Skip to content

ਪਰਿਵਾਰ ਦੀ ਮਦਦ ਲਈ | ਵਿਆਹੁਤਾ ਜੀਵਨ

ਇਕੱਠੇ ਸਮਾਂ ਗੁਜ਼ਾਰੋ

ਇਕੱਠੇ ਸਮਾਂ ਗੁਜ਼ਾਰੋ

 ਭਾਵੇਂ ਬਹੁਤ ਸਾਰੇ ਪਤੀ-ਪਤਨੀ ਇਕੱਠੇ ਹੀ ਕਿਉਂ ਨਾ ਹੋਣ, ਪਰ ਫਿਰ ਵੀ ਉਨ੍ਹਾਂ ਨੂੰ ਇਕ-ਦੂਜੇ ਨਾਲ ਗੱਲ ਕਰਨੀ ਔਖੀ ਲੱਗਦੀ ਹੈ। ਇਸ ਦੇ ਕੀ ਕਾਰਨ ਹਨ?

 ਇਕੱਠੇ, ਪਰ ਦੂਰ-ਦੂਰ—ਕਿਉਂ?

  •   ਥਕਾਵਟ

     “ਜਦੋਂ ਸਾਡੇ ਕੋਲ ਇਕ-ਦੂਜੇ ਨਾਲ ਗੱਲ ਕਰਨ ਦਾ ਸਮਾਂ ਹੁੰਦਾ ਹੈ, ਤਾਂ ਉਸ ਵੇਲੇ ਜਾਂ ਤਾਂ ਮੈਂ ਥੱਕੀ ਹੁੰਦੀ ਹੈ ਜਾਂ ਮੇਰਾ ਪਤੀ। ਜਦੋਂ ਮੈਂ ਥੱਕੀ ਹੁੰਦੀ ਹਾਂ, ਤਾਂ ਮੈਨੂੰ ਛੋਟੀਆਂ-ਛੋਟੀਆਂ ਗੱਲਾਂ ਕਰਕੇ ਹੀ ਖਿੱਝ ਚੜ੍ਹ ਜਾਂਦੀ ਹੈ। ਇਸ ਲਈ ਉਸ ਸਮੇਂ ਚੰਗਾ ਹੁੰਦਾ ਹੈ ਕਿ ਗੱਲ ਕਰਨ ਨਾਲੋਂ ਅਸੀਂ ਟੀ.ਵੀ. ਹੀ ਦੇਖ ਲਈਏ।”—ਐਨਾ।

  •   ਧਿਆਨ ਭਟਕਾਉਣ ਵਾਲੀਆਂ ਇਲੈਕਟ੍ਰਾਨਿਕ ਚੀਜ਼ਾਂ

     “ਸੋਸ਼ਲ ਮੀਡੀਆ ਅਤੇ ਆਨ-ਲਾਈਨ ਮਨੋਰੰਜਨ ਕਰਨ ਕਰਕੇ ਕਾਫ਼ੀ ਸਮਾਂ ਬਰਬਾਦ ਹੋ ਸਕਦਾ ਹੈ। ਪਤੀ-ਪਤਨੀ ਘੰਟਿਆਂ-ਬੱਧੀ ਇਨ੍ਹਾਂ ਚੀਜ਼ਾਂ ʼਤੇ ਸਮਾਂ ਲਾ ਦਿੰਦੇ ਹਨ ਜਿਸ ਕਰਕੇ ਉਹ ਆਪਣੇ ਜੀਵਨ ਸਾਥੀ ਨਾਲ ਬਿਲਕੁਲ ਵੀ ਗੱਲ ਨਹੀਂ ਕਰਦੇ। ਉਹ ਦੋਵੇਂ ਕਮਰੇ ਵਿਚ ਹੁੰਦੇ ਹੋਏ ਵੀ ਨਾ ਹੋਇਆਂ ਵਰਗੇ ਹੁੰਦੇ ਹਨ।”—ਕੈਥਰੀਨ।

  •   ਵੱਖੋ-ਵੱਖਰੇ ਸ਼ੌਕ

     “ਮੇਰਾ ਪਤੀ ਕੰਮ ਤੋਂ ਵਾਪਸ ਆ ਕੇ ਅਕਸਰ ਆਪਣਾ ਸਮਾਂ ਆਪਣੇ ਸ਼ੌਕ ਪੂਰੇ ਕਰਨ ʼਤੇ ਲਾਉਂਦਾ ਹੈ। ਉਹ ਬਹੁਤ ਮਿਹਨਤ ਕਰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਸ ਨੂੰ ਆਪਣੇ ਲਈ ਸਮਾਂ ਚਾਹੀਦਾ ਹੈ। ਪਰ ਮੇਰਾ ਦਿਲ ਕਰਦਾ ਹੈ ਕਿ ਅਸੀਂ ਜ਼ਿਆਦਾ ਸਮਾਂ ਇਕੱਠਿਆਂ ਬਿਤਾਈਏ।”—ਜੇਨ।

  •   ਕੰਮ

     “ਇਲੈਕਟ੍ਰਾਨਿਕ ਚੀਜ਼ਾਂ ਹੋਣ ਕਰਕੇ ਹੋ ਸਕਦਾ ਹੈ ਕਿ ਅਸੀਂ ਘਰ ਆ ਕੇ ਵੀ ਦਫ਼ਤਰ ਦਾ ਕੰਮ ਕਰਦੇ ਰਹੀਏ। ਮੈਂ ਕਈ ਵਾਰ ਦੇਖਿਆ ਹੈ ਕਿ ਮੈਨੂੰ ਜੋ ਸਮਾਂ ਆਪਣੀ ਪਤਨੀ ਨਾਲ ਬਿਤਾਉਣਾ ਚਾਹੀਦਾ ਹੈ, ਉਸ ਸਮੇਂ ਮੈਂ ਈ-ਮੇਲ ਜਾਂ ਮੈਸਿਜ ਦਾ ਜਵਾਬ ਦਿੰਦਾ ਹੈ।”—ਮਾਰਕ।

 ਤੁਸੀਂ ਕੀ ਕਰ ਸਕਦੇ ਹੋ?

  •   ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਕਦੇ-ਕਦੇ ਨਹੀਂ, ਸਗੋਂ ਅਕਸਰ ਸਮਾਂ ਬਿਤਾਉਣ ਦੀ ਲੋੜ ਹੈ।

     ਬਾਈਬਲ ਦਾ ਅਸੂਲ: “ਤੁਸੀਂ ਜ਼ਿਆਦਾ ਜ਼ਰੂਰੀ ਗੱਲਾਂ ਨੂੰ ਧਿਆਨ ਵਿਚ ਰੱਖੋ।”—ਫ਼ਿਲਿੱਪੀਆਂ 1:10.

     ਜ਼ਰਾ ਸੋਚੋ: ਕੀ ਤੁਹਾਡੇ ਕੰਮਾਂ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਆਪਣੇ ਵਿਆਹ ਨੂੰ ਆਪਣੇ ਕੰਮ ਅਤੇ ਸ਼ੌਕਾਂ ਤੋਂ ਜ਼ਿਆਦਾ ਅਹਿਮ ਸਮਝਦੇ ਹੋ? ਕੀ ਤੁਸੀਂ ਉਦੋਂ ਹੀ ਆਪਣੇ ਜੀਵਨ ਸਾਥੀ ਨਾਲ ਸਮਾਂ ਬਿਤਾਉਂਦੇ ਹੋ ਜਦੋਂ ਤੁਹਾਡੇ ਕੋਲ ਹੋਰ ਕੁਝ ਕਰਨ ਨੂੰ ਨਹੀਂ ਹੁੰਦਾ?

