Skip to content

ਬਾਈਬਲ ਆਇਤਾਂ ਦੀ ਸਮਝ

ਮਰਕੁਸ 1:15—“ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ”

ਮਰਕੁਸ 1:15—“ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ”

 “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। ਤੋਬਾ ਕਰੋ ਅਤੇ ਖ਼ੁਸ਼ ਖ਼ਬਰੀ ਵਿਚ ਨਿਹਚਾ ਕਰੋ।”—ਮਰਕੁਸ 1:15, ਨਵੀਂ ਦੁਨੀਆਂ ਅਨੁਵਾਦ।

 “ਠੀਕ ਸਮਾਂ ਆ ਗਿਆ ਹੈ, ਪਰਮੇਸ਼ੁਰ ਦਾ ਰਾਜ ਨੇੜੇ ਆ ਚੁੱਕਾ ਹੈ, ਆਪਣੇ ਬੁਰੇ ਕੰਮਾਂ ਨੂੰ ਛੱਡੋ ਅਤੇ ਸ਼ੁਭ ਸਮਾਚਾਰ ਤੇ ਵਿਸ਼ਵਾਸ ਕਰੋ।”—ਮਰਕੁਸ 1:15, ਪਵਿੱਤਰ ਬਾਈਬਲ ਨਵਾਂ ਅਨੁਵਾਦ।

ਮਰਕੁਸ 1:15 ਦਾ ਮਤਲਬ

 ਯਿਸੂ ਨੇ ਪਰਮੇਸ਼ੁਰ ਦੇ ਰਾਜ * ਬਾਰੇ ਕਿਹਾ ਕਿ ਉਹ “ਨੇੜੇ ਆ ਗਿਆ ਹੈ” ਕਿਉਂਕਿ ਉਹ ਉੱਥੇ ਮੌਜੂਦ ਸੀ ਤੇ ਉਸ ਨੇ ਇਸ ਰਾਜ ਦਾ ਰਾਜਾ ਬਣਨਾ ਸੀ।

 ਯਿਸੂ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਇਹ ਰਾਜ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ। ਸਗੋਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਇਹ ਰਾਜ ਭਵਿੱਖ ਵਿਚ ਰਾਜ ਕਰਨਾ ਸ਼ੁਰੂ ਕਰੇਗਾ। (ਰਸੂਲਾਂ ਦੇ ਕੰਮ 1:6, 7) ਪਰ ਯਿਸੂ ਉਸ ਰਾਜ ਦੇ ਰਾਜੇ ਵਜੋਂ ਮਿਥੇ ਹੋਏ ਸਮੇਂ ’ਤੇ ਆਇਆ ਯਾਨੀ ਉਸੇ ਸਾਲ ਜਿਸ ਸਾਲ ਉਸ ਦੇ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ। * ਇਸੇ ਕਰਕੇ ਯਿਸੂ ਕਹਿ ਸਕਿਆ: “ਮਿਥਿਆ ਹੋਇਆ ਸਮਾਂ ਆ ਪਹੁੰਚਿਆ ਹੈ” ਇਸ ਦਾ ਮਤਲਬ ਹੈ ਕਿ ਉਸ ਲਈ ਰਾਜ ਦੀ ਖ਼ੁਸ਼-ਖ਼ਬਰੀ ਸੁਣਾਉਣ ਦਾ ਸਮਾਂ ਸ਼ੁਰੂ ਹੋ ਗਿਆ ਸੀ।—ਲੂਕਾ 4:16-21, 43.

 ਜੇਕਰ ਲੋਕ ਰਾਜ ਦੀ ਖ਼ੁਸ਼ ਖ਼ਬਰੀ ਤੋਂ ਫ਼ਾਇਦਾ ਲੈਣਾ ਚਾਹੁੰਦੇ ਸਨ, ਤਾਂ ਉਨ੍ਹਾਂ ਨੂੰ ਸੱਚੇ ਦਿਲੋਂ ਤੋਬਾ ਕਰਨ ਦੀ ਲੋੜ ਸੀ ਯਾਨੀ ਉਨ੍ਹਾਂ ਨੇ ਆਪਣੇ ਪਾਪਾਂ ਤੋਂ ਪਛਤਾਵਾ ਕਰਨਾ ਸੀ ਅਤੇ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਜ਼ਿੰਦਗੀ ਜੀਉਣੀ ਸੀ। ਜਿਨ੍ਹਾਂ ਲੋਕਾਂ ਨੇ ਤੋਬਾ ਕੀਤੀ ਉਨ੍ਹਾਂ ਨੂੰ ਨਿਹਚਾ ਸੀ ਕਿ ਪਰਮੇਸ਼ੁਰ ਦਾ ਰਾਜ ਜ਼ਰੂਰ ਆਵੇਗਾ।

