Skip to content

ਇਹ ਕਿਸ ਦਾ ਕਮਾਲ ਹੈ?

ਸਮੁੰਦਰੀ ਕੀਊਕੰਬਰ ਦੀ ਅਨੋਖੀ ਖੱਲ

ਸਮੁੰਦਰੀ ਕੀਊਕੰਬਰ ਦੀ ਅਨੋਖੀ ਖੱਲ

ਸਮੁੰਦਰੀ ਕੀਊਕੰਬਰ ਉਹ ਜਾਨਵਰ ਹਨ ਜੋ ਸਮੁੰਦਰ ਦੇ ਤਲ ਅਤੇ ਸਮੁੰਦਰ ਹੇਠਲੀਆਂ ਚਟਾਨਾਂ ’ਤੇ ਰਹਿੰਦੇ ਹਨ। ਉਨ੍ਹਾਂ ਦੀ ਖੱਲ ਖੁਰਦਰੀ ਜਾਂ ਨੁਕੀਲੀ ਵੀ ਹੋ ਸਕਦੀ ਹੈ। ਉਨ੍ਹਾਂ ਦਾ ਸਰੀਰ ਬਹੁਤ ਲਚਕੀਲਾ ਹੋਣ ਕਰਕੇ ਮਿੰਟਾਂ-ਸਕਿੰਟਾਂ ਵਿਚ ਮੋਮ ਵਾਂਗ ਨਰਮ ਤੇ ਫੱਟੇ ਵਾਂਗ ਸਖ਼ਤ ਬਣ ਸਕਦਾ ਹੈ। ਲਚਕੀਲੇ ਹੋਣ ਕਰਕੇ ਸਮੁੰਦਰੀ ਕੀਊਕੰਬਰ ਹਿੱਲ-ਜੁੱਲ ਕੇ ਛੋਟੀ ਜਿਹੀ ਵਿਰਲ ਅੰਦਰ ਜਾ ਕੇ ਸਖ਼ਤ ਬਣ ਜਾਂਦੇ ਹਨ ਤਾਂਕਿ ਸ਼ਿਕਾਰੀ ਜਾਨਵਰ ਉਨ੍ਹਾਂ ਨੂੰ ਬਾਹਰ ਨਾ ਕੱਢ ਸਕਣ। ਸਮੁੰਦਰੀ ਕੀਊਕੰਬਰ ਦੀ ਕਾਬਲੀਅਤ ਦਾ ਰਾਜ਼ ਇਨ੍ਹਾਂ ਦੀ ਅਨੋਖੀ ਖੱਲ ਵਿਚ ਹੈ।

ਜ਼ਰਾ ਸੋਚੋ: ਸਮੁੰਦਰੀ ਕੀਊਕੰਬਰ ਆਪਣੀ ਖੱਲ ਨੂੰ ਤਿੰਨ ਰੂਪਾਂ ਵਿਚ ਬਦਲ ਸਕਦੇ ਹਨ—ਸਖ਼ਤ, ਘੱਟ ਸਖ਼ਤ ਅਤੇ ਨਰਮ। ਇਨ੍ਹਾਂ ਰੂਪਾਂ ਵਿਚ ਬਦਲਣ ਲਈ ਸਮੁੰਦਰੀ ਕੀਊਕੰਬਰ ਆਪਣੀ ਖੱਲ ਵਿਚ ਫਾਈਬਰ ਜੋੜਦੇ ਜਾਂ ਅਲੱਗ ਕਰਦੇ ਹਨ। ਉਹ ਵੱਖੋ-ਵੱਖਰੇ ਕਠੋਰ ਤੇ ਨਰਮ ਪ੍ਰੋਟੀਨ ਵਰਤ ਕੇ ਇਸ ਤਰ੍ਹਾਂ ਕਰਦੇ ਹਨ।

ਕਠੋਰ ਪ੍ਰੋਟੀਨ ਸਮੁੰਦਰੀ ਕੀਊਕੰਬਰ ਦੇ ਟਿਸ਼ੂ ਅੰਦਰ ਮੌਜੂਦ ਫਾਈਬਰਾਂ ਵਿਚਕਾਰ ਲੜੀਆਂ ਜੋੜ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦੀ ਖੱਲ ਸਖ਼ਤ ਬਣ ਜਾਂਦੀ ਹੈ। ਨਰਮ ਪ੍ਰੋਟੀਨ ਇਨ੍ਹਾਂ ਫਾਈਬਰਾਂ ਨੂੰ ਅਲੱਗ ਕਰ ਕੇ ਖੱਲ ਨੂੰ ਨਰਮ ਬਣਾ ਦਿੰਦੇ ਹਨ। ਸਮੁੰਦਰੀ ਕੀਊਕੰਬਰ ਦੀ ਖੱਲ ਇੰਨੀ ਨਰਮ ਹੋ ਸਕਦੀ ਹੈ ਜਿਵੇਂ ਇਹ ਪਿਘਲ ਰਹੀ ਹੋਵੇ।

ਵਿਗਿਆਨੀ ਇੱਦਾਂ ਦੀਆਂ ਚੀਜ਼ਾਂ ਤਿਆਰ ਕਰ ਰਹੇ ਹਨ ਜੋ ਸਮੁੰਦਰੀ ਕੀਊਕੰਬਰ ਦੀ ਢਲ਼ਣਯੋਗਤਾ ਦੀ ਨਕਲ ਕਰ ਸਕਣ। ਉਨ੍ਹਾਂ ਦਾ ਇਕ ਟੀਚਾ ਦਿਮਾਗ਼ ਦੇ ਓਪਰੇਸ਼ਨ ਲਈ ਅਜਿਹੇ ਇਲੈਕਟ੍ਰੋਡਸ ਤਿਆਰ ਕਰਨ ਦਾ ਹੈ ਜੋ ਕਿ ਇੰਨੇ ਸਖ਼ਤ ਹੋਣ ਕਿ ਸਰਜਰੀ ਦੌਰਾਨ ਉਨ੍ਹਾਂ ਨੂੰ ਬਿਲਕੁਲ ਸਹੀ ਜਗ੍ਹਾ ਤੇ ਰੱਖਿਆ ਜਾ ਸਕੇ, ਪਰ ਬਾਅਦ ਵਿਚ ਇਹ ਨਰਮ ਵੀ ਬਣ ਜਾਣ। ਜੇ ਇਲੈਕਟ੍ਰੋਡਸ ਇਸ ਤਰ੍ਹਾਂ ਢਲ਼ਣਯੋਗ ਹੋਣ, ਤਾਂ ਓਪਰੇਸ਼ਨ ਸਫ਼ਲ ਹੋਵੇਗਾ।

ਤੁਹਾਡਾ ਕੀ ਖ਼ਿਆਲ ਹੈ? ਸਮੁੰਦਰੀ ਕੀਊਕੰਬਰ ਦੀ ਅਨੋਖੀ ਖੱਲ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ।