Skip to content

ਇਹ ਕਿਸ ਦਾ ਕਮਾਲ ਹੈ?

ਬਾਰਨੇਕਲ ਦੀ ਗੂੰਦ

ਬਾਰਨੇਕਲ ਦੀ ਗੂੰਦ

ਜੀਵ-ਵਿਗਿਆਨੀ ਬਹੁਤ ਸਮੇਂ ਤੋਂ ਬਾਰਨੇਕਲ ਦੀ ਚਿਪਕਣ ਦੀ ਕਾਬਲੀਅਤ ਵੱਲ ਧਿਆਨ ਦਿੰਦੇ ਆਏ ਹਨ ਕਿ ਉਹ ਪੱਥਰਾਂ, ਬੰਦਰਗਾਹਾਂ ਅਤੇ ਜਹਾਜ਼ਾਂ ਦੇ ਢਾਂਚਿਆਂ ਨਾਲ ਇੰਨੀ ਮਜ਼ਬੂਤੀ ਨਾਲ ਕਿਵੇਂ ਚਿਪਕਦੇ ਹਨ। ਬਾਰਨੇਕਲ ਦੀ ਗੂੰਦ ਨੂੰ ਇਨਸਾਨਾਂ ਦੁਆਰਾ ਬਣਾਈ ਕਿਸੇ ਵੀ ਗੂੰਦ ਨਾਲੋਂ ਕਿਤੇ ਜ਼ਿਆਦਾ ਉੱਤਮ ਮੰਨਿਆ ਜਾਂਦਾ ਹੈ। ਪਰ ਕਾਫ਼ੀ ਸਮੇਂ ਤੋਂ ਇਹ ਗੱਲ ਇਕ ਬੁਝਾਰਤ ਬਣੀ ਹੋਈ ਸੀ ਕਿ ਬਾਰਨੇਕਲ ਗਿੱਲੀਆਂ ਥਾਵਾਂ ਨਾਲ ਕਿਵੇਂ ਚਿਪਕਦੇ ਹਨ।

ਜ਼ਰਾ ਸੋਚੋ: ਖੋਜਬੀਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਕਿਸੇ ਜਗ੍ਹਾ ’ਤੇ ਚਿਪਕਣ ਤੋਂ ਪਹਿਲਾਂ ਬਾਰਨੇਕਲ ਕਈ ਥਾਵਾਂ ਦੀ ਜਾਂਚ ਕਰਦਾ ਹੈ। ਜਦੋਂ ਉਸ ਨੂੰ ਇਹ ਜਗ੍ਹਾ ਲੱਭ ਜਾਂਦੀ ਹੈ, ਤਾਂ ਉਹ ਆਪਣੇ ਅੰਦਰੋਂ ਦੋ ਵੱਖਰੇ ਪਦਾਰਥ ਕੱਢਣੇ ਸ਼ੁਰੂ ਕਰ ਦਿੰਦਾ ਹੈ। ਉਹ ਪਹਿਲਾਂ ਇਕ ਤੇਲਦਾਰ ਪਦਾਰਥ ਵਰਤ ਕੇ ਪਾਣੀ ਨੂੰ ਉਸ ਜਗ੍ਹਾ ਤੋਂ ਹਟਾ ਦਿੰਦਾ ਹੈ। ਤੇਲਦਾਰ ਪਦਾਰਥ ਦੂਜੇ ਪਦਾਰਥ ਲਈ ਥਾਂ ਤਿਆਰ ਕਰ ਦਿੰਦਾ ਹੈ ਤਾਂਕਿ ਉਹ ਚਿਪਕ ਸਕੇ। ਇਹ ਪਦਾਰਥ ਫਾਸਫ਼ੋਪ੍ਰੋਟੀਨ ਨਾਂ ਦੇ ਪ੍ਰੋਟੀਨਾਂ ਤੋਂ ਬਣਿਆ ਹੁੰਦਾ ਹੈ।

ਇਨ੍ਹਾਂ ਦੋ ਪਦਾਰਥਾਂ ਨੂੰ ਮਿਲਾ ਕੇ ਇਕ ਅਜਿਹੀ ਮਜ਼ਬੂਤ ਗੂੰਦ ਬਣਦੀ ਹੈ ਜਿਸ ਨੂੰ ਬੈਕਟੀਰੀਆ ਵੀ ਕੋਈ ਨੁਕਸਾਨ ਨਹੀਂ ਪਹੁੰਚਾ ਸਕਦੇ। ਬਾਰਨੇਕਲ ਲਈ ਆਪਣੀ ਪੂਰੀ ਜ਼ਿੰਦਗੀ ਉਸ ਜਗ੍ਹਾ ਨਾਲ ਚਿਪਕੇ ਰਹਿਣ ਲਈ ਇਹ ਮਜ਼ਬੂਤ ਗੂੰਦ ਬਹੁਤ ਜ਼ਰੂਰੀ ਹੈ।

ਬਾਰਨੇਕਲ ਦੀ ਗੂੰਦ ਦੇ ਧਾਗੇ

ਵਿਗਿਆਨੀਆਂ ਦੀ ਸੋਚ ਨਾਲੋਂ ਬਾਰਨੇਕਲ ਦਾ ਗੂੰਦ ਬਣਾਉਣ ਦਾ ਤਰੀਕਾ ਕਿਤੇ ਜ਼ਿਆਦਾ ਗੁੰਝਲਦਾਰ ਹੈ। ਜਿਨ੍ਹਾਂ ਖੋਜਕਾਰਾਂ ਨੇ ਇਸ ਦੀ ਖੋਜ ਕੀਤੀ, ਉਨ੍ਹਾਂ ਵਿੱਚੋਂ ਇਕ ਖੋਜਕਾਰ ਕਹਿੰਦਾ ਹੈ: “ਕਿਸੇ ਵੀ ਜਗ੍ਹਾ ਅੰਦਰ ਪਾਣੀ ਜਾਣ ਤੋਂ ਰੋਕਣ ਲਈ ਇਹ ਬਹੁਤ ਹੀ ਕਮਾਲ ਦਾ ਤਰੀਕਾ ਹੈ।” ਇਸ ਦੀ ਮਦਦ ਨਾਲ ਸ਼ਾਇਦ ਖੋਜਕਾਰ ਇਕ ਅਜਿਹੀ ਗੂੰਦ ਤਿਆਰ ਕਰ ਸਕਣਗੇ ਜੋ ਕਿ ਪਾਣੀ ਦੇ ਅੰਦਰ, ਇਲੈਕਟ੍ਰਾਨਿਕ ਚੀਜ਼ਾਂ ਵਿਚ ਅਤੇ ਡਾਕਟਰੀ ਖੇਤਰ ਵਿਚ ਬਣਾਉਟੀ ਅੰਗਾਂ ਨੂੰ ਲਾਉਣ ਲਈ ਵਰਤੀ ਜਾ ਸਕੇ।

ਤੁਹਾਡਾ ਕੀ ਖ਼ਿਆਲ ਹੈ? ਕੀ ਬਾਰਨੇਕਲ ਦੀ ਗੂੰਦ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?