Skip to content

ਇਹ ਕਿਸ ਦਾ ਕਮਾਲ ਹੈ?

ਡਾਲਫਿਨ ਦੀ ਸੁਣਨ ਦੀ ਕਾਬਲੀਅਤ

ਡਾਲਫਿਨ ਦੀ ਸੁਣਨ ਦੀ ਕਾਬਲੀਅਤ

ਡਾਲਫਿਨ ਪਾਣੀ ਵਿਚ ਵੱਖੋ-ਵੱਖਰੀਆਂ ਆਵਾਜ਼ਾਂ ਕੱਢਦੀਆਂ ਹਨ ਅਤੇ ਫਿਰ ਆਲੇ-ਦੁਆਲੇ ਗੂੰਜ ਸੁਣਦੀਆਂ ਹਨ ਤਾਂਕਿ ਉਹ ਰਾਹ ਲੱਭ ਸਕਣ ਅਤੇ ਆਲੇ-ਦੁਆਲੇ ਬਾਰੇ ਜਾਣ ਸਕਣ। ਬੋਟਲਨੋਜ਼ ਡਾਲਫਿਨ (Tursiops truncatus) ਦੀ ਸੁਣਨ ਦੀ ਕਾਬਲੀਅਤ ਦੀ ਨਕਲ ਕਰ ਕੇ ਵਿਗਿਆਨੀ ਪਾਣੀ ਹੇਠਾਂ ਚੱਲਣ ਵਾਲਾ ਸਾਊਂਡ ਸਿਸਟਮ ਬਣਾ ਰਹੇ ਹਨ। ਮੌਜੂਦਾ ਤਕਨਾਲੋਜੀ ਨਾਲ ਕੁਝ ਹੱਦ ਤਕ ਹੀ ਕਾਮਯਾਬੀ ਮਿਲ ਰਹੀ ਹੈ। ਪਰ ਨਵੇਂ ਸਿਸਟਮ ਦੀ ਮਦਦ ਨਾਲ ਉਹ ਹੋਰ ਵਧੀਆ ਤਰੀਕੇ ਨਾਲ ਸਮੁੰਦਰ ਵਿਚ ਖੋਜਬੀਨ ਕਰ ਸਕਦੇ ਹਨ।

ਜ਼ਰਾ ਸੋਚੋ: ਡਾਲਫਿਨ ਆਪਣੀ ਸੁਣਨ ਦੀ ਕਾਬਲੀਅਤ (sonar) ਦੀ ਵਰਤੋਂ ਕਰ ਕੇ ਸਮੁੰਦਰ ਤਲ ਦੀ ਰੇਤ ਵਿਚ ਛਿਪੀ ਮੱਛੀ ਨੂੰ ਲੱਭ ਸਕਦੀ ਹੈ ਅਤੇ ਮੱਛੀ ਤੇ ਪੱਥਰ ਵਿਚ ਫ਼ਰਕ ਪਛਾਣ ਸਕਦੀ ਹੈ। ਸਕਾਟਲੈਂਡ ਦੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕੀਥ ਬਰਾਊਨ ਨੇ ਕਿਹਾ ਕਿ ਡਾਲਫਿਨ ‘10 ਮੀਟਰ [32.8 ਫੁੱਟ] ਦੀ ਦੂਰੀ ਤੋਂ ਪਛਾਣ ਸਕਦੀ ਹੈ ਕਿ ਕਿਸ ਡੱਬੇ ਵਿਚ ਤਾਜ਼ਾ ਪਾਣੀ, ਲੂਣ ਵਾਲਾ ਪਾਣੀ, ਸ਼ਰਬਤ ਅਤੇ ਪੈਟ੍ਰੋਲ ਵਗੈਰਾ ਹੈ।’ ਵਿਗਿਆਨੀ ਇਸ ਤਰ੍ਹਾਂ ਦੇ ਔਜ਼ਾਰ ਬਣਾਉਣਾ ਚਾਹੁੰਦੇ ਹਨ ਜਿਨ੍ਹਾਂ ਵਿਚ ਇਹ ਕੁਝ ਖੂਬੀਆਂ ਹੋਣ।

