Skip to content

ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?

ਕੀ ਬਾਈਬਲ ਦੇ ਸੰਦੇਸ਼ ਵਿਚ ਕੋਈ ਫੇਰ-ਬਦਲ ਕੀਤਾ ਗਿਆ ਹੈ?

 ਨਹੀਂ। ਹਜ਼ਾਰਾਂ ਸਾਲਾਂ ਤੋਂ ਬਾਈਬਲ ਦੀ ਨਕਲ ਇੱਦਾਂ ਦੀਆਂ ਚੀਜ਼ਾਂ ʼਤੇ ਉਤਾਰੀ ਜਾ ਰਹੀ ਹੈ ਜੋ ਖ਼ਰਾਬ ਹੋ ਜਾਂਦੀਆਂ ਹਨ। ਫਿਰ ਵੀ ਜੇ ਅਸੀਂ ਅੱਜ ਦੀ ਬਾਈਬਲ ਦੀ ਤੁਲਨਾ ਪੁਰਾਣੀਆਂ ਹੱਥ-ਲਿਖਤਾਂ ਨਾਲ ਕਰੀਏ ਤਾਂ ਸਾਨੂੰ ਪਤਾ ਲੱਗੇਗਾ ਕਿ ਇਸ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।

ਕੀ ਇਸ ਦਾ ਇਹ ਮਤਲਬ ਹੈ ਕਿ ਬਾਈਬਲ ਦੀ ਨਕਲ ਉਤਾਰਦਿਆਂ ਕਦੇ ਕੋਈ ਵੀ ਗ਼ਲਤੀ ਨਹੀਂ ਹੋਈ?

 ਬਾਈਬਲ ਦੀਆਂ ਹਜ਼ਾਰਾਂ ਹੀ ਪੁਰਾਣੀਆਂ ਹੱਥ-ਲਿਖਤਾਂ ਪਾਈਆਂ ਗਈਆਂ ਹਨ। ਕੁਝ ਹੱਥ-ਲਿਖਤਾਂ ਇਕ-ਦੂਜੇ ਨਾਲ ਮੇਲ ਨਹੀਂ ਖਾਂਦੀਆਂ ਜਿਸ ਤੋਂ ਪਤਾ ਲੱਗਦਾ ਹੈ ਕਿ ਨਕਲ ਉਤਾਰਦਿਆਂ ਕੁਝ ਗ਼ਲਤੀਆਂ ਹੋਈਆਂ ਸਨ। ਪਰ ਜ਼ਿਆਦਾਤਰ ਗ਼ਲਤੀਆਂ ਛੋਟੀਆਂ-ਮੋਟੀਆਂ ਹੀ ਹਨ ਜਿਨ੍ਹਾਂ ਕਰਕੇ ਗੱਲਾਂ ਦਾ ਮਤਲਬ ਨਹੀਂ ਬਦਲਿਆ। ਪਰ ਕੁਝ ਗ਼ਲਤੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਪੁਰਾਣੀਆਂ ਹੱਥ-ਲਿਖਤਾਂ ਵਿਚ ਇਹ ਗ਼ਲਤੀਆਂ ਜਾਣ-ਬੁੱਝ ਕੇ ਕੀਤੀਆਂ ਗਈਆਂ ਸਨ ਤਾਂਕਿ ਬਾਈਬਲ ਦਾ ਸੰਦੇਸ਼ ਬਦਲ ਜਾਵੇ। ਆਓ ਇਸ ਦੀਆਂ ਦੋ ਮਿਸਾਲਾਂ ਦੇਖੀਏ:

  1.   ਬਾਈਬਲ ਦੇ ਕਈ ਹੋਰ ਅਨੁਵਾਦਾਂ ਵਿਚ ਪਹਿਲਾ ਯੂਹੰਨਾ 5:7 ਵਿਚ ਲਿਖਿਆ ਗਿਆ ਹੈ: “ਸਵਰਗ ਵਿਚ ਪਿਤਾ, ਸ਼ਬਦ ਅਤੇ ਪਵਿੱਤਰ ਆਤਮਾ ਹਨ ਅਤੇ ਇਹ ਤਿੰਨੇ ਇਕ ਹਨ।” ਕਈ ਭਰੋਸੇਮੰਦ ਹੱਥ-ਲਿਖਤਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਮੁਢਲੀਆਂ ਹੱਥ-ਲਿਖਤਾਂ ਵਿਚ ਵੀ ਇਹ ਸ਼ਬਦ ਨਹੀਂ ਸਨ। ਬਾਅਦ ਵਿਚ ਇਹ ਸ਼ਬਦ ਆਪਣੇ ਵੱਲੋਂ ਹੀ ਪਾ ਦਿੱਤੇ ਗਏ ਸਨ। a ਇਸ ਲਈ ਅੱਜ ਕਈ ਭਰੋਸੇਯੋਗ ਬਾਈਬਲਾਂ ਵਿਚ ਇਹ ਸ਼ਬਦ ਨਹੀਂ ਪਾਏ ਜਾਂਦੇ

  2.   ਬਾਈਬਲ ਦੀਆਂ ਪੁਰਾਣੀਆਂ ਹੱਥ-ਲਿਖਤਾਂ ਵਿਚ ਰੱਬ ਦਾ ਨਾਂ ਹਜ਼ਾਰਾਂ ਹੀ ਵਾਰ ਆਉਂਦਾ ਹੈ। ਪਰ ਫਿਰ ਵੀ ਬਾਈਬਲ ਦੇ ਕਈ ਅਨੁਵਾਦਾਂ ਵਿਚ ਇਸ ਨਾਂ ਦੀ ਥਾਂ “ਪ੍ਰਭੂ” ਜਾਂ “ਪਰਮੇਸ਼ੁਰ” ਵਰਗੇ ਖ਼ਿਤਾਬ ਪਾ ਦਿੱਤੇ ਗਏ

ਅਸੀਂ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਵਿਚ ਹੋਰ ਫੇਰ-ਬਦਲ ਨਹੀਂ ਕੀਤੇ ਗਏ?

 ਅੱਜ ਸਾਡੇ ਕੋਲ ਬਾਈਬਲ ਦੀਆਂ ਬਹੁਤ ਸਾਰੀਆਂ ਹੱਥ-ਲਿਖਤਾਂ ਹਨ। ਇਸ ਲਈ ਜੇ ਕਿਸੇ ਹੱਥ-ਲਿਖਤ ਵਿਚ ਕੋਈ ਗ਼ਲਤੀ ਹੋਵੇ ਵੀ, ਤਾਂ ਇਹ ਝੱਟ ਹੀ ਲੱਭੀ ਜਾ ਸਕਦੀ ਹੈ। b ਇਨ੍ਹਾਂ ਹੱਥ-ਲਿਖਤਾਂ ਦੀ ਆਪਸ ਵਿਚ ਤੁਲਨਾ ਕਰਕੇ ਇਹ ਕਿਵੇਂ ਸਾਬਤ ਹੁੰਦਾ ਹੈ ਕਿ ਸਾਡੇ ਕੋਲ ਜੋ ਬਾਈਬਲ ਹੈ ਉਹ ਬਿਲਕੁਲ ਸਹੀ ਹੈ?

  •   ਇਬਰਾਨੀ ਲਿਖਤਾਂ ਬਾਰੇ, ਜਿਨ੍ਹਾਂ ਨੂੰ ਆਮ ਤੌਰ ʼਤੇ “ਪੁਰਾਣਾ ਨੇਮ” ਵੀ ਕਿਹਾ ਜਾਂਦਾ ਹੈ, ਵਿਲਿਅਮ ਐੱਚ. ਗ੍ਰੀਨ ਨਾਂ ਦੇ ਵਿਦਵਾਨ ਨੇ ਕਿਹਾ: “ਅਸੀਂ ਪੂਰੇ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਅਜਿਹੀ ਕੋਈ ਹੋਰ ਪ੍ਰਾਚੀਨ ਕਿਤਾਬ ਨਹੀਂ ਜਿਹੜੀ ਬਿਨਾਂ ਕਿਸੇ ਫੇਰ-ਬਦਲ ਦੇ ਸਾਡੇ ਕੋਲ ਪਹੁੰਚੀ ਹੋਵੇ।”

