Skip to content

ਇਹ ਕਿਸ ਦਾ ਕਮਾਲ ਹੈ?

ਸਮੁੰਦਰੀ ਘੋਗੇ ਦੇ ਦੰਦਾਂ ਦੀ ਬਣਤਰ

ਸਮੁੰਦਰੀ ਘੋਗੇ ਦੇ ਦੰਦਾਂ ਦੀ ਬਣਤਰ

ਸਮੁੰਦਰੀ ਘੋਗੇ ਦੇ ਖੋਲ ਦਾ ਆਕਾਰ ਕੋਨ ਵਰਗਾ ਹੁੰਦਾ ਹੈ ਅਤੇ ਇਸ ਦੇ ਦੰਦਾਂ ਵਿਚ ਅਨੋਖੀ ਤਾਕਤ ਹੁੰਦੀ ਹੈ। ਇਸ ਦੇ ਦੰਦ ਪਤਲੇ-ਪਤਲੇ ਫਾਈਬਰਾਂ ਅਤੇ ਨਰਮ ਪ੍ਰੋਟੀਨਾਂ ਨੂੰ ਜੋੜ ਕੇ ਬਣੇ ਹੁੰਦੇ ਹਨ। ਇਹ ਫਾਈਬਰ ਜੀਓਥਾਈਟ ਨਾਂ ਦੇ ਖਣਿਜ ਪਦਾਰਥ ਤੋਂ ਬਣਦੇ ਹਨ।

ਜ਼ਰਾ ਸੋਚੋ: ਘੋਗੇ ਦੇ ਮੂੰਹ ਵਿਚ ਇਕ ਅਜਿਹਾ ਅੰਗ ਹੁੰਦਾ ਹੈ ਜੋ ਜੀਭ ਵਰਗਾ ਲੱਗਦਾ ਹੈ। ਇਸ ਉੱਤੇ ਕਈ ਦੰਦ ਲੱਗੇ ਹੁੰਦੇ ਹਨ। ਹਰ ਦੰਦ ਇਕ ਮਿਲੀਮੀਟਰ (0.05 ਇੰਚ) ਤੋਂ ਵੀ ਘੱਟ ਲੰਬਾ ਹੁੰਦਾ ਹੈ ਅਤੇ ਇਹ ਸਾਰੇ ਮਿਲ ਕੇ ਇਕ ਰੇਤੀ ਦੀ ਤਰ੍ਹਾਂ ਕੰਮ ਕਰਦੇ ਹਨ। ਘੋਗੇ ਦੇ ਹਰ ਦੰਦ ਦਾ ਮਜ਼ਬੂਤ ਅਤੇ ਸਖ਼ਤ ਹੋਣਾ ਬਹੁਤ ਜ਼ਰੂਰੀ ਹੈ ਤਾਂਕਿ ਇਹ ਪੱਥਰਾਂ ਤੋਂ ਐਲਗੀ ਜਾਂ ਘਾਹ ਵਗੈਰਾ ਖੁਰਚ ਕੇ ਖਾ ਸਕੇ।

ਖੋਜਕਾਰਾਂ ਨੇ ਇਕ ਮਾਈਕ੍ਰੋਸਕੋਪ ਨਾਲ ਇਸ ਦੇ ਦੰਦਾਂ ਦੀ ਜਾਂਚ ਕਰ ਕੇ ਦੇਖਿਆ ਕਿ ਟੁੱਟਣ ਤੋਂ ਪਹਿਲਾਂ ਇਹ ਕਿੰਨਾ ਕੁ ਦਬਾਅ ਸਹਿ ਸਕਦੇ ਹਨ। ਇਸ ਖੋਜ ਤੋਂ ਪਤਾ ਲੱਗਾ ਕਿ ਘੋਗੇ ਦੇ ਦੰਦ ਹੁਣ ਤਕ ਖੋਜ ਕੀਤੀਆਂ ਗਈਆਂ ਸਾਰੀਆਂ ਚੀਜ਼ਾਂ ਨਾਲੋਂ ਮਜ਼ਬੂਤ ਹਨ, ਇੱਥੋਂ ਤਕ ਕਿ ਮੱਕੜੀ ਦੇ ਜਾਲ਼ੇ ਨਾਲੋਂ ਵੀ। ਇਸ ਖੋਜ ਦੀ ਅਗਵਾਈ ਲੈਣ ਵਾਲੇ ਨੇ ਕਿਹਾ: “ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਸਮੁੰਦਰੀ ਘੋਗੇ ਦੇ ਦੰਦਾਂ ਦੀ ਬਣਤਰ ਦੀ ਕਿਵੇਂ ਨਕਲ ਕਰ ਸਕਦੇ ਹਾਂ।”

ਖੋਜਕਾਰ ਮੰਨਦੇ ਹਨ ਕਿ ਜਿਨ੍ਹਾਂ ਪਦਾਰਥਾਂ ਤੋਂ ਸਮੁੰਦਰੀ ਘੋਗੇ ਦੇ ਦੰਦ ਬਣੇ ਹਨ, ਉਨ੍ਹਾਂ ਨੂੰ ਗੱਡੀਆਂ, ਕਿਸ਼ਤੀਆਂ ਅਤੇ ਜਹਾਜ਼ ਬਣਾਉਣ ਵਿਚ ਵਰਤਿਆ ਜਾ ਸਕਦਾ ਹੈ। ਨਾਲੇ ਇਨ੍ਹਾਂ ਨੂੰ ਦੰਦ ਠੀਕ ਕਰਨ ਲਈ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

ਤੁਹਾਡਾ ਕੀ ਖ਼ਿਆਲ ਹੈ? ਕੀ ਸਮੁੰਦਰੀ ਘੋਗੇ ਦੇ ਦੰਦਾਂ ਦੀ ਬਣਤਰ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?