     ਸੁਝਾਅ: ਹਰ ਰੋਜ਼ ਆਪਣੇ ਸਾਥੀ ਨਾਲ ਬਿਨਾਂ ਧਿਆਨ ਭਟਕਾਏ ਸਮਾਂ ਬਿਤਾਉਣ ਦਾ ਪਲੈਨ ਬਣਾਓ।

     “ਮੈਨੂੰ ਉਦੋਂ ਬਹੁਤ ਖ਼ੁਸ਼ੀ ਹੁੰਦੀ ਹੈ ਜਦੋਂ ਮੇਰਾ ਪਤੀ ਇਕੱਠੇ ਸਮਾਂ ਬਿਤਾਉਣ ਦਾ ਪਲੈਨ ਬਣਾਉਂਦਾ ਹੈ। ਇਸ ਤੋਂ ਮੈਨੂੰ ਪਤਾ ਲੱਗਦਾ ਹੈ ਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਮੇਰੇ ਨਾਲ ਸਮਾਂ ਬਿਤਾਉਣਾ ਚੰਗਾ ਲੱਗਦਾ ਹੈ। ਇਸ ਕਰਕੇ ਮੇਰਾ ਉਸ ਨੂੰ ਹੋਰ ਵੀ ਪਿਆਰ ਕਰਨ ਦਾ ਦਿਲ ਕਰਦਾ ਹੈ।”—ਐਨਾ।

  •   ਇਲੈਕਟ੍ਰਾਨਿਕ ਚੀਜ਼ਾਂ ਕਰਕੇ ਆਪਣਾ ਧਿਆਨ ਨਾ ਭਟਕਣ ਦਿਓ।

     ਬਾਈਬਲ ਦਾ ਅਸੂਲ: “ਹਰ ਚੀਜ਼ ਦਾ ਇਕ ਸਮਾਂ ਹੈ।”—ਉਪਦੇਸ਼ਕ ਦੀ ਕਿਤਾਬ 3:1.

     ਜ਼ਰਾ ਸੋਚੋ: ਜਦੋਂ ਤੁਸੀਂ ਆਪਣੇ ਸਾਥੀ ਨਾਲ ਗੱਲ ਕਰ ਰਹੇ ਹੁੰਦੇ ਹੋ, ਤਾਂ ਕਿੰਨੀ ਕੁ ਵਾਰ ਇੱਦਾਂ ਹੁੰਦਾ ਹੈ ਕਿ ਵਿੱਚੇ ਮੈਸਿਜ ਆਉਣ ʼਤੇ ਤੁਸੀਂ ਆਪਣਾ ਧਿਆਨ ਭਟਕਣ ਦਿੰਦੇ ਹੋ?

     ਸੁਝਾਅ: ਹਰ ਰੋਜ਼ ਘੱਟੋ-ਘੱਟ ਇਕ ਵਾਰ ਇਕੱਠੇ ਖਾਣਾ ਜ਼ਰੂਰ ਖਾਓ ਅਤੇ ਆਪਣੇ ਫ਼ੋਨ ਆਪਣੇ ਕੋਲ ਨਾ ਰੱਖੋ। ਖਾਣਾ ਖਾਂਦਿਆਂ ਤੁਹਾਡੇ ਕੋਲ ਦਿਨ ਭਰ ਦੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਹੁੰਦਾ ਹੈ।

  •   ਜਦੋਂ ਮੁਮਕਿਨ ਹੋਵੇ, ਮਿਲ ਕੇ ਖ਼ਰੀਦਦਾਰੀ ਕਰੋ ਜਾਂ ਘਰ ਦੇ ਕੰਮ ਕਰੋ।

     ਬਾਈਬਲ ਦਾ ਅਸੂਲ: “ਇਕ ਨਾਲੋਂ ਦੋ ਚੰਗੇ ਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣੀ ਸਖ਼ਤ ਮਿਹਨਤ ਦਾ ਵਧੀਆ ਇਨਾਮ ਮਿਲਦਾ ਹੈ।”—ਉਪਦੇਸ਼ਕ ਦੀ ਕਿਤਾਬ 4:9, ਫੁਟਨੋਟ।

