ਨੌਜਵਾਨ ਪੁੱਛਦੇ ਹਨ

ਡੇਟਿੰਗ—ਭਾਗ 1: ਕੀ ਮੈਂ ਡੇਟਿੰਗ ਕਰਨ ਲਈ ਤਿਆਰ ਹਾਂ?

ਡੇਟਿੰਗ—ਭਾਗ 1: ਕੀ ਮੈਂ ਡੇਟਿੰਗ ਕਰਨ ਲਈ ਤਿਆਰ ਹਾਂ?

ਇਸ ਲੇਖ ਵਿਚ ਦੱਸਿਆ ਜਾਵੇਗਾ

 ਡੇਟਿੰਗ ਦਾ ਕੀ ਮਤਲਬ ਹੈ?

 ਕੁਝ ਲੋਕਾਂ ਨੂੰ ਲੱਗਦਾ ਹੈ ਕਿ ਡੇਟਿੰਗ ਦਾ ਮਤਲਬ ਹੈ ਕਿ ਸਿਰਫ਼ ਮਜ਼ੇ ਲੈਣ ਲਈ ਬੁਆਏ-ਫ੍ਰੈਂਡ ਤੇ ਗਰਲ-ਫ੍ਰੈਂਡ ਬਣਾਉਣੇ ਅਤੇ ਇਕੱਠੇ ਘੁੰਮਣਾ-ਫਿਰਨਾ। ਪਰ ਇਸ ਲੇਖ ਵਿਚ ਦੱਸਿਆ ਗਿਆ ਹੈ ਕਿ “ਡੇਟਿੰਗ” ਦਾ ਅਸਲੀ ਮਤਲਬ ਕੀ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਮੁੰਡਾ-ਕੁੜੀ ਇਕੱਠੇ ਸਮਾਂ ਬਿਤਾਉਂਦੇ ਹਨ ਤਾਂਕਿ ਉਹ ਇਹ ਸਮਝ ਸਕਣ ਕਿ ਉਹ ਇਕ-ਦੂਜੇ ਲਈ ਸਹੀ ਜੀਵਨ ਸਾਥੀ ਸਾਬਤ ਹੋਣਗੇ ਜਾਂ ਨਹੀਂ। ਇਸ ਤੋਂ ਪਤਾ ਲੱਗਦਾ ਹੈ ਕਿ ਡੇਟਿੰਗ ਦਾ ਇਕ ਖ਼ਾਸ ਮਕਸਦ ਹੈ। ਇਹ ਸਿਰਫ਼ ਇਸ ਲਈ ਨਹੀਂ ਕੀਤੀ ਜਾਣੀ ਚਾਹੀਦੀ ਕਿ ਕੋਈ ਤੁਹਾਡੇ ʼਤੇ ਧਿਆਨ ਦੇ ਰਿਹਾ ਹੈ ਅਤੇ ਤੁਹਾਨੂੰ ਚੰਗਾ ਲੱਗ ਰਿਹਾ ਹੈ।

 ਜਦੋਂ ਇਕ ਕੁੜੀ-ਮੁੰਡਾ ਡੇਟਿੰਗ ਕਰਦੇ ਹਨ ਅਤੇ ਇਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹਨ, ਤਾਂ ਕੁਝ ਸਮੇਂ ਬਾਅਦ ਉਹ ਫ਼ੈਸਲਾ ਕਰ ਪਾਉਂਦੇ ਹਨ ਕਿ ਉਹ ਵਿਆਹ ਕਰਵਾਉਣਗੇ ਜਾਂ ਫਿਰ ਉਸ ਰਿਸ਼ਤੇ ਨੂੰ ਉੱਥੇ ਹੀ ਖ਼ਤਮ ਕਰ ਦੇਣਗੇ। ਜੇ ਅੱਗੇ ਚੱਲ ਕੇ ਤੁਸੀਂ ਵੀ ਕਿਸੇ ਨਾਲ ਡੇਟਿੰਗ ਕਰਦੇ ਹੋ, ਤਾਂ ਤੁਹਾਨੂੰ ਵੀ ਇਨ੍ਹਾਂ ਦੋਹਾਂ ਗੱਲਾਂ ਲਈ ਤਿਆਰ ਰਹਿਣਾ ਚਾਹੀਦਾ ਹੈ।

 ਮੁੱਖ ਗੱਲ: ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵਿਆਹ ਕਰਾਉਣ ਲਈ ਤਿਆਰ ਹੋ, ਤਾਂ ਹੀ ਡੇਟਿੰਗ ਕਰਨ ਬਾਰੇ ਸੋਚੋ।

ਜੇ ਕਿਸੇ ਦਾ ਵਿਆਹ ਕਰਾਉਣ ਦਾ ਇਰਾਦਾ ਨਹੀਂ ਹੈ, ਪਰ ਉਹ ਡੇਟਿੰਗ ਕਰ ਰਿਹਾ ਹੈ, ਤਾਂ ਇਹ ਇੱਦਾਂ ਹੈ, ਜਿੱਦਾਂ ਉਸ ਨੇ ਨੌਕਰੀ ਨਹੀਂ ਕਰਨੀ, ਪਰ ਇੰਟਰਵਿਊ ਦੇਣ ਚਲਾ ਜਾਂਦਾ ਹੈ

 ਕੀ ਤੁਸੀਂ ਡੇਟਿੰਗ ਕਰਨ ਲਈ ਤਿਆਰ ਹੋ?

 ਜਦੋਂ ਦੋ ਜਣੇ ਡੇਟਿੰਗ ਕਰਦੇ ਹਨ, ਤਾਂ ਡੇਟਿੰਗ ਕਰਨ ਤੋਂ ਬਾਅਦ ਉਹ ਸ਼ਾਇਦ ਵਿਆਹ ਕਰਨ ਦਾ ਫ਼ੈਸਲਾ ਕਰਨ। ਇਸ ਲਈ ਤੁਹਾਨੂੰ ਸੋਚਣਾ ਚਾਹੀਦਾ ਹੈ ਕਿ ਵਿਆਹ ਦੇ ਰਿਸ਼ਤੇ ਨੂੰ ਨਿਭਾਉਣ ਲਈ ਤੁਹਾਡੇ ਵਿਚ ਕਿਹੜੇ ਗੁਣ ਹੋਣੇ ਚਾਹੀਦੇ ਹਨ। ਜ਼ਰਾ ਅੱਗੇ ਦੱਸੀਆਂ ਗੱਲਾਂ ʼਤੇ ਧਿਆਨ ਦਿਓ:

  •   ਘਰਦਿਆਂ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੈ? ਤੁਸੀਂ ਆਪਣੇ ਮੰਮੀ-ਡੈਡੀ ਤੇ ਭੈਣਾਂ-ਭਰਾਵਾਂ ਨਾਲ ਜਿਸ ਤਰੀਕੇ ਨਾਲ ਪੇਸ਼ ਆਉਂਦੇ ਹੋ, ਖ਼ਾਸ ਕਰਕੇ ਜਦੋਂ ਤੁਸੀਂ ਤਣਾਅ ਵਿਚ ਹੁੰਦੇ ਹੋ, ਉਸ ਤੋਂ ਪਤਾ ਲੱਗੇਗਾ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿੱਦਾਂ ਪੇਸ਼ ਆਓਗੇ।

     ਬਾਈਬਲ ਦਾ ਅਸੂਲ: “ਹਰ ਤਰ੍ਹਾਂ ਦਾ ਵੈਰ, ਗੁੱਸਾ, ਕ੍ਰੋਧ, ਚੀਕ-ਚਿਹਾੜਾ ਅਤੇ ਗਾਲ਼ੀ-ਗਲੋਚ ਕਰਨੋਂ ਹਟ ਜਾਓ, ਨਾਲੇ ਕਿਸੇ ਵੀ ਤਰ੍ਹਾਂ ਬੁਰਾ ਨਾ ਕਰੋ।”​—ਅਫ਼ਸੀਆਂ 4:31.

     ਆਪਣੇ ਆਪ ਤੋਂ ਪੁੱਛੋ: ‘ਜੇ ਮੇਰੇ ਮੰਮੀ-ਡੈਡੀ ਤੇ ਭੈਣਾਂ-ਭਰਾਵਾਂ ਨੂੰ ਪੁੱਛਿਆ ਜਾਵੇ ਕਿ ਮੈਂ ਉਨ੍ਹਾਂ ਨਾਲ ਆਦਰ ਨਾਲ ਪੇਸ਼ ਆਉਂਦਾ ਹਾਂ ਜਾਂ ਨਹੀਂ, ਤਾਂ ਉਹ ਕੀ ਕਹਿਣਗੇ? ਜਦੋਂ ਮੈਂ ਉਨ੍ਹਾਂ ਦੀ ਕਿਸੇ ਗੱਲ ਨਾਲ ਸਹਿਮਤ ਨਹੀਂ ਹੁੰਦਾ, ਤਾਂ ਕੀ ਮੈਂ ਸ਼ਾਂਤੀ ਨਾਲ ਉਨ੍ਹਾਂ ਨਾਲ ਗੱਲ ਕਰਦਾ ਹਾਂ? ਜਾਂ ਮੈਨੂੰ ਗੁੱਸਾ ਆ ਜਾਂਦਾ ਹੈ ਤੇ ਮੈਂ ਉਨ੍ਹਾਂ ਨਾਲ ਲੜਨ ਲੱਗ ਪੈਂਦਾ ਹਾਂ?’

    ਮੁਸ਼ਕਲ ਆਉਣ ʼਤੇ ਜੇ ਤੁਸੀਂ ਆਪਣੇ ਮੰਮੀ-ਡੈਡੀ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰ ਪਾਉਂਦੇ, ਤਾਂ ਕੀ ਤੁਸੀਂ ਆਪਣੇ ਜੀਵਨ ਸਾਥੀ ਨਾਲ ਇੱਦਾਂ ਕਰ ਪਾਓਗੇ?

  •   ਕੀ ਤੁਸੀਂ ਦੂਜਿਆਂ ਬਾਰੇ ਸੋਚਦੇ ਹੋ? ਵਿਆਹ ਤੋਂ ਬਾਅਦ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪੈਣਾ ਕਿ ਤੁਹਾਡਾ ਸਾਥੀ ਕੀ ਚਾਹੁੰਦਾ ਹੈ ਤੇ ਕਈ ਵਾਰ ਉਸ ਦੀ ਪਸੰਦ ਲਈ ਤੁਹਾਨੂੰ ਆਪਣੀ ਪਸੰਦ ਛੱਡਣੀ ਪੈ ਸਕਦੀ ਹੈ।

     ਬਾਈਬਲ ਦਾ ਅਸੂਲ: “ਹਰ ਕੋਈ ਆਪਣਾ ਹੀ ਫ਼ਾਇਦਾ ਨਾ ਸੋਚੇ, ਸਗੋਂ ਹਮੇਸ਼ਾ ਦੂਸਰਿਆਂ ਦੇ ਭਲੇ ਬਾਰੇ ਸੋਚੇ।”​—1 ਕੁਰਿੰਥੀਆਂ 10:24.

     ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਹਮੇਸ਼ਾ ਆਪਣੀ ਗੱਲ ਮਨਾਉਣ ʼਤੇ ਅੜਿਆ ਰਹਿੰਦਾ ਹਾਂ? ਕੀ ਦੂਜੇ ਮੇਰੇ ਬਾਰੇ ਇਹ ਕਹਿਣਗੇ ਕਿ ਮੈਂ ਬਦਲਣ ਲਈ ਤਿਆਰ ਰਹਿੰਦਾ ਹਾਂ? ਮੈਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਂਦਾ ਹਾਂ ਕਿ ਮੈਨੂੰ ਸਿਰਫ਼ ਆਪਣੀ ਹੀ ਨਹੀਂ, ਸਗੋਂ ਦੂਜਿਆਂ ਦੀ ਵੀ ਪਰਵਾਹ ਹੈ?’

  •   ਕੀ ਤੁਸੀਂ ਨਿਮਰ ਹੋ? ਇਕ ਚੰਗਾ ਜੀਵਨ ਸਾਥੀ ਉਹ ਹੁੰਦਾ ਹੈ ਜੋ ਆਪਣੀਆਂ ਗ਼ਲਤੀਆਂ ਮੰਨ ਲੈਂਦਾ ਹੈ ਤੇ ਦਿਲੋਂ ਮਾਫ਼ੀ ਮੰਗਦਾ ਹੈ।

     ਬਾਈਬਲ ਦਾ ਅਸੂਲ: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।”​—ਯਾਕੂਬ 3:2.

     ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਆਪਣੀ ਗ਼ਲਤੀ ਮੰਨ ਲੈਂਦਾ ਹਾਂ ਜਾਂ ਸਫ਼ਾਈਆਂ ਦਿੰਦਾ ਹਾਂ? ਜਦੋਂ ਲੋਕ ਮੇਰੇ ਭਲੇ ਲਈ ਸਲਾਹ ਦਿੰਦੇ ਹਨ, ਤਾਂ ਕੀ ਮੈਨੂੰ ਬੁਰਾ ਲੱਗਦਾ ਹੈ?’

  •   ਪੈਸਿਆਂ ਬਾਰੇ ਤੁਹਾਡੀ ਕੀ ਸੋਚ ਹੈ? ਪੈਸਿਆਂ ਕਰਕੇ ਪਤੀ-ਪਤਨੀ ਵਿਚ ਅਕਸਰ ਝਗੜੇ ਹੁੰਦੇ ਹਨ। ਇਸ ਲਈ ਜੇ ਤੁਸੀਂ ਸੋਚ-ਸਮਝ ਕੇ ਪੈਸੇ ਖ਼ਰਚਦੇ ਹੋ, ਤਾਂ ਤੁਹਾਡੀ ਵਿਆਹੁਤਾ ਜ਼ਿੰਦਗੀ ਵਿਚ ਘੱਟ ਝਗੜੇ ਹੋਣਗੇ।

     ਬਾਈਬਲ ਦਾ ਅਸੂਲ: “ਤੁਹਾਡੇ ਵਿੱਚੋਂ ਅਜਿਹਾ ਕੌਣ ਹੈ ਜੋ ਬੁਰਜ ਬਣਾਉਣਾ ਚਾਹੁੰਦਾ ਹੋਵੇ ਅਤੇ ਪਹਿਲਾਂ ਬੈਠ ਕੇ ਪੂਰਾ ਹਿਸਾਬ ਨਾ ਲਾਵੇ ਕਿ ਉਸ ਕੋਲ ਬੁਰਜ ਬਣਾਉਣ ਲਈ ਪੈਸਾ ਹੈ ਜਾਂ ਨਹੀਂ?”​—ਲੂਕਾ 14:28.

     ਆਪਣੇ ਆਪ ਤੋਂ ਪੁੱਛੋ: ‘ਕੀ ਪੈਸੇ ਖ਼ਰਚਣ ਵੇਲੇ ਮੈਂ ਆਪਣੇ ʼਤੇ ਕੰਟ੍ਰੋਲ ਰੱਖਦਾ ਹਾਂ? ਜਾਂ ਕੀ ਮੈਨੂੰ ਵਾਰ-ਵਾਰ ਉਧਾਰ ਲੈਣਾ ਪੈਂਦਾ ਹੈ? ਮੈਂ ਕਿਨ੍ਹਾਂ ਤਰੀਕਿਆਂ ਨਾਲ ਦਿਖਾਉਂਦਾ ਹਾਂ ਕਿ ਮੈਂ ਸੋਚ-ਸਮਝ ਕੇ ਪੈਸੇ ਖ਼ਰਚਦਾ ਹਾਂ?’

  •   ਰੱਬ ਨਾਲ ਤੁਹਾਡਾ ਰਿਸ਼ਤਾ ਕਿਹੋ ਜਿਹਾ ਹੈ? ਜੇ ਤੁਸੀਂ ਯਹੋਵਾਹ ਦੇ ਗਵਾਹ ਹੋ, ਤਾਂ ਲਗਾਤਾਰ ਬਾਈਬਲ ਅਧਿਐਨ ਕਰਨ ਅਤੇ ਮੀਟਿੰਗਾਂ ਵਿਚ ਜਾਣ ਦੀ ਚੰਗੀ ਆਦਤ ਪਾਓ।

     ਬਾਈਬਲ ਦਾ ਅਸੂਲ: “ਖ਼ੁਸ਼ ਹਨ ਜਿਹੜੇ ਪਰਮੇਸ਼ੁਰ ਦੀ ਅਗਵਾਈ ਲਈ ਤਰਸਦੇ ਹਨ।”​—ਮੱਤੀ 5:3.

     ਆਪਣੇ ਆਪ ਤੋਂ ਪੁੱਛੋ: ‘ਕੀ ਮੈਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਮਿਹਨਤ ਕਰਦਾ ਹਾਂ? ਕੀ ਮੈਂ ਮੀਟਿੰਗਾਂ, ਪ੍ਰਚਾਰ ਅਤੇ ਬਾਈਬਲ ਅਧਿਐਨ ਨੂੰ ਆਪਣੀ ਜ਼ਿੰਦਗੀ ਵਿਚ ਪਹਿਲੀ ਥਾਂ ਦਿੰਦਾ ਹਾਂ? ਜਾਂ ਕੀ ਮੇਰਾ ਧਿਆਨ ਦੂਜੀਆਂ ਚੀਜ਼ਾਂ ʼਤੇ ਲੱਗਾ ਰਹਿੰਦਾ ਹੈ?’

 ਮੁੱਖ ਗੱਲ: ਹਰ ਕੋਈ ਇਕ ਚੰਗਾ ਜੀਵਨ ਸਾਥੀ ਚਾਹੁੰਦਾ ਹੈ। ਇਸ ਲਈ ਆਪਣੇ ਵਿਚ ਉਹ ਗੁਣ ਵਧਾਓ ਜੋ ਤੁਸੀਂ ਆਪਣੇ ਜੀਵਨ ਸਾਥੀ ਵਿਚ ਦੇਖਣੇ ਚਾਹੁੰਦੇ ਹੋ। ਫਿਰ ਹੋ ਸਕਦਾ ਹੈ ਕਿ ਤੁਹਾਨੂੰ ਵੀ ਕੋਈ ਅਜਿਹਾ ਸਾਥੀ ਮਿਲੇ ਜਿਸ ਵਿਚ ਤੁਹਾਡੇ ਵਰਗੇ ਗੁਣ ਹੋਣ।