Skip to content

ਬਾਈਬਲ ਆਇਤਾਂ ਦੀ ਸਮਝ

ਉਤਪਤ 1:1—“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ”

ਉਤਪਤ 1:1—“ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ”

 “ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਉਤਪਤ ਕੀਤਾ।”—ਉਤਪਤ 1:1, ਪੰਜਾਬੀ ਦੀ ਪਵਿੱਤਰ ਬਾਈਬਲ।

 “ਪਰਮੇਸ਼ੁਰ ਨੇ ਅਕਾਸ਼ ਤੇ ਧਰਤੀ ਨੂੰ ਸਾਜਿਆ।”—ਉਤਪਤ 1:1, ਈਜ਼ੀ ਟੂ ਰੀਡ ਵਰਯਨ।

ਉਤਪਤ 1:1 ਦਾ ਮਤਲਬ

 ਬਾਈਬਲ ਦੇ ਪਹਿਲੇ ਅਧਿਆਇ ਵਿਚ ਦੋ ਅਹਿਮ ਸੱਚਾਈਆਂ ਦੱਸੀਆਂ ਗਈਆਂ ਹਨ। ਪਹਿਲੀ, “ਅਕਾਸ਼ ਤੇ ਧਰਤੀ” ਜਾਂ ਬ੍ਰਹਿਮੰਡ ਵਿਚਲੀਆਂ ਸਾਰੀਆਂ ਚੀਜ਼ਾਂ ਦੀ ਸ਼ੁਰੂਆਤ ਹੋਈ ਹੈ। ਦੂਸਰੀ, ਸਾਰੀਆਂ ਚੀਜ਼ਾਂ ਪਰਮੇਸ਼ੁਰ ਨੇ ਬਣਾਈਆਂ ਹਨ।—ਪ੍ਰਕਾਸ਼ ਦੀ ਕਿਤਾਬ 4:11.

 ਬਾਈਬਲ ਇਹ ਨਹੀਂ ਦੱਸਦੀ ਕਿ ਰੱਬ ਨੇ ਬ੍ਰਹਿਮੰਡ ਨੂੰ ਕਿੰਨੇ ਸਾਲ ਪਹਿਲਾਂ ਅਤੇ ਕਿਵੇਂ ਬਣਾਇਆ ਸੀ। ਪਰ ਬਾਈਬਲ ਇਹ ਦੱਸਦੀ ਹੈ ਕਿ ਉਸ ਨੇ ਬ੍ਰਹਿਮੰਡ ਨੂੰ ਆਪਣੀ “ਵੱਡੀ ਸ਼ਕਤੀ ਨਾਲ, ਅਤੇ . . . ਡਾਢੇ ਬਲ ਦੇ ਕਾਰਨ” ਬਣਾਇਆ।—ਯਸਾਯਾਹ 40:26.

 ਇਬਰਾਨੀ ਭਾਸ਼ਾ ਦੀ ਜਿਸ ਕ੍ਰਿਆ ਦਾ ਅਨੁਵਾਦ “ਉਤਪਤ” ਕੀਤਾ ਗਿਆ ਹੈ ਉਹ ਸਿਰਫ਼ ਰੱਬ ਵੱਲੋਂ ਕੀਤੇ ਕੰਮਾਂ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ। * ਬਾਈਬਲ ਵਿਚ ਸਿਰਫ਼ ਯਹੋਵਾਹ * ਪਰਮੇਸ਼ੁਰ ਨੂੰ ਹੀ ਸਿਰਜਣਹਾਰ ਕਿਹਾ ਗਿਆ ਹੈ।—ਯਸਾਯਾਹ 42:5; 45:18.

ਹੋਰ ਆਇਤਾਂ ਮੁਤਾਬਕ ਉਤਪਤ 1:1 ਦੀ ਸਮਝ

 ਉਤਪਤ ਦੀ ਕਿਤਾਬ ਦੀ ਪਹਿਲੀ ਆਇਤ ਸ੍ਰਿਸ਼ਟੀ ਦੀ ਰਚਨਾ ਬਾਰੇ ਦੱਸਣਾ ਸ਼ੁਰੂ ਕਰਦੀ ਹੈ। ਇਹ ਬਿਰਤਾਂਤ ਉਤਪਤ ਅਧਿਆਇ 1 ਅਤੇ 2 ਵਿਚ ਦਰਜ ਹੈ। ਉਤਪਤ 1:1 ਤੋਂ ਲੈ ਕੇ ਉਤਪਤ 2:4 ਤਕ ਬਾਈਬਲ ਥੋੜ੍ਹੇ ਸ਼ਬਦਾਂ ਵਿਚ ਦੱਸਦੀ ਹੈ ਕਿ ਰੱਬ ਨੇ ਧਰਤੀ, ਇਸ ਵਿਚਲੀਆਂ ਸਾਰੀਆਂ ਚੀਜ਼ਾਂ ਅਤੇ ਪਹਿਲੇ ਆਦਮੀ ਤੇ ਔਰਤ ਨੂੰ ਬਣਾਇਆ। ਇਸ ਜਾਣਕਾਰੀ ਤੋਂ ਬਾਅਦ ਬਾਈਬਲ ਵਿਚ ਆਦਮੀ ਤੇ ਔਰਤ ਦੀ ਰਚਨਾ ਬਾਰੇ ਹੋਰ ਵੀ ਜਾਣਕਾਰੀ ਦਿੱਤੀ ਗਈ ਹੈ।—ਉਤਪਤ 2:7-25.