     ਜ਼ਰਾ ਸੋਚੋ: ਤੁਸੀਂ ਤੇ ਤੁਹਾਡਾ ਸਾਥੀ ਕਿੰਨੀ ਕੁ ਵਾਰ ਕੋਈ ਕੰਮ ਕਰਨ ਜਾਂ ਪਰਿਵਾਰ ਲਈ ਚੀਜ਼ਾਂ ਲੈਣ ਲਈ ਇਕੱਲੇ-ਇਕੱਲੇ ਜਾਂਦੇ ਹੋ?

     ਸੁਝਾਅ: ਮਿਲ ਕੇ ਕੰਮ ਕਰੋ ਅਤੇ ਇਕ-ਦੂਜੇ ਦੀ ਮਦਦ ਕਰੋ ਭਾਵੇਂ ਕਿ ਉਹ ਕੰਮ ਕਰਨ ਲਈ ਦੋ ਜਣਿਆਂ ਦੀ ਲੋੜ ਨਾ ਵੀ ਹੋਵੇ।

     “ਸੌਦਾ ਖ਼ਰੀਦਣ, ਭਾਂਡੇ ਧੋਣ ਅਤੇ ਕੱਪੜਿਆਂ ਦੀਆਂ ਤਹਿਆਂ ਲਾਉਣ ਨੂੰ ਕੰਮ ਨਹੀਂ, ਸਗੋਂ ਇਕ-ਦੂਜੇ ਨਾਲ ਸਮਾਂ ਬਿਤਾਉਣ ਦੇ ਮੌਕੇ ਸਮਝੋ।”—ਨੀਨਾ।

  •   ਆਪਣੇ ਸਾਥੀ ਤੋਂ ਹੱਦੋਂ ਵੱਧ ਉਮੀਦਾਂ ਨਾ ਰੱਖੋ।

     ਬਾਈਬਲ ਦਾ ਅਸੂਲ: “ਸਾਰਿਆਂ ਸਾਮ੍ਹਣੇ ਆਪਣੀ ਸਮਝਦਾਰੀ ਦਾ ਸਬੂਤ ਦਿਓ।”—ਫ਼ਿਲਿੱਪੀਆਂ 4:5.

     ਜ਼ਰਾ ਸੋਚੋ: ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਜੀਵਨ ਸਾਥੀ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖਦੇ?

     ਸੁਝਾਅ: ਇਕ-ਦੂਜੇ ਦੀਆਂ ਲੋੜਾਂ ਸਮਝਣ ਲਈ ਗੱਲ ਕਰੋ। ਫ਼ੈਸਲਾ ਕਰੋ ਕਿ ਤੁਸੀਂ ਦੋਵੇਂ ਜਣੇ ਆਪਣਾ ਸਮਾਂ ਕਿਵੇਂ ਬਿਤਾਓਗੇ ਤਾਂਕਿ ਤੁਹਾਨੂੰ ਦੋਵਾਂ ਨੂੰ ਖ਼ੁਸ਼ੀ ਮਿਲੇ।