  •   ਮਸੀਹੀ ਯੂਨਾਨੀ ਲਿਖਤਾਂ ਬਾਰੇ, ਜਿਨ੍ਹਾਂ ਨੂੰ “ਨਵਾਂ ਨੇਮ” ਵੀ ਕਿਹਾ ਜਾਂਦਾ ਹੈ, ਬਾਈਬਲ ਦੇ ਇਕ ਵਿਦਵਾਨ ਐੱਫ਼. ਐੱਫ਼. ਬਰੂਸ ਨੇ ਲਿਖਿਆ: “ਪੁਰਾਣੇ ਜ਼ਮਾਨੇ ਦੇ ਮਸ਼ਹੂਰ ਲੇਖਕਾਂ ਦੀਆਂ ਇੱਦਾਂ ਦੀਆਂ ਕਈ ਰਚਨਾਵਾਂ ਹਨ ਜਿਨ੍ਹਾਂ ਦੀ ਸੱਚਾਈ ʼਤੇ ਸਵਾਲ ਕਰਨ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਪਰ ਇਨ੍ਹਾਂ ਰਚਨਾਵਾਂ ਦੇ ਮੁਕਾਬਲੇ ਸਾਡੇ ਨਵੇਂ ਨੇਮ ਦੀਆਂ ਕਿਤਾਬਾਂ ਦੇ ਸੱਚ ਹੋਣ ਦੇ ਸਬੂਤ ਕਿਤੇ ਜ਼ਿਆਦਾ ਹਨ।”

  •   ਬਾਈਬਲ ਦੀਆਂ ਹੱਥ-ਲਿਖਤਾਂ ਦੇ ਇਕ ਮੰਨੇ-ਪ੍ਰਮੰਨੇ ਵਿਦਵਾਨ ਸਰ ਫ੍ਰੈਡਰਿਕ ਕੈਨਿਅਨ ਨੇ ਕਿਹਾ, “ਬਾਈਬਲ ਬਾਰੇ ਕੋਈ ਵੀ ਬਿਨਾਂ ਹਿਚਕਿਚਾਏ ਇਹ ਕਹਿ ਸਕਦਾ ਹੈ ਕਿ ਉਸ ਦੇ ਹੱਥ ਵਿਚ ਪਰਮੇਸ਼ੁਰ ਦਾ ਸੱਚਾ ਬਚਨ ਹੈ। ਸਦੀਆਂ ਪੁਰਾਣੀ ਇਹ ਕਿਤਾਬ ਸਾਡੇ ਕੋਲ ਬਿਨਾਂ ਕਿਸੇ ਮਿਲਾਵਟ ਦੇ ਪਹੁੰਚੀ ਹੈ। ਪੀੜ੍ਹੀਓ-ਪੀੜ੍ਹੀ ਇਸ ਦੇ ਸੰਦੇਸ਼ ਵਿਚ ਕੋਈ ਬਦਲਾਅ ਨਹੀਂ ਹੋਇਆ।”

ਇਸ ਗੱਲ ਦੇ ਹੋਰ ਕਿਹੜੇ ਸਬੂਤ ਹਨ ਕਿ ਬਾਈਬਲ ਦੀਆਂ ਮੁਢਲੀਆਂ ਲਿਖਤਾਂ ਵਿਚ ਪਾਈਆਂ ਜਾਂਦੀਆਂ ਗੱਲਾਂ ਸਾਡੇ ਤਕ ਸਹੀ-ਸਹੀ ਪਹੁੰਚਾਈਆਂ ਗਈਆਂ ਹਨ?