 ਇਸ ਕਿਤਾਬ ਵਿਚ ਦੱਸਿਆ ਗਿਆ ਹੈ ਕਿ ਰੱਬ ਨੇ ਸਾਰਾ ਕੁਝ ਛੇ “ਦਿਨਾਂ” ਵਿਚ ਬਣਾਇਆ। ਇਹ ਦਿਨ 24 ਘੰਟਿਆਂ ਦੇ ਨਹੀਂ ਸਨ ਅਤੇ ਨਾ ਹੀ ਇਹ ਦੱਸਿਆ ਗਿਆ ਸੀ ਕਿ ਇਹ ਦਿਨ ਕਿੰਨੇ ਲੰਬੇ ਸਨ। ਬੇਸ਼ੱਕ, “ਦਿਨ” ਸ਼ਬਦ ਸਮੇਂ ਨੂੰ ਦਰਸਾਉਂਦਾ ਹੈ, ਪਰ ਹਮੇਸ਼ਾ 24 ਘੰਟਿਆਂ ਦੇ ਦਿਨ ਨੂੰ ਨਹੀਂ। ਇਸ ਦਾ ਸਬੂਤ ਉਤਪਤ 2:4 (NW) ਤੋਂ ਪਤਾ ਲੱਗਦਾ ਹੈ ਜਿੱਥੇ “ਦਿਨ” ਨੂੰ “ਸਮੇਂ” ਨਾਲ ਦਰਸਾਇਆ ਗਿਆ ਹੈ। ਪਰਮੇਸ਼ੁਰ ਵੱਲੋਂ ਛੇ ਦਿਨਾਂ ਵਿਚ ਕੀਤੇ ਸ੍ਰਿਸ਼ਟੀ ਦੇ ਕੰਮਾਂ ਨੂੰ ਇੱਦਾਂ ਦੱਸਿਆ ਗਿਆ ਹੈ ਜਿਵੇਂ ਸਾਰਾ ਕੁਝ ਇਕ “ਦਿਨ” ਵਿਚ ਬਣਾਇਆ ਗਿਆ ਹੋਵੇ।

ਉਤਪਤ 1:1 ਬਾਰੇ ਗ਼ਲਤਫ਼ਹਿਮੀਆਂ

 ਗ਼ਲਤਫ਼ਹਿਮੀ: ਰੱਬ ਨੇ ਕੁਝ ਹਜ਼ਾਰ ਸਾਲ ਪਹਿਲਾਂ ਬ੍ਰਹਿਮੰਡ ਦੀ ਰਚਨਾ ਕੀਤੀ।

 ਸੱਚਾਈ: ਬਾਈਬਲ ਇਹ ਨਹੀਂ ਦੱਸਦੀ ਕਿ ਬ੍ਰਹਿਮੰਡ ਕਦੋਂ ਬਣਾਇਆ ਗਿਆ ਸੀ। ਅੱਜ ਦੇ ਵਿਗਿਆਨੀਆਂ ਮੁਤਾਬਕ ਬ੍ਰਹਿਮੰਡ ਅਰਬਾਂ ਸਾਲ ਪੁਰਾਣਾ ਹੈ ਅਤੇ ਉਤਪਤ 1:1 ਵਿਚ ਦੱਸੀ ਗੱਲ ਇਸ ਨਾਲ ਮੇਲ ਖਾਂਦੀ ਹੈ। *

 ਗ਼ਲਤਫ਼ਹਿਮੀ: ਉਤਪਤ 1:1 ਤੋਂ ਪਤਾ ਲੱਗਦਾ ਹੈ ਕਿ ਰੱਬ ਤ੍ਰਿਏਕ ਹੈ ਕਿਉਂਕਿ ਇਸ ਆਇਤ ਵਿਚ “ਰੱਬ” ਲਈ ਵਰਤਿਆ ਗਿਆ ਇਬਰਾਨੀ ਸ਼ਬਦ ਬਹੁਵਚਨ ਹੈ।