     “ਮੇਰਾ ਪਤੀ ਛੇਤੀ ਨਹੀਂ ਥੱਕਦਾ, ਪਰ ਮਾੜੀ ਸਿਹਤ ਕਰਕੇ ਮੈਂ ਛੇਤੀ ਥੱਕ ਜਾਂਦੀ ਹਾਂ। ਮੈਂ ਅਕਸਰ ਆਪਣੇ ਪਤੀ ਨੂੰ ਬਾਹਰ ਜਾਣ ਅਤੇ ਉਹ ਕੰਮ ਕਰਨ ਨੂੰ ਕਹਿੰਦੀ ਹਾਂ ਜਿਸ ਤੋਂ ਉਸ ਨੂੰ ਖ਼ੁਸ਼ੀ ਮਿਲਦੀ ਹੈ ਤੇ ਮੈਂ ਘਰ ਰਹਿੰਦੀ ਹਾਂ। ਜਦੋਂ ਉਹ ਕਸਰਤ ਵਗੈਰਾ ਕਰਨ ਜਾਂਦਾ ਹੈ, ਉਦੋਂ ਮੈਂ ਘਰ ਰਹਿ ਕੇ ਆਰਾਮ ਕਰਦੀ ਹਾਂ। ਸਾਨੂੰ ਚੰਗਾ ਲੱਗਦਾ ਹੈ ਕਿ ਅਸੀਂ ਦੋਵੇਂ ਉਹ ਕਰ ਸਕਦੇ ਹਾਂ ਜੋ ਸਾਨੂੰ ਕਰਨ ਦੀ ਲੋੜ ਹੈ।”—ਡਾਨੀਏਲਾ।

 ਚਰਚਾ ਕਰਨ ਦਾ ਤਰੀਕਾ

 ਪਹਿਲਾ, ਤੁਸੀਂ ਦੋਵੇਂ ਜਣੇ ਹੇਠ ਲਿਖੇ ਸਵਾਲਾਂ ʼਤੇ ਸੋਚ-ਵਿਚਾਰ ਕਰ ਸਕਦੇ ਹੋ। ਫਿਰ ਮਿਲ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ।

  •    ਕੀ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਤੇ ਤੁਹਾਡਾ ਸਾਥੀ ਕਾਫ਼ੀ ਸਮਾਂ ਇਕੱਠਿਆਂ ਗੁਜ਼ਾਰਦੇ ਹੋ?

  •    ਤੁਹਾਡੇ ਜੀਵਨ ਸਾਥੀ ਨੇ ਤੁਹਾਡੇ ਨਾਲ ਸਮਾਂ ਬਿਤਾਉਣ ਲਈ ਕਿਹੜੀਆਂ ਕੋਸ਼ਿਸ਼ਾਂ ਕੀਤੀਆਂ ਹਨ ਜਿਸ ਕਰਕੇ ਤੁਸੀਂ ਉਸ ਦੀ ਤਾਰੀਫ਼ ਕਰ ਸਕਦੇ ਹੋ?

  •    ਕਿਹੜੀਆਂ ਗੱਲਾਂ ਵਿਚ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਜੀਵਨ ਸਾਥੀ ਸੁਧਾਰ ਕਰੇ?

  •    ਤੁਸੀਂ ਕਿੰਨੀ ਕੁ ਵਾਰ ਫ਼ੋਨ ਜਾਂ ਟੈਬਲੇਟ ਕਰਕੇ ਆਪਣਾ ਧਿਆਨ ਭਟਕਣ ਦਿੰਦੇ ਹੋ ਜਿਸ ਕਰਕੇ ਤੁਸੀਂ ਆਪਣੇ ਸਾਥੀ ਦੀ ਗੱਲ ਧਿਆਨ ਨਾਲ ਨਹੀਂ ਸੁਣਦੇ?

  •    ਤੁਸੀਂ ਕਿਵੇਂ ਦਿਖਾ ਸਕਦੇ ਹੋ ਕਿ ਤੁਸੀਂ ਆਪਣੇ ਜੀਵਨ ਸਾਥੀ ਤੋਂ ਹੱਦੋਂ ਵੱਧ ਉਮੀਦਾਂ ਨਹੀਂ ਰੱਖਦੇ?

  •    ਇਸ ਹਫ਼ਤੇ ਤੁਸੀਂ ਕਿਹੜੀਆਂ ਤਬਦੀਲੀਆਂ ਕਰ ਸਕਦੇ ਹੋ ਤਾਂਕਿ ਤੁਸੀਂ ਬਿਨਾਂ ਧਿਆਨ ਭਟਕਾਏ ਇਕੱਠੇ ਸਮਾਂ ਬਿਤਾ ਸਕੋ?