ਬਾਈਬਲ ਆਇਤਾਂ ਦੀ ਸਮਝ

ਮੱਤੀ 6:33—‘ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹੋ’

ਮੱਤੀ 6:33—‘ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਰਹੋ’

 “ਇਸ ਲਈ ਪਰਮੇਸ਼ੁਰ ਦੇ ਰਾਜ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦਿੰਦੇ ਰਹੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।”​—ਮੱਤੀ 6:33, ਨਵੀਂ ਦੁਨੀਆਂ ਅਨੁਵਾਦ।

 “ਪਰ ਪਹਿਲਾਂ ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਭਾਲ ਕਰੋ ਅਤੇ ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ।”​—ਮੱਤੀ 6:33, ਨਿਊ ਕਿੰਗ ਜੇਮਜ਼ ਵਰਯਨ।

ਮੱਤੀ 6:33 ਦਾ ਮਤਲਬ

 ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਜੋ ਧਰਤੀ ʼਤੇ ਉਸ ਦੀ ਇੱਛਾ ਪੂਰੀ ਕਰੇਗੀ। (ਮੱਤੀ 6:9, 10) ਇਕ ਵਿਅਕਤੀ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇ ਕੇ ਦਿਖਾਉਂਦਾ ਹੈ ਕਿ ਇਹ ਰਾਜ ਉਸ ਦੀ ਜ਼ਿੰਦਗੀ ਵਿਚ ਕਿੰਨੀ ਅਹਿਮੀਅਤ ਰੱਖਦਾ ਹੈ। a ਇਸ ਵਿਚ ਸਿਰਫ਼ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣ ਦੀ ਇੱਛਾ ਰੱਖਣੀ ਹੀ ਕਾਫ਼ੀ ਨਹੀਂ, ਸਗੋਂ ਦੂਜਿਆਂ ਨੂੰ ਇਹ ਦੱਸਣਾ ਵੀ ਸ਼ਾਮਲ ਹੈ ਕਿ ਇਹ ਰਾਜ ਕਿਹੜੇ ਚੰਗੇ ਕੰਮ ਕਰੇਗਾ। (ਮੱਤੀ 24:14) ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਵਾਲਾ ਵਿਅਕਤੀ ਇਹ ਵੀ ਪ੍ਰਾਰਥਨਾ ਕਰਦਾ ਹੈ ਕਿ ਧਰਤੀ ʼਤੇ ਉਸ ਦਾ ਰਾਜ ਆਵੇ।​—ਲੂਕਾ 11:2.

 ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰਾਂ ਨੂੰ ਪਹਿਲ ਦੇਣ ਵਾਲਾ ਵਿਅਕਤੀ ਉਸ ਦੇ ਨੈਤਿਕ ਅਸੂਲਾਂ ਮੁਤਾਬਕ ਜ਼ਿੰਦਗੀ ਜੀਉਂਦਾ ਹੈ ਜੋ ਹਮੇਸ਼ਾ ਫ਼ਾਇਦੇਮੰਦ ਹੁੰਦੇ ਹਨ।​—ਜ਼ਬੂਰ 119:172, ਯਸਾਯਾਹ 48:17.

 ਇਹ ਸਭ ਚੀਜ਼ਾਂ ਤੁਹਾਨੂੰ ਦਿੱਤੀਆਂ ਜਾਣਗੀਆਂ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਪਰਮੇਸ਼ੁਰ ਉਸ ਵਿਅਕਤੀ ਦੀਆਂ ਲੋੜਾਂ ਪੂਰੀਆਂ ਕਰਨ ਦਾ ਵਾਅਦਾ ਕਰਦਾ ਹੈ ਜੋ ਪਰਮੇਸ਼ੁਰ ਦੇ ਰਾਜ ਨੂੰ ਪਹਿਲੀ ਥਾਂ ਦਿੰਦਾ ਹੈ ਤੇ ਉਸ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਂਦਾ ਹੈ।​—ਮੱਤੀ 6:31, 32.

