ਨੌਜਵਾਨ ਪੁੱਛਦੇ ਹਨ
ਮੈਂ ਬ੍ਰੇਕਅੱਪ ਦਾ ਦਰਦ ਕਿਵੇਂ ਸਹਿ ਸਕਦਾ ਹਾਂ?
ਸਟੀਵਨ ਕਹਿੰਦਾ ਹੈ: “ਜਦੋਂ ਮੇਰੀ ਗਰਲ-ਫ੍ਰੈਂਡ ਨਾਲ ਮੇਰਾ ਬ੍ਰੇਕਅੱਪ ਹੋਇਆ, ਤਾਂ ਮੈਨੂੰ ਇੱਦਾਂ ਲੱਗਾ ਜਿੱਦਾਂ ਮੇਰੀ ਪੂਰੀ ਦੁਨੀਆਂ ਹੀ ਉਜੜ ਗਈ ਹੋਵੇ। ਮੇਰਾ ਦਰਦ ਬਰਦਾਸ਼ਤ ਤੋਂ ਬਾਹਰ ਸੀ।”
ਕੀ ਤੁਹਾਡੇ ਨਾਲ ਇੱਦਾਂ ਹੋਇਆ ਹੈ? ਜੇ ਹਾਂ, ਤਾਂ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ।
ਤੁਸੀਂ ਕਿੱਦਾਂ ਮਹਿਸੂਸ ਕਰਦੇ ਹੋ
ਜਦੋਂ ਇਕ ਮੁੰਡੇ-ਕੁੜੀ ਦਾ ਬ੍ਰੇਕਅੱਪ ਹੁੰਦਾ ਹੈ, ਤਾਂ ਦੋਹਾਂ ਨੂੰ ਦੁੱਖ ਲੱਗਦਾ ਹੈ।
ਜੇ ਬ੍ਰੇਕਅੱਪ ਤੁਸੀਂ ਕੀਤਾ ਹੈ, ਤਾਂ ਤੁਸੀਂ ਜਾਸਮੀਨ ਦੀਆਂ ਭਾਵਨਾਵਾਂ ਨੂੰ ਸਮਝ ਸਕਦੇ ਹੋ। ਉਹ ਕਹਿੰਦੀ ਹੈ: “ਜਦੋਂ ਤੁਸੀਂ ਕਿਸੇ ਦਾ ਦਿਲ ਤੋੜਦੇ ਹੋ, ਤਾਂ ਤੁਹਾਡੀ ਜ਼ਮੀਰ ਤੁਹਾਨੂੰ ਵਾਰ-ਵਾਰ ਕੋਸਦੀ ਹੈ। ਮੈਂ ਫਿਰ ਕਦੇ ਵੀ ਇਸ ਦਰਦ ਵਿੱਚੋਂ ਲੰਘਣਾ ਨਹੀਂ ਚਾਹੁੰਦੀ।”
ਜੇ ਤੁਸੀਂ ਬ੍ਰੇਕਅੱਪ ਦੀ ਸ਼ੁਰੂਆਤ ਨਹੀਂ ਕੀਤੀ ਸੀ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਉਂ ਕੁਝ ਲੋਕ ਕਹਿੰਦੇ ਹਨ ਕਿ ਬ੍ਰੇਕਅੱਪ ਦਾ ਦਰਦ ਇੱਦਾਂ ਹੈ ਜਿੱਦਾਂ ਸਾਡੇ ਕਿਸੇ ਆਪਣੇ ਦੀ ਮੌਤ ਹੋ ਗਈ ਹੋਵੇ। ਜੈੱਨਟ ਕਹਿੰਦੀ ਹੈ: “ਮੈਂ ਵੀ ਆਪਣੇ ਬ੍ਰੇਕਅੱਪ ਦਾ ਸੋਗ ਮਨਾਇਆ। ਮੈਂ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿ ਉਸ ਨੇ ਮੈਨੂੰ ਛੱਡ ਦਿੱਤਾ ਹੈ। ਮੈਨੂੰ ਬਹੁਤ ਗੁੱਸਾ ਆਇਆ, ਮੈਂ ਸੁਲ੍ਹਾ ਕਰਨ ਦੀ ਕੋਸ਼ਿਸ਼ ਕੀਤੀ ਤੇ ਗਹਿਰੀ ਨਿਰਾਸ਼ਾ ਵਿਚ ਚਲੀ ਗਈ। ਲਗਭਗ ਇਕ ਸਾਲ ਬਾਅਦ ਮੈਂ ਮੰਨਿਆ ਕਿ ਸਾਡਾ ਰਿਸ਼ਤਾ ਖ਼ਤਮ ਹੋ ਗਿਆ ਹੈ।”
ਮੁੱਖ ਗੱਲ: ਜਦੋਂ ਤੁਹਾਡਾ ਬ੍ਰੇਕਅੱਪ ਹੁੰਦਾ ਹੈ, ਤਾਂ ਤੁਹਾਡੀ ਖ਼ੁਸ਼ੀ ਖ਼ਤਮ ਹੋ ਸਕਦੀ ਹੈ ਅਤੇ ਤੁਸੀਂ ਨਿਰਾਸ਼ ਹੋ ਸਕਦੇ ਹੋ। ਬਾਈਬਲ ਦੇ ਇਕ ਲਿਖਾਰੀ ਨੇ ਕਿਹਾ: “ਕੁਚਲਿਆ ਮਨ ਹੱਡੀਆਂ ਨੂੰ ਸੁਕਾ ਦਿੰਦਾ ਹੈ।”—ਕਹਾਉਤਾਂ 17:22.
