ਕੀ ਬਾਈਬਲ ਗਹਿਰੀ ਨਿਰਾਸ਼ਾ ਦਾ ਸਾਮ੍ਹਣਾ ਕਰਨ ਵਿਚ ਮੇਰੀ ਮਦਦ ਕਰ ਸਕਦੀ ਹੈ?
ਬਾਈਬਲ ਕਹਿੰਦੀ ਹੈ
ਜੀ ਹਾਂ ਕਿਉਂਕਿ ਰੱਬ ਹੀ ਸਭ ਤੋਂ ਵਧੀਆ ਤਰੀਕੇ ਨਾਲ ਮਦਦ ਕਰ ਸਕਦਾ ਹੈ। ਬਾਈਬਲ ਕਹਿੰਦੀ ਹੈ: ‘ਪਰਮੇਸ਼ੁਰ ਨਿਰਾਸ਼ ਲੋਕਾਂ ਨੂੰ ਦਿਲਾਸਾ, ਹੌਸਲਾ, ਤਾਜ਼ਗੀ ਤੇ ਖ਼ੁਸ਼ੀ ਦਿੰਦਾ ਹੈ।’—2 ਕੁਰਿੰਥੀਆਂ 7:6, ਦ ਐਮਪਲੀਫਾਈਡ ਬਾਈਬਲ।
ਰੱਬ ਨਿਰਾਸ਼ ਲੋਕਾਂ ਦੀ ਮਦਦ ਕਿਵੇਂ ਕਰਦਾ ਹੈ
ਤਾਕਤ। ਰੱਬ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਖ਼ਤਮ ਕਰਕੇ ਨਹੀਂ, ਸਗੋਂ ਤੁਹਾਡੀਆਂ ਪ੍ਰਾਰਥਨਾਵਾਂ ਦਾ ਜਵਾਬ ਦੇ ਕੇ ਤੁਹਾਨੂੰ “ਤਾਜ਼ਗੀ ਤੇ ਖ਼ੁਸ਼ੀ” ਦਿੰਦਾ ਹੈ। ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ, ਤਾਂ ਉਹ ਤੁਹਾਨੂੰ ਨਿਰਾਸ਼ਾ ਨਾਲ ਲੜਨ ਦੀ ਤਾਕਤ ਦਿੰਦਾ ਹੈ। (ਫ਼ਿਲਿੱਪੀਆਂ 4:13) ਤੁਸੀਂ ਇਸ ਗੱਲ ਦਾ ਪੂਰਾ ਭਰੋਸਾ ਰੱਖ ਸਕਦੇ ਹੋ ਕਿ ਉਹ ਤੁਹਾਡੀ ਗੱਲ ਸੁਣਨ ਲਈ ਹਮੇਸ਼ਾ ਤਿਆਰ ਰਹਿੰਦਾ ਹੈ ਕਿਉਂਕਿ ਬਾਈਬਲ ਕਹਿੰਦੀ ਹੈ: “ਯਹੋਵਾਹ ਟੁੱਟੇ ਦਿਲ ਵਾਲਿਆਂ ਦੇ ਨੇੜੇ ਹੈ; ਉਹ ਕੁਚਲੇ ਮਨ ਵਾਲਿਆਂ ਨੂੰ ਬਚਾਉਂਦਾ ਹੈ।” (ਜ਼ਬੂਰ 34:18) ਉਹ ਤਾਂ ਉਦੋਂ ਵੀ ਮਦਦ ਲਈ ਤੁਹਾਡੀ ਫ਼ਰਿਆਦ ਸੁਣ ਸਕਦਾ ਹੈ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕਰ ਸਕਦੇ।—ਰੋਮੀਆਂ 8:26, 27.
