Skip to content

ਪਰਿਵਾਰ ਦੀ ਮਦਦ ਲਈ

ਸ਼ਰਾਬ ਬਾਰੇ ਆਪਣੇ ਬੱਚਿਆਂ ਨਾਲ ਗੱਲ ਕਰਨੀ

ਸ਼ਰਾਬ ਬਾਰੇ ਆਪਣੇ ਬੱਚਿਆਂ ਨਾਲ ਗੱਲ ਕਰਨੀ

“ਅਸੀਂ ਪਹਿਲੀ ਵਾਰ ਆਪਣੀ ਧੀ ਨਾਲ ਸ਼ਰਾਬ ਬਾਰੇ ਉਦੋਂ ਗੱਲ ਕੀਤੀ ਜਦੋਂ ਉਹ ਛੇ ਸਾਲਾਂ ਦੀ ਸੀ। ਅਸੀਂ ਹੈਰਾਨ ਰਹਿ ਗਏ ਕਿਉਂਕਿ ਜਿੰਨਾ ਅਸੀਂ ਸੋਚਦੇ ਸੀ, ਉਹ ਉਸ ਨਾਲੋਂ ਕਿਤੇ ਜ਼ਿਆਦਾ ਇਸ ਬਾਰੇ ਜਾਣਦੀ ਸੀ।”​—ਐਲੇਗਜ਼ੈਂਡਰ।

 ਤੁਹਾਨੂੰ ਕੀ ਪਤਾ ਹੋਣਾ ਚਾਹੀਦਾ?

ਬੱਚਿਆਂ ਨਾਲ ਸ਼ਰਾਬ ਬਾਰੇ ਗੱਲ ਕਰਨੀ ਜ਼ਰੂਰੀ ਹੈ। ਆਪਣੇ ਬੱਚੇ ਦੇ ਅੱਲ੍ਹੜ ਉਮਰ ਦਾ ਹੋਣ ਦਾ ਇੰਤਜ਼ਾਰ ਨਾ ਕਰੋ। ਰੂਸ ਦਾ ਰਹਿਣ ਵਾਲਾ ਹਾਮੇਤ ਦੱਸਦਾ ਹੈ: “ਕਾਸ਼ ਅਸੀਂ ਆਪਣੇ ਮੁੰਡੇ ਨਾਲ ਸ਼ਰਾਬ ਦੀ ਸਹੀ ਵਰਤੋਂ ਬਾਰੇ ਉਦੋਂ ਹੀ ਗੱਲ ਕੀਤੀ ਹੁੰਦੀ ਜਦੋਂ ਉਹ ਅਜੇ ਛੋਟਾ ਹੀ ਸੀ! ਮੈਂ ਆਪਣੇ ਕੌੜੇ ਤਜਰਬੇ ਤੋਂ ਸਿੱਖਿਆ ਕਿ ਇਸ ਬਾਰੇ ਗੱਲ ਕਰਨੀ ਕਿੰਨੀ ਜ਼ਰੂਰੀ ਹੈ। ਮੈਨੂੰ ਪਤਾ ਲੱਗਾ ਕਿ 13 ਸਾਲ ਦੀ ਉਮਰ ਤੋਂ ਮੇਰਾ ਮੁੰਡਾ ਸ਼ਰਾਬ ਪੀਂਦਾ ਸੀ।

ਤੁਹਾਨੂੰ ਇਸ ਗੱਲ ਦੀ ਪਰਵਾਹ ਕਿਉਂ ਕਰਨੀ ਚਾਹੀਦੀ ਹੈ?

  • ਸ਼ਰਾਬ ਬਾਰੇ ਬੱਚੇ ਦੇ ਨਜ਼ਰੀਏ ’ਤੇ ਨਾਲ ਪੜ੍ਹਨ ਵਾਲਿਆਂ, ਮਸ਼ਹੂਰੀਆਂ ਅਤੇ ਟੀ. ਵੀ. ਦਾ ਅਸਰ ਪੈ ਸਕਦਾ ਹੈ।

  • ਅਮਰੀਕਾ ਵਿਚ ਰੋਗ ਨਿਯੰਤ੍ਰਣ ਅਤੇ ਰੋਕਥਾਮ ਕੇਂਦਰ ਦੀ ਰਿਪੋਰਟ ਅਨੁਸਾਰ ਅਮਰੀਕਾ ਵਿਚ 11 ਪ੍ਰਤਿਸ਼ਤ ਸ਼ਰਾਬ ਛੋਟੀ ਉਮਰ ਦੇ ਬੱਚੇ ਪੀਂਦੇ ਹਨ।

ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਸਿਹਤ ਅਧਿਕਾਰੀ ਮਾਪਿਆਂ ਨੂੰ ਛੋਟੀ ਉਮਰ ਤੋਂ ਹੀ ਆਪਣੇ ਬੱਚਿਆਂ ਨੂੰ ਸ਼ਰਾਬ ਪੀਣ ਦੇ ਖ਼ਤਰਿਆਂ ਬਾਰੇ ਦੱਸਣ ਦੀ ਸਲਾਹ ਦਿੰਦੇ ਹਨ। ਉਹ ਇਹ ਕਿਵੇਂ ਕਰ ਸਕਦੇ ਹਨ?