ਤੁਸੀਂ ਕੀ ਕਰ ਸਕਦੇ ਹੋ
ਕਿਸੇ ਸਮਝਦਾਰ ਵਿਅਕਤੀ ਨਾਲ ਗੱਲ ਕਰੋ। ਬਾਈਬਲ ਕਹਿੰਦੀ ਹੈ: “ਸੱਚਾ ਦੋਸਤ ਹਰ ਵੇਲੇ ਪਿਆਰ ਕਰਦਾ ਹੈ ਅਤੇ ਦੁੱਖ ਦੀ ਘੜੀ ਵਿਚ ਭਰਾ ਬਣ ਜਾਂਦਾ ਹੈ।” (ਕਹਾਉਤਾਂ 17:17) ਜੇ ਤੁਸੀਂ ਆਪਣੇ ਮੰਮੀ ਜਾਂ ਡੈਡੀ ਜਾਂ ਕਿਸੇ ਸਮਝਦਾਰ ਦੋਸਤ ਨੂੰ ਆਪਣੇ ਦਿਲ ਦੀ ਗੱਲ ਦੱਸੋਗੇ, ਤਾਂ ਤੁਸੀਂ ਮਾਮਲੇ ਨੂੰ ਸਹੀ ਨਜ਼ਰੀਏ ਤੋਂ ਦੇਖ ਸਕੋਗੇ।
“ਮੈਂ ਮਹੀਨਿਆਂ ਤਕ ਦੂਜਿਆਂ ਤੋਂ ਦੂਰ ਰਹੀ ਤੇ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੇਰੇ ʼਤੇ ਕੀ ਬੀਤ ਰਹੀ ਸੀ। ਅਖ਼ੀਰ ਮੈਂ ਆਪਣੇ ਦੋਸਤਾਂ ਨੂੰ ਆਪਣੇ ਦਿਲ ਦੀ ਗੱਲ ਦੱਸੀ। ਫਿਰ ਮੈਨੂੰ ਸਕੂਨ ਮਿਲਿਆ। ਸੱਚੀਂ! ਤੁਹਾਡੇ ਦੋਸਤ ਗਮ ਵਿੱਚੋਂ ਬਾਹਰ ਨਿਕਲਣ ਵਿਚ ਤੁਹਾਡੀ ਮਦਦ ਕਰ ਸਕਦੇ ਹਨ।”—ਜੈੱਨਟ।
ਜੋ ਹੋਇਆ, ਉਸ ਤੋਂ ਸਬਕ ਸਿੱਖੋ। ਬਾਈਬਲ ਦੀ ਇਕ ਹੋਰ ਕਹਾਵਤ ਕਹਿੰਦੀ ਹੈ: “ਬੁੱਧ ਹਾਸਲ ਕਰ ਤੇ ਸਮਝ ਪ੍ਰਾਪਤ ਕਰ।” (ਕਹਾਉਤਾਂ 4:5) ਅਜਿਹੇ ਤਜਰਬਿਆਂ ਤੋਂ ਅਸੀਂ ਆਪਣੇ ਬਾਰੇ ਬਹੁਤ ਕੁਝ ਸਿੱਖ ਸਕਦੇ ਹਾਂ ਅਤੇ ਇਹ ਵੀ ਸਿੱਖ ਸਕਦੇ ਹਾਂ ਕਿ ਨਿਰਾਸ਼ਾ ਦਾ ਸਾਮ੍ਹਣਾ ਕਿੱਦਾਂ ਕਰੀਏ।