  •   ਯਹੂਦੀ ਅਤੇ ਮਸੀਹੀ ਨਕਲਨਵੀਸਾਂ ਨੇ ਬਾਈਬਲ ਦੀ ਮੁਢਲੀਆਂ ਲਿਖਤਾਂ ਵਿਚ ਦਰਜ ਉਨ੍ਹਾਂ ਕਿੱਸਿਆਂ ਦੀ ਵੀ ਨਕਲ ਉਤਾਰੀ ਜਿਨ੍ਹਾਂ ਵਿਚ ਪਰਮੇਸ਼ੁਰ ਦੇ ਲੋਕਾਂ ਦੀਆਂ ਵੱਡੀਆਂ-ਵੱਡੀਆਂ ਗ਼ਲਤੀਆਂ ਬਾਰੇ ਦੱਸਿਆ ਗਿਆ ਸੀ। c (ਗਿਣਤੀ 20:12; 2 ਸਮੂਏਲ 11:2-4; ਗਲਾਤੀਆਂ 2:11-14) ਉਨ੍ਹਾਂ ਨੇ ਅਜਿਹੇ ਕਿੱਸਿਆਂ ਦੀ ਵੀ ਨਕਲ ਉਤਾਰੀ ਜਿਨ੍ਹਾਂ ਵਿਚ ਯਹੂਦੀ ਕੌਮ ਦੀ ਅਣਆਗਿਆਕਾਰੀ ਅਤੇ ਉਨ੍ਹਾਂ ਦੀਆਂ ਫੈਲਾਈਆਂ ਝੂਠੀਆਂ ਸਿੱਖਿਆਵਾਂ ਕਰਕੇ ਉਨ੍ਹਾਂ ਨੂੰ ਫਿਟਕਾਰਿਆ ਗਿਆ ਸੀ। (ਹੋਸ਼ੇਆ 4:2; ਮਲਾਕੀ 2:8, 9; ਮੱਤੀ 23:8, 9; 1 ਯੂਹੰਨਾ 5:21) ਨਕਲਨਵੀਸਾਂ ਨੇ ਇਨ੍ਹਾਂ ਕਿੱਸਿਆਂ ਦੀ ਸਹੀ-ਸਹੀ ਨਕਲ ਉਤਾਰ ਕੇ ਦਿਖਾਇਆ ਕਿ ਉਹ ਪਰਮੇਸ਼ੁਰ ਦੇ ਬਚਨ ਦੀ ਕਦਰ ਕਰਦੇ ਹਨ ਅਤੇ ਉਨ੍ਹਾਂ ਨੇ ਆਪਣਾ ਕੰਮ ਈਮਾਨਦਾਰੀ ਨਾਲ ਕੀਤਾ ਹੈ।

  •   ਜੇ ਰੱਬ ਨੇ ਆਪਣੀ ਪ੍ਰੇਰਣਾ ਨਾਲ ਬਾਈਬਲ ਲਿਖਵਾਈ ਹੈ, ਤਾਂ ਕੀ ਉਹ ਇਸ ਵਿਚ ਕੋਈ ਫੇਰ-ਬਦਲ ਹੋਣ ਦੇਵੇਗਾ? d (ਯਸਾਯਾਹ 40:8; 1 ਪਤਰਸ 1:24, 25) ਉਸ ਨੇ ਆਪਣਾ ਬਚਨ ਸਿਰਫ਼ ਪੁਰਾਣੇ ਸਮੇਂ ਦੇ ਲੋਕਾਂ ਲਈ ਹੀ ਨਹੀਂ, ਸਗੋਂ ਸਾਡੇ ਲਈ ਵੀ ਲਿਖਵਾਇਆ ਸੀ ਤਾਂਕਿ ਅੱਜ ਸਾਨੂੰ ਵੀ ਇਸ ਤੋਂ ਫ਼ਾਇਦਾ ਹੋਵੇ। (1 ਕੁਰਿੰਥੀਆਂ 10:11) “ਜੋ ਵੀ ਪਹਿਲਾਂ ਲਿਖਿਆ ਗਿਆ ਸੀ, ਉਹ ਸਾਨੂੰ ਸਿੱਖਿਆ ਦੇਣ ਲਈ ਹੀ ਲਿਖਿਆ ਗਿਆ ਸੀ। ਧਰਮ-ਗ੍ਰੰਥ ਮੁਸ਼ਕਲਾਂ ਦੌਰਾਨ ਧੀਰਜ ਰੱਖਣ ਵਿਚ ਸਾਡੀ ਮਦਦ ਕਰਦਾ ਹੈ ਅਤੇ ਇਸ ਤੋਂ ਸਾਨੂੰ ਦਿਲਾਸਾ ਮਿਲਦਾ ਹੈ ਅਤੇ ਇਸ ਧੀਰਜ ਅਤੇ ਦਿਲਾਸੇ ਕਰਕੇ ਸਾਨੂੰ ਉਮੀਦ ਮਿਲਦੀ ਹੈ।”—ਰੋਮੀਆਂ 15:4.