ਹੋਰ ਆਇਤਾਂ ਮੁਤਾਬਕ ਮਰਕੁਸ 1:15 ਦੀ ਸਮਝ

 ਯਿਸੂ ਨੇ ਗਲੀਲ ਵਿਚ ਆਪਣੀ ਸੇਵਾ ਸ਼ੁਰੂ ਕਰਨ ਵੇਲੇ ਇਹ ਸ਼ਬਦ ਕਹੇ ਸਨ। ਯਿਸੂ ਨੇ “ਉਸ ਸਮੇਂ ਤੋਂ” ਪਰਮੇਸ਼ੁਰ ਦੇ ਰਾਜ ਬਾਰੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਅਤੇ ਇਹੀ ਗੱਲ ਉਸ ਨੇ ਮੱਤੀ 4:17 ਵਿਚ ਵੀ ਕਹੀ। ਯਿਸੂ ਦੇ ਪ੍ਰਚਾਰ ਦਾ ਮੁੱਖ ਵਿਸ਼ਾ ਸੀ ਪਰਮੇਸ਼ੁਰ ਦਾ ਰਾਜ। ਬਾਈਬਲ ਦੀਆਂ ਚਾਰ ਇੰਜੀਲਾਂ * ਵਿਚ 100 ਤੋਂ ਜ਼ਿਆਦਾ ਵਾਰ ਪਰਮੇਸ਼ੁਰ ਦੇ ਰਾਜ ਦਾ ਜ਼ਿਕਰ ਆਉਂਦਾ ਹੈ ਅਤੇ ਯਿਸੂ ਨੇ ਇਸ ਬਾਰੇ ਸਭ ਤੋਂ ਵੱਧ ਗੱਲ ਕੀਤੀ ਸੀ। ਇਨ੍ਹਾਂ ਇੰਜੀਲਾਂ ਵਿਚ ਯਿਸੂ ਨੇ ਜਿੰਨੀ ਵਾਰ ਪਰਮੇਸ਼ੁਰ ਦੇ ਰਾਜ ਬਾਰੇ ਗੱਲ ਕੀਤੀ ਉੱਨੀ ਕਿਸੇ ਹੋਰ ਵਿਸ਼ੇ ਬਾਰੇ ਨਹੀਂ ਕੀਤੀ।

^ ਪੈਰਾ 3 ਪਰਮੇਸ਼ੁਰ ਦਾ ਰਾਜ ਇਕ ਸਵਰਗੀ ਸਰਕਾਰ ਹੈ ਜੋ ਧਰਤੀ ’ਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰੇਗਾ। (ਦਾਨੀਏਲ 2:44; ਮੱਤੀ 6:10) ਇਸ ਬਾਰੇ ਹੋਰ ਜਾਣਨ ਲਈ “ਰੱਬ ਦਾ ਰਾਜ ਕੀ ਹੈ?” ਨਾਂ ਦਾ ਲੇਖ ਦੇਖੋ।

^ ਪੈਰਾ 4 ਯਿਸੂ ਨੇ ਰਾਜਾ ਬਣ ਕੇ ਰੱਬ ਦੇ ਚੁਣੇ ਹੋਏ ਮਸੀਹ ਵਜੋਂ ਆਪਣੀ ਭੂਮਿਕਾ ਨਿਭਾਉਣੀ ਸੀ। ਯਿਸੂ ਦੇ ਮਸੀਹ ਵਜੋਂ ਪ੍ਰਗਟ ਹੋਣ ਬਾਰੇ ਬਾਈਬਲ ਦੀਆਂ ਭਵਿੱਖਬਾਣੀਆਂ ਸੰਬੰਧੀ ਹੋਰ ਜਾਣਕਾਰੀ ਲਈ ਇਹ ਲੇਖ ਦੇਖੋ: “ਕੀ ਮਸੀਹ ਬਾਰੇ ਭਵਿੱਖਬਾਣੀਆਂ ਤੋਂ ਸਾਬਤ ਹੁੰਦਾ ਹੈ ਕਿ ਯਿਸੂ ਹੀ ਮਸੀਹ ਸੀ?” (ਅੰਗ੍ਰੇਜ਼ੀ)।

^ ਪੈਰਾ 6 ਯੂਨਾਨੀ ਲਿਖਤਾਂ ਦੀਆਂ ਪਹਿਲੀਆਂ ਚਾਰ ਕਿਤਾਬਾਂ ਨੂੰ ਇੰਜੀਲਾਂ ਕਿਹਾ ਜਾਂਦਾ ਹੈ। ਯੂਨਾਨੀ ਲਿਖਤਾਂ ਨੂੰ ਆਮ ਤੌਰ ਤੇ ਨਵਾਂ ਨੇਮ ਕਿਹਾ ਜਾਂਦਾ ਹੈ ਜਿਸ ਵਿਚ ਯਿਸੂ ਦੀ ਜ਼ਿੰਦਗੀ ਅਤੇ ਪ੍ਰਚਾਰ ਸੇਵਾ ਬਾਰੇ ਦੱਸਿਆ ਗਿਆ ਹੈ।