Skip to content

ਕੀ ਮੈਨੂੰ ਸੰਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਕੀ ਮੈਨੂੰ ਸੰਤਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?

ਬਾਈਬਲ ਕਹਿੰਦੀ ਹੈ

 ਨਹੀਂ। ਸਾਨੂੰ ਸਿਰਫ਼ ਰੱਬ ਨੂੰ ਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ। ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ: “ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ: ‘ਹੇ ਸਾਡੇ ਪਿਤਾ ਜਿਹੜਾ ਸਵਰਗ ਵਿਚ ਹੈ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।’” (ਮੱਤੀ 6:9) ਉਸ ਨੇ ਕਦੇ ਵੀ ਆਪਣੇ ਚੇਲਿਆਂ ਨੂੰ ਨਹੀਂ ਸਿਖਾਇਆ ਕਿ ਉਹ ਦੂਤਾਂ, ਸੰਤਾਂ ਜਿਵੇਂ ਮਰੀਅਮ ਜਾਂ ਕਿਸੇ ਹੋਰ ਨੂੰ ਪ੍ਰਾਰਥਨਾ ਕਰਨ।

 ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਵੀ ਕਿਹਾ: “ਮੈਂ ਹੀ ਰਾਹ, ਸੱਚਾਈ ਤੇ ਜ਼ਿੰਦਗੀ ਹਾਂ। ਕੋਈ ਵੀ ਪਿਤਾ ਕੋਲ ਨਹੀਂ ਆ ਸਕਦਾ, ਸਿਵਾਇ ਉਸ ਦੇ ਜੋ ਮੇਰੇ ਰਾਹੀਂ ਆਉਂਦਾ ਹੈ।” (ਯੂਹੰਨਾ 14:6) ਪਰਮੇਸ਼ੁਰ ਨੇ ਸਿਰਫ਼ ਯਿਸੂ ਨੂੰ ਹੀ ਇਹ ਅਧਿਕਾਰ ਦਿੱਤਾ ਹੈ ਕਿ ਉਹ ਸਾਡੀ ਖ਼ਾਤਰ ਪਰਮੇਸ਼ੁਰ ਨੂੰ ਬੇਨਤੀ ਕਰੇ।—ਇਬਰਾਨੀਆਂ 7:25.

ਕੀ ਰੱਬ ਅਤੇ ਸੰਤਾਂ ਦੋਵਾਂ ਨੂੰ ਪ੍ਰਾਰਥਨਾ ਕਰਨੀ ਸਹੀ ਹੋਵੇਗੀ?

 ਇਜ਼ਰਾਈਲੀਆਂ ਨੂੰ ਦਿੱਤੇ 10 ਹੁਕਮਾਂ ਵਿੱਚੋਂ ਇਕ ਹੁਕਮ ਵਿਚ ਰੱਬ ਨੇ ਕਿਹਾ: “ਮੈਂ ਯਹੋਵਾਹ ਤੇਰਾ ਪਰਮੇਸ਼ੁਰ ਅਣਖ ਵਾਲਾ ਪਰਮੇਸ਼ੁਰ ਹਾਂ।” (ਕੂਚ 20:5 OV) ਇੱਥੇ “ਅਣਖ” ਦਾ ਕੀ ਮਤਲਬ ਹੈ? ਅੰਗ੍ਰੇਜ਼ੀ ਦੀ ਨਿਊ ਅਮੈਰੀਕਨ ਬਾਈਬਲ ਵਿਚ ਇਸ ਆਇਤ ਦੇ ਫੁੱਟਨੋਟ ਵਿਚ ਲਿਖਿਆ ਹੈ ਕਿ “ਉਹ ਮੰਗ ਕਰਦਾ ਹੈ ਕਿ ਸਿਰਫ਼ ਉਸ ਦੀ ਹੀ ਭਗਤੀ ਕੀਤੀ ਜਾਵੇ।” ਰੱਬ ਮੰਗ ਕਰਦਾ ਹੈ ਕਿ ਭਗਤੀ ਸਿਰਫ਼ ਉਸ ਦੀ ਹੀ ਕੀਤੀ ਜਾਣੀ ਚਾਹੀਦੀ ਹੈ ਜਿਸ ਵਿਚ ਉਸ ਨੂੰ ਪ੍ਰਾਰਥਨਾ ਕਰਨੀ ਵੀ ਸ਼ਾਮਲ ਹੈ।—ਯਸਾਯਾਹ 48:11.

 ਜੇ ਅਸੀਂ ਰੱਬ ਦੀ ਬਜਾਇ ਕਿਸੇ ਹੋਰ ਨੂੰ ਪ੍ਰਾਰਥਨਾ ਕਰਦੇ ਹਾਂ, ਤਾਂ ਅਸੀਂ ਰੱਬ ਨੂੰ ਨਾਰਾਜ਼ ਕਰ ਰਹੇ ਹੋਵਾਂਗੇ। ਇਕ ਵਾਰ ਜਦੋਂ ਯੂਹੰਨਾ ਰਸੂਲ ਨੇ ਇਕ ਦੂਤ ਦੀ ਭਗਤੀ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਦੂਤ ਨੇ ਉਸ ਨੂੰ ਇਹ ਕਹਿ ਕੇ ਰੋਕਿਆ: “ਇੱਦਾਂ ਨਾ ਕਰ! ਪਰਮੇਸ਼ੁਰ ਦੀ ਭਗਤੀ ਕਰ। ਮੈਂ ਵੀ ਤੇਰੇ ਵਾਂਗ ਅਤੇ ਤੇਰੇ ਭਰਾਵਾਂ ਵਾਂਗ ਇਕ ਦਾਸ ਹੀ ਹਾਂ ਜਿਨ੍ਹਾਂ ਕੋਲ ਯਿਸੂ ਦੀ ਗਵਾਹੀ ਦੇਣ ਦਾ ਕੰਮ ਹੈ।”—ਪ੍ਰਕਾਸ਼ ਦੀ ਕਿਤਾਬ 19:10.