 ਤੁਸੀਂ ਕੀ ਕਰ ਸਕਦੇ ਹੋ?

ਸੋਚੋ ਕਿ ਤੁਹਾਡੇ ਬੱਚੇ ਕਿਹੜੇ ਸਵਾਲ ਪੁੱਛਣਗੇ। ਛੋਟੇ ਬੱਚੇ ਜਾਣਨ ਲਈ ਉਤਸੁਕ ਹੁੰਦੇ ਹਨ ਅਤੇ ਵੱਡੇ ਬੱਚੇ ਤਾਂ ਉਨ੍ਹਾਂ ਤੋਂ ਵੀ ਜ਼ਿਆਦਾ ਉਤਸੁਕ ਹੁੰਦੇ ਹਨ। ਇਸ ਲਈ ਚੰਗੀ ਤਿਆਰੀ ਕਰੋ ਕਿ ਤੁਸੀਂ ਕੀ ਜਵਾਬ ਦਿਓਗੇ। ਮਿਸਾਲ ਲਈ:

  • ਜੇ ਤੁਹਾਡਾ ਬੱਚਾ ਜਾਣਨਾ ਚਾਹੁੰਦਾ ਹੈ ਕਿ ਸ਼ਰਾਬ ਦਾ ਸੁਆਦ ਕਿੱਦਾਂ ਦਾ ਹੁੰਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਵਾਈਨ ਦਾ ਸੁਆਦ ਖੱਟੇ ਫਲਾਂ ਦੇ ਜੂਸ ਜਿਹਾ ਹੁੰਦਾ ਹੈ ਅਤੇ ਬੀਅਰ ਥੋੜ੍ਹੀ ਜ਼ਿਆਦਾ ਕੌੜੀ ਹੁੰਦੀ ਹੈ।

  • ਜੇ ਤੁਹਾਡਾ ਬੱਚਾ ਸ਼ਰਾਬ ਦਾ ਸੁਆਦ ਚੱਖਣਾ ਚਾਹੁੰਦਾ ਹੈ, ਤਾਂ ਤੁਸੀਂ ਕਹਿ ਸਕਦੇ ਹੋ ਕਿ ਇਹ ਬੱਚਿਆਂ ਲਈ ਸਹੀ ਨਹੀਂ ਹੈ। ਇਸ ਦੇ ਅਸਰਾਂ ਬਾਰੇ ਦੱਸੋ: ਸ਼ਰਾਬ ਨਾਲ ਬੰਦੇ ਨੂੰ ਸਕੂਨ ਮਿਲਦਾ ਹੈ, ਪਰ ਜ਼ਿਆਦਾ ਪੀਣ ਨਾਲ ਚੱਕਰ ਆਉਂਦੇ ਹਨ, ਉਹ ਮੂਰਖਤਾ ਭਰੇ ਕੰਮ ਕਰਦਾ ਹੈ ਅਤੇ ਉਹ ਗੱਲਾਂ ਕਹਿ ਜਾਂਦਾ ਹੈ ਜਿਸ ਦਾ ਬਾਅਦ ਵਿਚ ਪਛਤਾਵਾ ਹੁੰਦਾ ਹੈ।​—ਕਹਾਉਤਾਂ 23:29-35.

ਆਪ ਜਾਣਕਾਰੀ ਲਓ। ਬਾਈਬਲ ਦੱਸਦੀ ਹੈ: “ਹਰ ਸਿਆਣਾ ਪੁਰਸ਼ ਬੁੱਧ ਨਾਲ ਕੰਮ ਕਰਦਾ ਹੈ।” (ਕਹਾਉਤਾਂ 13:16) ਸ਼ਰਾਬ ਸੰਬੰਧੀ ਆਪਣੇ ਦੇਸ਼ ਦੇ ਕਾਨੂੰਨਾਂ ਬਾਰੇ ਜਾਣੋ। ਇਸ ਤਰ੍ਹਾਂ ਕਰਨ ਕਰਕੇ ਤੁਸੀਂ ਆਪਣੇ ਬੱਚੇ ਦੀ ਮਦਦ ਕਰਨ ਲਈ ਤਿਆਰ ਹੋਵੋਗੇ।