ਚੰਗੀਆਂ ਮਿਸਾਲਾਂ। ਬਾਈਬਲ ਦੇ ਇਕ ਲਿਖਾਰੀ ਨੇ ਰੱਬ ਨੂੰ ਪ੍ਰਾਰਥਨਾ ਕੀਤੀ: “ਹੇ ਪ੍ਰਭੂ ਮੈਂ ਡੂੰਘੇ ਦੁੱਖ ਵਿਚ ਤੈਨੂੰ ਪੁਕਾਰਿਆ।” ਜਦੋਂ ਜ਼ਬੂਰਾਂ ਦੇ ਲਿਖਾਰੀ ਨੇ ਖ਼ੁਦ ਨੂੰ ਯਾਦ ਕਰਾਇਆ ਕਿ ਪਰਮੇਸ਼ੁਰ ਨੇ ਉਸ ਦੇ ਪਾਪ ਮਾਫ਼ ਕਰ ਦਿੱਤੇ ਸਨ, ਤਾਂ ਉਹ ਗਹਿਰੀ ਨਿਰਾਸ਼ਾ ਜਾਂ ਡਿਪਰੈਸ਼ਨ ਵਿੱਚੋਂ ਬਾਹਰ ਨਿਕਲ ਸਕਿਆ। ਉਸ ਨੇ ਰੱਬ ਨੂੰ ਕਿਹਾ: “ਹੇ ਪ੍ਰਭੂ, ਜੇਕਰ ਤੂੰ ਸਾਡੇ ਅਪਰਾਧਾਂ ਦਾ ਹਿਸਾਬ ਕਰੇ, ਤਾਂ ਕੌਣ ਤੇਰੇ ਸਾਹਮਣੇ ਖੜ੍ਹਾ ਰਹਿ ਸਕਦਾ ਹੈ? ਪਰ ਮਾਫ਼ੀ ਦਾ ਦਾਨ ਤੇਰੇ ਕੋਲ ਹੈ, ਕਿ ਲੋਕ ਤੇਰਾ ਡਰ ਮੰਨਣ।”—ਜ਼ਬੂਰ 130:1, 3, 4, ਪਵਿੱਤਰ ਬਾਈਬਲ ਨਵਾਂ ਅਨੁਵਾਦ [CL].
ਉਮੀਦ। ਰੱਬ ਅੱਜ ਸਾਨੂੰ ਸਿਰਫ਼ ਦਿਲਾਸਾ ਹੀ ਨਹੀਂ ਦਿੰਦਾ, ਸਗੋਂ ਉਸ ਨੇ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਸਾਰੀਆਂ ਮੁਸ਼ਕਲਾਂ ਨੂੰ ਖ਼ਤਮ ਕਰ ਦੇਵੇਗਾ ਜਿਨ੍ਹਾਂ ਕਰਕੇ ਨਿਰਾਸ਼ਾ ਹੁੰਦੀ ਹੈ। ਉਦੋਂ ਉਹ ਆਪਣਾ ਇਹ ਵਾਅਦਾ ਪੂਰਾ ਕਰੇਗਾ: “ਪਹਿਲੀਆਂ ਗੱਲਾਂ [ਗਹਿਰੀ ਨਿਰਾਸ਼ਾ ਵੀ] ਮਨ ਵਿਚ ਨਹੀਂ ਆਉਣਗੀਆਂ, ਨਾ ਹੀ ਉਹ ਦਿਲ ਵਿਚ ਆਉਣਗੀਆਂ।”—ਯਸਾਯਾਹ 65:17.
ਧਿਆਨ ਦਿਓ: ਯਹੋਵਾਹ ਦੇ ਗਵਾਹ ਪਰਮੇਸ਼ੁਰ ਤੋਂ ਮਦਦ ਮੰਗਣ ਦੇ ਨਾਲ-ਨਾਲ ਕਲਿਨਿਕਲ ਡਿਪਰੈਸ਼ਨ ਵਰਗੀਆਂ ਬੀਮਾਰੀਆਂ ਦਾ ਡਾਕਟਰੀ ਇਲਾਜ ਵੀ ਕਰਾਉਂਦੇ ਹਨ। (ਮਰਕੁਸ 2:17) ਅਸੀਂ ਇਹ ਸੁਝਾਅ ਨਹੀਂ ਦਿੰਦੇ ਕਿ ਤੁਹਾਨੂੰ ਕਿਹੜਾ ਇਲਾਜ ਕਰਾਉਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਇਹ ਸਾਰਿਆਂ ਦਾ ਨਿੱਜੀ ਫ਼ੈਸਲਾ ਹੈ।

