ਨੌਜਵਾਨ ਪੁੱਛਦੇ ਹਨ
ਡੇਟਿੰਗ—ਭਾਗ 3: ਕੀ ਸਾਨੂੰ ਬ੍ਰੇਕਅੱਪ ਕਰ ਲੈਣਾ ਚਾਹੀਦਾ ਹੈ?
ਤੁਸੀਂ ਕਾਫ਼ੀ ਸਮੇਂ ਤੋਂ ਡੇਟਿੰਗ ਕਰ ਰਹੇ ਹੋ, ਪਰ ਹੁਣ ਤੁਹਾਡੇ ਮਨ ਵਿਚ ਕੁਝ ਸ਼ੱਕ ਆਉਣੇ ਸ਼ੁਰੂ ਹੋ ਗਏ ਹਨ। ਕੀ ਤੁਹਾਨੂੰ ਡੇਟਿੰਗ ਜਾਰੀ ਰੱਖਣੀ ਚਾਹੀਦੀ ਹੈ ਜਾਂ ਬੰਦ ਕਰ ਦੇਣੀ ਚਾਹੀਦੀ ਹੈ? ਇਹ ਲੇਖ ਤੁਹਾਡੀ ਇਹ ਫ਼ੈਸਲਾ ਲੈਣ ਵਿਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਲੇਖ ਵਿਚ ਦੱਸਿਆ ਜਾਵੇਗਾ
ਤੁਸੀਂ ਆਪਣੇ ਸ਼ੱਕ ਕਿਵੇਂ ਦੂਰ ਕਰ ਸਕਦੇ ਹੋ
ਕੁਝ ਸਮਾਂ ਡੇਟਿੰਗ ਕਰਨ ਤੋਂ ਬਾਅਦ ਮੁੰਡੇ-ਕੁੜੀ ਨੂੰ ਸ਼ਾਇਦ ਪਤਾ ਲੱਗੇ ਕਿ ਜਿੰਨਾ ਉਨ੍ਹਾਂ ਨੇ ਸੋਚਿਆ ਸੀ, ਉਨ੍ਹਾਂ ਦੋਵਾਂ ਦਾ ਸੁਭਾਅ ਉਸ ਤੋਂ ਬਹੁਤ ਵੱਖਰਾ ਹੈ। ਮਿਸਾਲ ਲਈ:
ਇਕ ਨੂੰ ਸਮੁੰਦਰ ਕਿਨਾਰੇ ਜਾਣਾ ਤੇ ਦੂਜੇ ਨੂੰ ਪੈਦਲ ਤੁਰਨਾ ਪਸੰਦ ਹੈ।
ਇਕ ਬਹੁਤ ਗੱਲਾਂ ਕਰਦਾ ਹੈ ਤੇ ਦੂਜਾ ਚੁੱਪ ਰਹਿੰਦਾ ਹੈ।
ਇਕ ਧੋਖੇਬਾਜ਼ ਹੈ ਤੇ ਦੂਜਾ ਹਮੇਸ਼ਾ ਈਮਾਨਦਾਰ ਰਹਿੰਦਾ ਹੈ।
ਧਿਆਨ ਦਿਓ ਕਿ ਇਹ ਤਿੰਨ ਮਿਸਾਲਾਂ ਵੱਖੋ-ਵੱਖਰੀਆਂ ਗੱਲਾਂ ਜ਼ਾਹਰ ਕਰਦੀਆਂ ਹਨ। ਪਹਿਲੀ ਮਿਸਾਲ ਵਿਚ ਉਨ੍ਹਾਂ ਦੀ ਪਸੰਦ ਇਕ-ਦੂਜੇ ਤੋਂ ਵੱਖਰੀ ਹੈ। ਦੂਜੀ ਮਿਸਾਲ ਵਿਚ ਦੋਹਾਂ ਦਾ ਸੁਭਾਅ ਇਕ-ਦੂਜੇ ਤੋਂ ਵੱਖਰਾ ਹੈ ਤੇ ਤੀਜੀ ਮਿਸਾਲ ਵਿਚ ਦੋਹਾਂ ਦੇ ਅਸੂਲ ਇਕ-ਦੂਜੇ ਤੋਂ ਵੱਖਰੇ ਹਨ।
ਜ਼ਰਾ ਸੋਚੋ: ਜੇ ਤੁਸੀਂ ਵਿਆਹ ਕਰਾ ਲੈਂਦੇ ਹੋ, ਤਾਂ ਇਨ੍ਹਾਂ ਤਿੰਨਾਂ ਵਿੱਚੋਂ ਕਿਹੜੀ ਮੁਸ਼ਕਲ ਨਾਲ ਸਿੱਝਣਾ ਤੁਹਾਡੇ ਲਈ ਬਹੁਤ ਔਖਾ ਹੋਵੇਗਾ? ਤੁਸੀਂ ਦੋਵੇਂ ਕਿਹੜੀ ਗੱਲ ʼਤੇ ਸਮਝੌਤਾ ਕਰੋਗੇ?
ਪਤੀ-ਪਤਨੀ ਦੀ ਪਸੰਦ ਅਤੇ ਸੁਭਾਅ ਵੱਖਰੇ ਹੋਣ ਦੇ ਬਾਵਜੂਦ ਵੀ ਉਹ ਆਪਣੀ ਵਿਆਹੁਤਾ ਜ਼ਿੰਦਗੀ ਵਿਚ ਖ਼ੁਸ਼ ਰਹਿ ਸਕਦੇ ਹਨ। ਕੁਝ ਮਾਮਲਿਆਂ ਵਿਚ ਪਤੀ-ਪਤਨੀ ਇਕ-ਦੂਜੇ ਦੀ ਪਸੰਦ ਤੋਂ ਕੁਝ ਸਿੱਖਦੇ, ਇੱਥੋਂ ਤਕ ਕਿ ਇਕ-ਦੂਜੇ ਦੇ ਸੁਭਾਅ ਤੋਂ ਫ਼ਾਇਦਾ ਪਾਉਂਦੇ ਹਨ। a
ਦੂਜੇ ਪਾਸੇ, ਇਹ ਜ਼ਰੂਰੀ ਹੈ ਕਿ ਜਿਸ ਵਿਅਕਤੀ ਨਾਲ ਤੁਸੀਂ ਵਿਆਹ ਕਰਾਉਣਾ ਹੈ, ਉਸ ਨਾਲ ਤੁਹਾਡੇ ਧਾਰਮਿਕ ਵਿਸ਼ਵਾਸ, ਨੈਤਿਕ ਮਿਆਰ ਅਤੇ ਸਹੀ ਤੇ ਗ਼ਲਤ ਬਾਰੇ ਤੁਹਾਡੀ ਰਾਇ ਮੇਲ ਖਾਂਦੀ ਹੋਵੇ। ਜੇ ਇਸ ਤਰ੍ਹਾਂ ਨਹੀਂ ਹੈ, ਤਾਂ ਤੁਹਾਨੂੰ ਖ਼ਬਰਦਾਰ ਹੋ ਜਾਣਾ ਚਾਹੀਦਾ ਅਤੇ ਸ਼ਾਇਦ ਤੁਹਾਨੂੰ ਡੇਟਿੰਗ ਬੰਦ ਕਰ ਦੇਣੀ ਚਾਹੀਦੀ ਹੈ।
ਮਿਸਾਲ ਲਈ, ਜ਼ਰਾ ਸੋਚੋ ਕਿ ਦੋਹਾਂ ਦੇ ਧਾਰਮਿਕ ਵਿਸ਼ਵਾਸ ਵੱਖੋ-ਵੱਖਰੇ ਹੋਣ ਕਰਕੇ ਕੀ ਹੋ ਸਕਦਾ ਹੈ। ਆਪਣੇ ਵਿਆਹ ਨੂੰ ਬਚਾਉਣਾ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਕਹਿੰਦੀ ਹੈ: “ਖੋਜਕਾਰਾਂ ਮੁਤਾਬਕ ਜਿਨ੍ਹਾਂ ਜੋੜਿਆਂ ਦੇ ਧਾਰਮਿਕ ਵਿਸ਼ਵਾਸ ਇਕ-ਦੂਜੇ ਤੋਂ ਅਲੱਗ ਹੁੰਦੇ ਹਨ, ਉਨ੍ਹਾਂ ਦੇ ਤਲਾਕ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।”
ਬਾਈਬਲ ਦਾ ਅਸੂਲ: “ਅਵਿਸ਼ਵਾਸੀਆਂ ਨਾਲ ਮੇਲ-ਜੋਲ ਨਾ ਰੱਖੋ।”—2 ਕੁਰਿੰਥੀਆਂ 6:14.
ਤੁਸੀਂ ਫ਼ੈਸਲਾ ਕਿਵੇਂ ਕਰ ਸਕਦੇ ਹੋ
ਬਾਈਬਲ ਕਹਿੰਦੀ ਹੈ ਕਿ ਜਿਹੜੇ ਵਿਆਹ ਕਰਨਗੇ, ਉਨ੍ਹਾਂ ਨੂੰ “ਮੁਸੀਬਤਾਂ ਦਾ ਸਾਮ੍ਹਣਾ ਕਰਨਾ ਪਵੇਗਾ।” (1 ਕੁਰਿੰਥੀਆਂ 7:28) ਇਸ ਲਈ ਜੇ ਡੇਟਿੰਗ ਕਰਦਿਆਂ ਤੁਸੀਂ ਮੁਸੀਬਤਾਂ ਦਾ ਸਾਮ੍ਹਣਾ ਕਰ ਰਹੇ ਹੋ, ਤਾਂ ਇਸ ਗੱਲੋਂ ਹੈਰਾਨ ਨਾ ਹੋਵੋ।
ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਵਿਚ ਸਹਿਮਤ ਨਹੀਂ ਹੁੰਦੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਤੁਹਾਡਾ ਰਿਸ਼ਤਾ ਕਾਮਯਾਬ ਨਹੀਂ ਹੋਵੇਗਾ। ਤੁਹਾਨੂੰ ਆਪਣੇ ਆਪ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ: ਕੀ ਤੁਸੀਂ ਸ਼ਾਂਤੀ ਨਾਲ ਇਨ੍ਹਾਂ ਗੱਲਾਂ ਨੂੰ ਸੁਲਝਾ ਸਕਦੇ ਹੋ? ਜੇ ਤੁਸੀਂ ਵਿਆਹ ਕਰਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਦੋਹਾਂ ਨੂੰ ਇਹ ਗੁਣ ਪੈਦਾ ਕਰਨ ਦੀ ਲੋੜ ਹੈ।
ਬਾਈਬਲ ਦਾ ਅਸੂਲ: “ਇਕ-ਦੂਜੇ ਲਈ ਦਇਆ ਦਿਖਾਓ ਅਤੇ ਹਮਦਰਦੀ ਨਾਲ ਪੇਸ਼ ਆਓ ਅਤੇ ਇਕ-ਦੂਜੇ ਨੂੰ ਦਿਲੋਂ ਮਾਫ਼ ਕਰੋ।”—ਅਫ਼ਸੀਆਂ 4:32.
ਦੂਜੇ ਪਾਸੇ, ਤੁਹਾਡੇ ਵਿਚ ਵਾਰ-ਵਾਰ ਜਾਂ ਗੰਭੀਰ ਮਸਲੇ ਖੜ੍ਹੇ ਹੋਣੇ ਇਸ ਗੱਲ ਦੀ ਨਿਸ਼ਾਨੀ ਹੋ ਸਕਦੀ ਹੈ ਕਿ ਤੁਹਾਡੀ ਇਕ-ਦੂਜੇ ਨਾਲ ਨਿਭੇਗੀ ਨਹੀਂ। ਜੇ ਤੁਹਾਡੇ ਹਾਲਾਤ ਵੀ ਇਸ ਤਰ੍ਹਾਂ ਦੇ ਹਨ, ਤਾਂ ਵਧੀਆ ਹੋਵੇਗਾ ਕਿ ਤੁਸੀਂ ਹੁਣੇ ਇਸ ਗੱਲ ਨੂੰ ਸਮਝੋ, ਨਾ ਕਿ ਵਿਆਹ ਤੋਂ ਬਾਅਦ।
ਤੁਹਾਡੇ ਵਿਚ ਵਾਰ-ਵਾਰ ਜਾਂ ਗੰਭੀਰ ਮਸਲੇ ਖੜ੍ਹੇ ਹੋਣੇ ਇਸ ਗੱਲ ਦੀ ਨਿਸ਼ਾਨੀ ਹੋ ਸਕਦੀ ਹੈ ਕਿ ਤੁਹਾਡੀ ਇਕ-ਦੂਜੇ ਨਾਲ ਨਿਭੇਗੀ ਨਹੀਂ
ਮੁੱਖ ਗੱਲ: ਜੇ ਤੁਹਾਡੇ ਮਨ ਵਿਚ ਉਸ ਵਿਅਕਤੀ ਬਾਰੇ ਸ਼ੱਕ ਆਉਂਦੇ ਹਨ ਜਾਂ ਤੁਹਾਨੂੰ ਸ਼ੱਕ ਹੈ ਕਿ ਤੁਸੀਂ ਵਿਆਹ ਲਈ ਤਿਆਰ ਹੋ ਜਾਂ ਨਹੀਂ, ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ!