ਅਗਲੀਆਂ-ਪਿਛਲੀਆਂ ਆਇਤਾਂ ਮੁਤਾਬਕ ਮੱਤੀ 6:33 ਦੀ ਸਮਝ

 ਯਿਸੂ ਦੇ ਇਹ ਸ਼ਬਦ ਪਹਾੜੀ ਉਪਦੇਸ਼ ਦਾ ਹਿੱਸਾ ਹਨ ਜੋ ਮੱਤੀ 5-7 ਅਧਿਆਵਾਂ ਵਿਚ ਦਰਜ ਹੈ। ਬਿਨਾਂ ਸ਼ੱਕ, ਯਿਸੂ ਦੀ ਗੱਲ ਸੁਣਨ ਵਾਲੇ ਬਹੁਤ ਸਾਰੇ ਲੋਕ ਗ਼ਰੀਬ ਸਨ। ਉਨ੍ਹਾਂ ਨੂੰ ਸ਼ਾਇਦ ਲੱਗਦਾ ਸੀ ਕਿ ਉਨ੍ਹਾਂ ਨੂੰ ਆਪਣਾ ਧਿਆਨ ਕੰਮ-ਕਾਰ ਕਰਨ ʼਤੇ ਲਾਉਣਾ ਚਾਹੀਦਾ ਹੈ ਜਿਸ ਕਰਕੇ ਉਨ੍ਹਾਂ ਕੋਲ ਰਾਜ ਨੂੰ ਪਹਿਲ ਦੇਣ ਲਈ ਸਮਾਂ ਹੀ ਨਹੀਂ ਬਚਣਾ ਸੀ। ਪਰ ਯਿਸੂ ਨੇ ਉਨ੍ਹਾਂ ਨੂੰ ਇਸ ਗੱਲ ਵੱਲ ਧਿਆਨ ਦੇਣ ਦੀ ਹੱਲਾਸ਼ੇਰੀ ਦਿੱਤੀ ਕਿ ਪਰਮੇਸ਼ੁਰ ਕਿਵੇਂ ਪੇੜ-ਪੌਦਿਆਂ ਤੇ ਪਸ਼ੂ-ਪੰਛੀਆਂ ਦੀ ਦੇਖ-ਭਾਲ ਕਰਦਾ ਹੈ। ਪਰਮੇਸ਼ੁਰ ਉਸ ਦੇ ਰਾਜ ਨੂੰ ਪਹਿਲ ਦੇਣ ਵਾਲਿਆਂ ਦੀਆਂ ਲੋੜਾਂ ਪੂਰੀਆਂ ਕਰਨ ਦਾ ਵੀ ਵਾਅਦਾ ਕਰਦਾ ਹੈ।​—ਮੱਤੀ 6:25-30.

ਮੱਤੀ 6:33 ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਰਾਜ ਨੂੰ ਪਹਿਲ ਦੇਣ ਵਾਲਾ ਵਿਅਕਤੀ ਅਮੀਰ ਬਣ ਜਾਵੇਗਾ।

 ਸੱਚਾਈ: ਯਿਸੂ ਨੇ ਕਿਹਾ ਸੀ ਕਿ ਜਿਹੜੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣਗੇ, ਉਨ੍ਹਾਂ ਦੀਆਂ ਲੋੜਾਂ ਪੂਰੀਆਂ ਕੀਤੀਆਂ ਜਾਣਗੀਆਂ, ਜਿਵੇਂ ਰੋਟੀ ਅਤੇ ਕੱਪੜਾ। (ਮੱਤੀ 6:25, 31, 32) ਪਰ ਯਿਸੂ ਨੇ ਇਹ ਨਹੀਂ ਕਿਹਾ ਸੀ ਕਿ ਉਨ੍ਹਾਂ ਨੂੰ ਐਸ਼ੋ-ਆਰਾਮ ਦੀਆਂ ਚੀਜ਼ਾਂ ਦਿੱਤੀਆਂ ਜਾਣਗੀਆਂ ਤੇ ਨਾ ਹੀ ਉਸ ਦੇ ਕਹਿਣ ਦਾ ਇਹ ਮਤਲਬ ਸੀ ਕਿ ਜੇ ਉਹ ਅਮੀਰ ਹਨ, ਤਾਂ ਉਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਹੈ। ਯਿਸੂ ਨੇ ਆਪਣੇ ਸੁਣਨ ਵਾਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਧਨ-ਦੌਲਤ ਪਿੱਛੇ ਨਾ ਭੱਜਣ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਲਈ ਰਾਜ ਨੂੰ ਪਹਿਲ ਦੇਣੀ ਔਖੀ ਹੋ ਸਕਦੀ ਸੀ। (ਮੱਤੀ 6:19, 20, 24) ਪੌਲੁਸ ਰਸੂਲ ਨੇ ਹਮੇਸ਼ਾ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦੇਣ ਲਈ ਮਿਹਨਤ ਕੀਤੀ, ਪਰ ਉਸ ਕੋਲ ਕਦੇ-ਕਦੇ ਲੋੜੀਂਦੀਆਂ ਚੀਜ਼ਾਂ ਦੀ ਘਾਟ ਹੁੰਦੀ ਸੀ। ਯਿਸੂ ਵਾਂਗ ਪੌਲੁਸ ਨੇ ਵੀ ਦੂਜਿਆਂ ਨੂੰ ਅਮੀਰ ਬਣਨ ਦੀ ਕੋਸ਼ਿਸ਼ ਕਰਨ ਦੇ ਖ਼ਤਰਿਆਂ ਬਾਰੇ ਦੱਸਿਆ।—ਫ਼ਿਲਿੱਪੀਆਂ 4:11, 12; 1 ਤਿਮੋਥਿਉਸ 6:6-10.