  •   ਯਿਸੂ ਅਤੇ ਉਸ ਦੇ ਚੇਲਿਆਂ ਨੇ ਬਿਨਾਂ ਝਿਜਕੇ ਇਬਰਾਨੀ ਲਿਖਤਾਂ ਵਿੱਚੋਂ ਹਵਾਲੇ ਦਿੱਤੇ ਕਿਉਂਕਿ ਉਨ੍ਹਾਂ ਨੂੰ ਪੂਰਾ ਯਕੀਨ ਸੀ ਕਿ ਇਸ ਵਿਚ ਲਿਖੀਆਂ ਗੱਲਾਂ ਬਿਲਕੁਲ ਸਹੀ ਹਨ।—ਲੂਕਾ 4:16-21; ਰਸੂਲਾਂ ਦੇ ਕੰਮ 17:1-3.

a ਇਹ ਸ਼ਬਦ ਕੋਡੈਕਸ ਸਿਨੈਟਿਕਸ, ਕੋਡੈਕਸ ਐਲੈਗਸੈਂਡ੍ਰੀਨਸ, ਵੈਟੀਕਨ ਮੈਨੁਸਕ੍ਰਿਪਟ ਨੰ. 1209, ਮੁਢਲੀ ਲਾਤੀਨੀ ਵਲਗੇਟ, ਫਿਲੋਸੀਨੀਅਨ-ਹਾਰਕਲੀਨ ਸੀਰੀਆਈ ਵਰਯਨ ਜਾਂ ਸੀਰੀਆਈ ਪਸ਼ੀਟਾ ਵਿਚ ਨਹੀਂ ਹਨ।

b ਮਿਸਾਲ ਲਈ, ਮਸੀਹੀ ਯੂਨਾਨੀ ਲਿਖਤਾਂ ਜਾਂ ਨਵੇਂ ਨੇਮ ਦੀਆਂ 5,000 ਤੋਂ ਵੀ ਜ਼ਿਆਦਾ ਹੱਥ-ਲਿਖਤਾਂ ਮੌਜੂਦ ਹਨ।

c ਬਾਈਬਲ ਕਹਿੰਦੀ ਹੈ: “ਅਜਿਹਾ ਕੋਈ ਆਦਮੀ ਨਹੀਂ ਜੋ ਪਾਪ ਨਾ ਕਰਦਾ ਹੋਵੇ।” (1 ਰਾਜਿਆਂ 8:46) ਇਸ ਲਈ ਪਰਮੇਸ਼ੁਰ ਨੇ ਆਪਣੇ ਬਚਨ ਵਿਚ ਆਪਣੇ ਚੁਣੇ ਹੋਏ ਲੋਕਾਂ ਦੀਆਂ ਗ਼ਲਤੀਆਂ ਵੀ ਦਰਜ ਕਰਵਾਈਆਂ ਹਨ।

d ਬੇਸ਼ੱਕ ਪਰਮੇਸ਼ੁਰ ਨੇ ਬਾਈਬਲ ਦੇ ਲਿਖਾਰੀਆਂ ਨੂੰ ਇਕ-ਇਕ ਸ਼ਬਦ ਨਹੀਂ ਦੱਸਿਆ, ਪਰ ਬਾਈਬਲ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ਉਸ ਨੇ ਆਪਣੇ ਵਿਚਾਰ ਉਨ੍ਹਾਂ ਨੂੰ ਦੱਸੇ।—2 ਤਿਮੋਥਿਉਸ 3:16, 17; 2 ਪਤਰਸ 1:21.