ਗੱਲ ਕਰਨ ਵਿਚ ਪਹਿਲ ਕਰੋ। ਬ੍ਰਿਟੇਨ ਵਿਚ ਰਹਿਣ ਵਾਲਾ ਮਾਰਕ ਨਾਂ ਦਾ ਪਿਤਾ ਦੱਸਦਾ ਹੈ: “ਬੱਚਿਆਂ ਨੂੰ ਪਤਾ ਨਹੀਂ ਹੁੰਦਾ ਕਿ ਸ਼ਰਾਬ ਪੀਣੀ ਸਹੀ ਹੈ ਜਾਂ ਗ਼ਲਤ। ਇਸ ਬਾਰੇ ਮੈਂ ਆਪਣੇ ਅੱਠ ਸਾਲਾਂ ਦੇ ਮੁੰਡੇ ਨੂੰ ਪੁੱਛਿਆ। ਮਾਹੌਲ ਖ਼ੁਸ਼ਨੁਮਾ ਹੋਣ ਕਰਕੇ ਉਹ ਖੁੱਲ੍ਹ ਕੇ ਆਪਣੇ ਵਿਚਾਰ ਦੱਸ ਸਕਿਆ।”

ਜੇ ਤੁਸੀਂ ਅਲੱਗ-ਅਲੱਗ ਸਮੇਂ ’ਤੇ ਇਸ ਵਿਸ਼ੇ ਬਾਰੇ ਗੱਲ ਕਰਦੇ ਹੋ, ਤਾਂ ਜ਼ਿਆਦਾ ਫ਼ਾਇਦਾ ਹੋਵੇਗਾ। ਬੱਚੇ ਦੀ ਉਮਰ ਅਨੁਸਾਰ ਤੁਸੀਂ ਸ਼ਰਾਬ ਬਾਰੇ ਗੱਲ ਕਰਨ ਦੇ ਨਾਲ-ਨਾਲ ਹੋਰ ਵਿਸ਼ਿਆਂ ’ਤੇ ਵੀ ਗੱਲ ਕਰ ਸਕਦੇ ਹੋ, ਜਿਵੇਂ ਸੜਕ ’ਤੇ ਸੁਰੱਖਿਆ ਅਤੇ ਸੈਕਸ ਬਾਰੇ ਜਾਣਕਾਰੀ।

ਮਿਸਾਲ ਰੱਖੋ। ਬੱਚੇ ਸਪੰਜ ਦੀ ਤਰ੍ਹਾਂ ਹੁੰਦੇ ਹਨ ਜੋ ਸਾਰਾ ਕੁਝ ਸੋਖ ਲੈਂਦੇ ਹਨ। ਖੋਜਕਾਰ ਦੱਸਦੇ ਹਨ ਹੈ ਕਿ ਬੱਚਿਆਂ ’ਤੇ ਸਭ ਤੋਂ ਜ਼ਿਆਦਾ ਅਸਰ ਮਾਪਿਆਂ ਦਾ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਜੇ ਤੁਸੀਂ ਸ਼ਾਂਤੀ ਪਾਉਣ ਜਾਂ ਤਣਾਅ ਘਟਾਉਣ ਲਈ ਮੁੱਖ ਤੌਰ ਤੇ ਸ਼ਰਾਬ ਪੀਂਦੇ ਹੋ, ਤਾਂ ਉਨ੍ਹਾਂ ਨੂੰ ਲੱਗੇਗਾ ਕਿ ਜ਼ਿੰਦਗੀ ਦੀਆਂ ਚਿੰਤਾਵਾਂ ਤੋਂ ਬਚਣ ਲਈ ਸ਼ਰਾਬ ਜ਼ਰੂਰੀ ਹੈ। ਇਸ ਲਈ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਬਣੋ। ਯਕੀਨੀ ਬਣਾਓ ਕਿ ਤੁਸੀਂ ਸ਼ਰਾਬ ਦੀ ਵਰਤੋਂ ਸਮਝਦਾਰੀ ਨਾਲ ਕਰਦੇ ਹੋ।

ਸ਼ਰਾਬ ਦੀ ਵਰਤੋਂ ਸੰਬੰਧੀ ਤੁਹਾਡੇ ਬੱਚੇ ਤੁਹਾਡੀ ਮਿਸਾਲ ਤੋਂ ਸਿੱਖਣਗੇ