 ਸੱਚਾਈ: “ਰੱਬ” ਸ਼ਬਦ ਦਾ ਅਨੁਵਾਦ ਇਬਰਾਨੀ ਸ਼ਬਦ ਏਲੋਹਿਮ ਤੋਂ ਕੀਤਾ ਗਿਆ ਹੈ ਜੋ ਕਿ ਬਹੁਵਚਨ ਹੈ। ਇਸ ਦੀ ਵਰਤੋਂ ਸ਼ਾਨੋ-ਸ਼ੌਕਤ ਜਾਂ ਮਹਿਮਾ ਨੂੰ ਦਰਸਾਉਣ ਲਈ ਕੀਤੀ ਗਈ ਹੈ ਨਾ ਕਿ ਲੋਕਾਂ ਦੀ ਗਿਣਤੀ ਨੂੰ ਦਰਸਾਉਣ ਲਈ। ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ ਕਿ ਉਤਪਤ 1:1 ਵਿਚ ਵਰਤਿਆ ਗਿਆ ਬਹੁਵਚਨ ਏਲੋਹਿਮ “ਨਾਲ ਹਮੇਸ਼ਾ ਇਕ ਵਚਨ ਵਾਲੀ ਕ੍ਰਿਆ ਦੀ ਵਰਤੋਂ ਹੁੰਦੀ ਹੈ, ਜਿਵੇਂ ਰਾਜੇ-ਮਹਾਰਾਜੇ ਖ਼ੁਦ ਲਈ “ਮੈਂ” ਪੜਨਾਂਵ ਦੀ ਜਗ੍ਹਾ “ਅਸੀਂ” ਪੜਨਾਂਵ ਵਰਤਦੇ ਹਨ। ਯਾਨੀ ਇਹ ਸ਼ਬਦ ਸ਼ਾਨੋ-ਸ਼ੌਕਤ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ ਨਾ ਕਿ ਗਿਣਤੀ ਲਈ।”—ਰਿਵਾਈਜ਼ਡ ਐਡੀਸ਼ਨ, ਖੰਡ 6, ਸਫ਼ਾ 272.

^ ਪੈਰਾ 5 ਇਸ ਸ਼ਬਦ ਬਾਰੇ ਐੱਚ. ਸੀ. ਐੱਸ. ਬੀ. ਸਟੱਡੀ ਬਾਈਬਲ ਕਹਿੰਦੀ ਹੈ: “ਇਬਰਾਨੀ ਕ੍ਰਿਆ ਬਾਰਾ ਦਾ ਮਤਲਬ ਹੈ ‘ਰਚਨਾ ਕਰਨੀ।’ ਇਸ ਕ੍ਰਿਆ ਦੀ ਵਰਤੋਂ ਕਦੇ ਵੀ ਇਨਸਾਨਾਂ ਵੱਲੋਂ ਕੀਤੇ ਕੰਮਾਂ ਲਈ ਨਹੀਂ ਕੀਤੀ ਜਾਂਦੀ। ਇਸ ਲਈ ਇਹ ਕਹਿਣਾ ਸਹੀ ਹੋਵੇਗਾ ਕਿ ਕ੍ਰਿਆ ਬਾਰਾ ਸਿਰਫ਼ ਰੱਬ ਵੱਲੋਂ ਕੀਤੇ ਕੰਮਾਂ ਨੂੰ ਦਰਸਾਉਂਦੀ ਹੈ।”—ਸਫ਼ਾ 7.

^ ਪੈਰਾ 5 ਯਹੋਵਾਹ ਰੱਬ ਦਾ ਨਾਂ ਹੈ।—ਜ਼ਬੂਰਾਂ ਦੀ ਪੋਥੀ 83:18.

^ ਪੈਰਾ 9 ਸਮੇਂ ਨੂੰ ਦਰਸਾਉਣ ਲਈ ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਆਦ ਵਿਚ” ਕੀਤਾ ਗਿਆ ਹੈ ਉਸ ਬਾਰੇ ਇਕ ਕਿਤਾਬ ਦੱਸਦੀ ਹੈ: “ਇਸ ਤੋਂ ਇਹ ਪਤਾ ਨਹੀਂ ਲੱਗਦਾ ਕਿ ਇਹ ਸਮਾਂ ਕਿੰਨਾ ਲੰਬਾ ਸੀ।”—ਦ ਐਕਸਪੌਜ਼ੀਟਰਜ਼ ਬਾਈਬਲ ਕਮੈਂਟਰੀ, ਰਿਵਾਈਜ਼ਡ ਐਡੀਸ਼ਨ, ਖੰਡ 1, ਸਫ਼ਾ 51.