਚ ਹੈ ਅਤੇ ਇਹ ਸਾਡੇ ਦਿਲ ਦੇ ਜ਼ਰੀਏ ਸਾਡੇ ʼਤੇ ਹਕੂਮਤ ਕਰਦਾ ਹੈ। ਪਰ ਇਹ ਦੱਸਦੀ ਹੈ ਕਿ “ਰਾਜ ਬਾਰੇ ਪਰਮੇਸ਼ੁਰ ਦਾ ਬਚਨ” ਜਾਂ ‘ਰਾਜ ਦੀ ਖ਼ੁਸ਼ ਖ਼ਬਰੀ’ ਸਾਡੇ ਦਿਲ ਉੱਤੇ ਅਸਰ ਜ਼ਰੂਰ ਕਰ ਸਕਦੀ ਹੈ।​—ਮੱਤੀ 13:19; 24:14.

ਇਸ ਦਾ ਕੀ ਮਤਲਬ ਹੈ ਕਿ “ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ”?

 ਬਾਈਬਲ ਦੇ ਕੁਝ ਅਨੁਵਾਦਾਂ ਵਿਚ ਲੂਕਾ 17:21 ਦੇ ਸ਼ਬਦਾਂ ਨੂੰ ਜਿਸ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ, ਉਸ ਤੋਂ ਕਈ ਲੋਕ ਸਮਝ ਨਹੀਂ ਪਾਉਂਦੇ ਕਿ ਪਰਮੇਸ਼ੁਰ ਦਾ ਰਾਜ ਕਿੱਥੋਂ ਹਕੂਮਤ ਕਰਦਾ ਹੈ। ਮਿਸਾਲ ਲਈ, ਪੰਜਾਬੀ ਦੀ ਪਵਿੱਤਰ ਬਾਈਬਲ (OV) ਵਿਚ ਲਿਖਿਆ ਹੈ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿੱਚੇ ਹੈ।” ਇਸ ਆਇਤ ਦਾ ਸਹੀ-ਸਹੀ ਮਤਲਬ ਸਮਝਣ ਲਈ ਸਾਨੂੰ ਇਸ ਦੇ ਆਲੇ-ਦੁਆਲੇ ਦੀਆਂ ਆਇਤਾਂ ʼਤੇ ਗੌਰ ਕਰਨ ਦੀ ਲੋੜ ਹੈ।

ਯਿਸੂ ਦੇ ਜ਼ਿੱਦੀ ਵਿਰੋਧੀਆਂ ਅਤੇ ਕਾਤਲਾਂ ਦੇ ਦਿਲਾਂ ਵਿਚ ਪਰਮੇਸ਼ੁਰ ਦਾ ਰਾਜ ਨਹੀਂ ਸੀ

 ਯਿਸੂ ਨੇ ਇਹ ਗੱਲ ਫ਼ਰੀਸੀਆਂ ਨੂੰ ਕਹੀ ਸੀ ਜੋ ਉਸ ਵੇਲੇ ਯਹੂਦੀਆਂ ਦੇ ਧਾਰਮਿਕ ਆਗੂ ਸਨ। ਉਹ ਯਿਸੂ ਦਾ ਵਿਰੋਧ ਕਰਦੇ ਸਨ ਅਤੇ ਉਸ ਨੂੰ ਮਾਰਨ ਵਿਚ ਇਨ੍ਹਾਂ ਧਾਰਮਿਕ ਆਗੂਆਂ ਦਾ ਵੀ ਹੱਥ ਸੀ। (ਮੱਤੀ 12:14; ਲੂਕਾ 17:20) ਤਾਂ ਫਿਰ, ਕੀ ਇਹ ਕਹਿਣਾ ਸਹੀ ਹੋਵੇਗਾ ਕਿ ਪਰਮੇਸ਼ੁਰ ਦਾ ਰਾਜ ਉਨ੍ਹਾਂ ਜ਼ਿੱਦੀ ਧਾਰਮਿਕ ਆਗੂਆਂ ਦੇ ਦਿਲਾਂ ਵਿਚ ਸੀ? ਯਿਸੂ ਨੇ ਉਨ੍ਹਾਂ ਨੂੰ ਕਿਹਾ ਸੀ: “ਅੰਦਰੋਂ ਤੁਸੀਂ ਪਖੰਡ ਅਤੇ ਬੁਰਾਈ ਨਾਲ ਭਰੇ ਹੋਏ ਹੋ।”​—ਮੱਤੀ 23:27, 28.