10 ਮੀਟਰ ਦੀ ਦੂਰੀ ਤੋਂ ਡਾਲਫਿਨ ਨੂੰ ਪਤਾ ਲੱਗ ਜਾਂਦਾ ਹੈ ਕਿ ਅਲੱਗ-ਅਲੱਗ ਡੱਬਿਆਂ ਵਿਚ ਕੀ ਹੈ

ਖੋਜਕਾਰਾਂ ਨੇ ਡਾਲਫਿਨ ਦੀ ਆਵਾਜ਼ ਅਤੇ ਉਸ ਦੀ ਸੁਣਨ ਦੀ ਕਾਬਲੀਅਤ ’ਤੇ ਗੌਰ ਕੀਤਾ ਅਤੇ ਇਨ੍ਹਾਂ ਦੀ ਨਕਲ ਕਰਨ ਦੀ ਕੋਸ਼ਿਸ਼ ਕੀਤੀ। ਨਤੀਜੇ ਵਜੋਂ, ਇਕ ਗੁੰਝਲਦਾਰ ਇਲੈਕਟ੍ਰਾਨਿਕ ਔਜ਼ਾਰ ਬਣਾਇਆ ਗਿਆ ਤੇ ਇਸ ਨੂੰ ਲਗਭਗ 1 ਮੀਟਰ (3.3 ਫੁੱਟ) ਲੰਬੇ ਸਿਲੈਂਡਰ ਵਿਚ ਲਾਇਆ ਗਿਆ। ਇਸ ਔਜ਼ਾਰ ਨੂੰ ਪਾਣੀ ਦੇ ਅੰਦਰ ਇਕ ਰੋਬੋਟਿਕ ਪਣਡੁੱਬੀ ਨਾਲ ਜੋੜਿਆ ਜਾਂਦਾ ਹੈ ਜੋ ਤਾਰਪੀਡੋ ਵਰਗਾ ਲੱਗਦਾ ਹੈ। ਇਸ ਔਜ਼ਾਰ ਨੂੰ ਸਮੁੰਦਰ ਤਲ ਦੀ ਖੋਜ ਕਰਨ ਅਤੇ ਡੁੱਬੀਆਂ ਚੀਜ਼ਾਂ ਨੂੰ ਬਿਨਾਂ ਛੂਹੇ ਲੱਭਣ ਲਈ ਬਣਾਇਆ ਗਿਆ ਹੈ, ਜਿਵੇਂ ਤਾਰਾਂ ਜਾਂ ਪਾਈਪ। ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਔਜ਼ਾਰ ਨਾਲ ਤੇਲ ਅਤੇ ਗੈਸ ਉਦਯੋਗ ਨੂੰ ਫ਼ਾਇਦਾ ਹੋਵੇਗਾ। ਡਾਲਫਿਨ ਦੀ ਸੁਣਨ ਸ਼ਕਤੀ ’ਤੇ ਆਧਾਰਿਤ ਤਕਨਾਲੋਜੀ ਨੂੰ ਵਰਤ ਕੇ ਮੌਜੂਦਾ ਸਿਸਟਮ ਹੋਰ ਜ਼ਿਆਦਾ ਜਾਣਕਾਰੀ ਇਕੱਠੀ ਕਰ ਸਕਦੇ ਹਨ। ਇਸ ਦੀ ਮਦਦ ਨਾਲ ਇੰਜੀਨੀਅਰ ਤੇਲ ਰਿਗ (oil rig) ਅਤੇ ਪਾਈਪ ਸਭ ਤੋਂ ਵਧੀਆ ਜਗ੍ਹਾ ’ਤੇ ਰੱਖ ਸਕਦੇ ਅਤੇ ਇਨ੍ਹਾਂ ਨੂੰ ਹੋਏ ਨੁਕਸਾਨ ਵੀ ਦੇਖ ਸਕਦੇ ਹਨ, ਜਿਵੇਂ ਕਿ ਤੇਲ ਰਿਗ ਦੀਆਂ ਨੀਂਹਾਂ ਵਿਚ ਤਰੇੜਾਂ ਜਾਂ ਪਾਈਪਾਂ ਵਿਚ ਕੁਝ ਫਸਿਆ ਹੋਵੇ।

ਤੁਹਾਡਾ ਕੀ ਖ਼ਿਆਲ ਹੈ? ਕੀ ਡਾਲਫਿਨ ਦੀ ਸੁਣਨ ਦੀ ਕਾਬਲੀਅਤ ਵਿਕਾਸਵਾਦ ਦਾ ਨਤੀਜਾ ਹੈ? ਜਾਂ ਕੀ ਇਹ ਕਿਸੇ ਬੁੱਧੀਮਾਨ ਡੀਜ਼ਾਈਨਰ ਦੇ ਹੱਥਾਂ ਦਾ ਕਮਾਲ ਹੈ?