 ਗ਼ਲਤਫ਼ਹਿਮੀ: ਮਸੀਹੀਆਂ ਨੂੰ ਗੁਜ਼ਾਰਾ ਤੋਰਨ ਲਈ ਕੰਮ ਕਰਨ ਦੀ ਲੋੜ ਨਹੀਂ।

 ਸੱਚਾਈ: ਬਾਈਬਲ ਦੱਸਦੀ ਹੈ ਕਿ ਮਸੀਹੀਆਂ ਨੂੰ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰਨ ਲਈ ਕੰਮ ਕਰਨਾ ਚਾਹੀਦਾ ਹੈ। (1 ਥੱਸਲੁਨੀਕੀਆਂ 4:11, 12; 2 ਥੱਸਲੁਨੀਕੀਆਂ 3:10; 1 ਤਿਮੋਥਿਉਸ 5:8) ਯਿਸੂ ਨੇ ਆਪਣੇ ਚੇਲਿਆਂ ਨੂੰ ਇਹ ਨਹੀਂ ਕਿਹਾ ਸੀ ਕਿ ਉਨ੍ਹਾਂ ਨੂੰ ਸਿਰਫ਼ ਰਾਜ ਦੇ ਕੰਮ ਹੀ ਕਰਨੇ ਚਾਹੀਦੇ ਹਨ, ਸਗੋਂ ਉਸ ਨੇ ਕਿਹਾ ਸੀ ਕਿ ਉਹ ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲ ਦੇਣ।

 ਜਿਹੜੇ ਪਰਮੇਸ਼ੁਰ ਦੇ ਰਾਜ ਨੂੰ ਪਹਿਲ ਦਿੰਦੇ ਹਨ ਅਤੇ ਆਪਣਾ ਗੁਜ਼ਾਰਾ ਤੋਰਨ ਲਈ ਕੰਮ ਕਰਨ ਲਈ ਤਿਆਰ ਹਨ, ਉਹ ਭਰੋਸਾ ਰੱਖ ਸਕਦੇ ਹਨ ਕਿ ਪਰਮੇਸ਼ੁਰ ਲੋੜਾਂ ਪੂਰੀਆਂ ਕਰਨ ਵਿਚ ਉਨ੍ਹਾਂ ਦੀ ਮਦਦ ਕਰੇਗਾ।—1 ਤਿਮੋਥਿਉਸ 6:17-19.

a ਜਿਸ ਯੂਨਾਨੀ ਕਿਰਿਆ ਦਾ ਅਨੁਵਾਦ “ਪਹਿਲ ਦਿੰਦੇ ਰਹੋ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ ਕਿਸੇ ਕੰਮ ਨੂੰ ਲਗਾਤਾਰ ਕਰਦੇ ਰਹਿਣਾ। ਇਸ ਲਈ ਪਰਮੇਸ਼ੁਰ ਦਾ ਰਾਜ ਸਾਡੀ ਜ਼ਿੰਦਗੀ ਵਿਚ ਪਹਿਲੀ ਥਾਂ ʼਤੇ ਹੋਣਾ ਚਾਹੀਦਾ ਹੈ ਅਤੇ ਇੱਦਾਂ ਹਮੇਸ਼ਾ ਹੋਣਾ ਚਾਹੀਦਾ ਹੈ।