 ਲੂਕਾ 17:21 ਵਿਚ ਕਹੀ ਯਿਸੂ ਦੀ ਇਸ ਗੱਲ ਨੂੰ ਅਸੀਂ ਹੋਰ ਅਨੁਵਾਦਾਂ ਵਿਚ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਮਿਸਾਲ ਲਈ, ਪਵਿੱਤਰ ਬਾਈਬਲ ਨਵਾਂ ਅਨੁਵਾਦ (CL) ਵਿਚ ਇਸ ਆਇਤ ਦਾ ਅਨੁਵਾਦ ਇਸ ਤਰ੍ਹਾਂ ਕੀਤਾ ਗਿਆ ਹੈ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿਚਕਾਰ ਹੀ ਹੈ।” ਪਵਿੱਤਰ ਲਿਖਤਾਂ​—ਨਵੀਂ ਦੁਨੀਆਂ ਅਨੁਵਾਦ ਵਿਚ ਲਿਖਿਆ ਹੈ: “ਪਰਮੇਸ਼ੁਰ ਦਾ ਰਾਜ ਤੁਹਾਡੇ ਵਿਚਕਾਰ ਹੈ।” ਪਰਮੇਸ਼ੁਰ ਦਾ ਰਾਜ ਇਸ ਅਰਥ ਵਿਚ ਫ਼ਰੀਸੀਆਂ ਦੇ “ਵਿਚਕਾਰ” ਸੀ ਕਿ ਯਿਸੂ, ਜਿਸ ਨੂੰ ਪਰਮੇਸ਼ੁਰ ਨੇ ਆਪਣੇ ਰਾਜ ਦਾ ਰਾਜਾ ਨਿਯੁਕਤ ਕੀਤਾ ਸੀ, ਉਨ੍ਹਾਂ ਦੇ ਵਿਚਕਾਰ ਮੌਜੂਦ ਸੀ।​—ਲੂਕਾ 1:32, 33.

a ਈਸਾਈ-ਜਗਤ ਦੇ ਵੱਖੋ-ਵੱਖਰੇ ਸਮੂਹ ਸਿਖਾਉਂਦੇ ਹਨ ਕਿ ਪਰਮੇਸ਼ੁਰ ਦਾ ਰਾਜ ਇਨਸਾਨ ਦੇ ਅੰਦਰ ਹੁੰਦਾ ਹੈ ਜਾਂ ਉਸ ਦੇ ਦਿਲ ਵਿਚ ਹੁੰਦਾ ਹੈ। ਮਿਸਾਲ ਲਈ, ਅਮਰੀਕਾ ਵਿਚ ਸਦਰਨ ਬੈਪਟਿਸਟ ਨਾਂ ਦੇ ਸਮੂਹ ਦੇ ਇਕ ਸੰਮੇਲਨ ਵਿਚ ਦੱਸਿਆ ਗਿਆ ਕਿ ਕੁਝ ਹੱਦ ਤਕ ਪਰਮੇਸ਼ੁਰ ਦੇ ਰਾਜ ਦਾ ਮਤਲਬ ਹੈ “ਪਰਮੇਸ਼ੁਰ ਵੱਲੋਂ ਇਕ ਇਨਸਾਨ ਦੀ ਜ਼ਿੰਦਗੀ ਅਤੇ ਦਿਲ ਵਿਚ ਹਕੂਮਤ ਕਰਨੀ।” ਪੌਪ ਬੈਨੇਡਿਕਟ 16ਵੇਂ ਨੇ ਆਪਣੀ ਕਿਤਾਬ ਜੀਜ਼ਸ ਆਫ਼ ਨਾਜ਼ਰਥ ਵਿਚ ਲਿਖਿਆ ਕਿ “ਜਦੋਂ ਕਿਸੇ ਦਾ ਦਿਲ ਪਰਮੇਸ਼ੁਰ ਦਾ ਕਹਿਣਾ ਮੰਨਦਾ ਹੈ, ਤਾਂ ਪਰਮੇਸ਼ੁਰ ਦਾ ਰਾਜ ਆਉਂਦਾ ਹੈ।”