“ਬ੍ਰੇਕਅੱਪ ਤੋਂ ਬਾਅਦ ਮੇਰੇ ਇਕ ਦੋਸਤ ਨੇ ਮੈਨੂੰ ਪੁੱਛਿਆ, ‘ਇਸ ਰਿਸ਼ਤੇ ਤੋਂ ਤੂੰ ਕੀ ਸਿੱਖਿਆ? ਕੀ ਤੂੰ ਇਸ ਤੋਂ ਕੁਝ ਅਜਿਹਾ ਸਿੱਖਿਆ ਜਿਸ ਦਾ ਤੂੰ ਕਿਸੇ ਹੋਰ ਕੁੜੀ ਨਾਲ ਡੇਟਿੰਗ ਕਰਦੇ ਵੇਲੇ ਅੱਗੇ ਤੋਂ ਧਿਆਨ ਰੱਖੇਂਗਾ?’ ”—ਸਟੀਵਨ।
ਪ੍ਰਾਰਥਨਾ। ਬਾਈਬਲ ਕਹਿੰਦੀ ਹੈ: “ਆਪਣਾ ਸਾਰਾ ਬੋਝ ਯਹੋਵਾਹ ʼਤੇ ਸੁੱਟ ਦੇ ਅਤੇ ਉਹ ਤੈਨੂੰ ਸੰਭਾਲੇਗਾ।” (ਜ਼ਬੂਰ 55:22) ਪ੍ਰਾਰਥਨਾ ਕਰਨ ਨਾਲ ਤੁਹਾਨੂੰ ਇਸ ਗਮ ਵਿੱਚੋਂ ਬਾਹਰ ਨਿਕਲਣ ਵਿਚ ਮਦਦ ਮਿਲੇਗੀ ਅਤੇ ਤੁਸੀਂ ਇਸ ਘਟਨਾ ਨੂੰ ਅਲੱਗ ਨਜ਼ਰੀਏ ਤੋਂ ਦੇਖ ਸਕੋਗੇ।
“ਲਗਾਤਾਰ ਪ੍ਰਾਰਥਨਾ ਕਰਦੇ ਰਹੋ। ਯਹੋਵਾਹ ਤੁਹਾਡਾ ਦੁੱਖ ਸਮਝਦਾ ਹੈ ਅਤੇ ਤੁਹਾਡੇ ਹਾਲਾਤਾਂ ਨੂੰ ਤੁਹਾਡੇ ਨਾਲੋਂ ਬਿਹਤਰ ਜਾਣਦਾ ਹੈ।”—ਮਾਰੀਆ।
ਦੂਜਿਆਂ ਦੀ ਮਦਦ ਕਰੋ। ਬਾਈਬਲ ਕਹਿੰਦੀ ਹੈ: “ਤੁਸੀਂ ਆਪਣੇ ਬਾਰੇ ਹੀ ਨਾ ਸੋਚੋ, ਸਗੋਂ ਦੂਸਰਿਆਂ ਦੇ ਭਲੇ ਬਾਰੇ ਵੀ ਸੋਚੋ।” (ਫ਼ਿਲਿੱਪੀਆਂ 2:4) ਤੁਸੀਂ ਦੂਜਿਆਂ ਦੀ ਜਿੰਨੀ ਜ਼ਿਆਦਾ ਮਦਦ ਕਰੋਗੇ, ਤੁਸੀਂ ਉੱਨੀ ਜਲਦੀ ਬ੍ਰੇਕਅੱਪ ਦੇ ਮਾਮਲੇ ਨੂੰ ਅਲੱਗ ਨਜ਼ਰ ਤੋਂ ਦੇਖ ਸਕੋਗੇ।
“ਜਦੋਂ ਬ੍ਰੇਕਅੱਪ ਹੋ ਜਾਂਦਾ ਹੈ, ਤਾਂ ਇੱਦਾਂ ਲੱਗਦਾ ਜਿੱਦਾਂ ਦੁਨੀਆਂ ਹੀ ਖ਼ਤਮ ਹੋ ਗਈ ਹੋਵੇ। ਦਿਲ ʼਤੇ ਲੱਗੀ ਸੱਟ ਕਿਸੇ ਜ਼ਖ਼ਮ ਨਾਲੋਂ ਵੀ ਗਹਿਰੀ ਹੁੰਦੀ ਹੈ। ਇਸ ਨੂੰ ਠੀਕ ਹੋਣ ਵਿਚ ਸਮਾਂ ਲੱਗਦਾ ਹੈ।”—ਈਵਲੀਨ।