ਬਾਈਬਲ ਦਾ ਅਸੂਲ: “ਸਮਝਦਾਰ ਖ਼ਤਰੇ ਨੂੰ ਦੇਖ ਕੇ ਲੁਕ ਜਾਂਦਾ ਹੈ, ਪਰ ਨਾਤਜਰਬੇਕਾਰ ਅੱਗੇ ਵਧਦਾ ਜਾਂਦਾ ਹੈ ਤੇ ਅੰਜਾਮ ਭੁਗਤਦਾ ਹੈ।”—ਕਹਾਉਤਾਂ 22:3.
ਜੇ ਤੁਸੀਂ ਬ੍ਰੇਕਅੱਪ ਕਰਨ ਦਾ ਫ਼ੈਸਲਾ ਕਰਦੇ ਹੋ
ਬ੍ਰੇਕਅੱਪ ਦਾ ਦਰਦ ਸਹਿਣਾ ਔਖਾ ਹੋ ਸਕਦਾ ਹੈ। ਪਰ ਜੇ ਤੁਹਾਡੇ ਜਾਂ ਦੋਹਾਂ ਦੇ ਮਨ ਵਿਚ ਸੱਚ-ਮੁੱਚ ਸ਼ੱਕ ਹਨ, ਤਾਂ ਸ਼ਾਇਦ ਤੁਹਾਡੇ ਲਈ ਬ੍ਰੇਕਅੱਪ ਕਰਨਾ ਵਧੀਆ ਹੋਵੇਗਾ।
ਤੁਸੀਂ ਇਹ ਕਿਵੇਂ ਕਰੋਗੇ? ਤੁਸੀਂ ਇਕ ਸਮਾਂ ਤੇ ਜਗ੍ਹਾ ਤੈਅ ਕਰੋ ਤਾਂਕਿ ਤੁਸੀਂ ਇਸ ਮਾਮਲੇ ਬਾਰੇ ਇਕੱਠੇ ਮਿਲ ਕੇ ਗੱਲ ਕਰ ਸਕੋ। ਮੈਸਿਜ ਜਾਂ ਈ-ਮੇਲ ਰਾਹੀਂ ਸਿਰਫ਼ ਉਦੋਂ ਹੀ ਦੱਸੋ ਜਦੋਂ ਮਿਲ ਕੇ ਦੱਸਣਾ ਬਹੁਤ ਹੀ ਮੁਸ਼ਕਲ ਹੁੰਦਾ ਹੈ।
ਬਾਈਬਲ ਦਾ ਅਸੂਲ: “ਇਕ-ਦੂਜੇ ਨਾਲ ਸੱਚ ਬੋਲੋ।”—ਜ਼ਕਰਯਾਹ 8:16.
ਕੀ ਬ੍ਰੇਕਅੱਪ ਹੋਣ ਦਾ ਇਹ ਮਤਲਬ ਹੈ ਕਿ ਤੁਸੀਂ ਕਿਸੇ ਕੰਮ ਦੇ ਨਹੀਂ ਹੋ? ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ। ਯਾਦ ਰੱਖੋ ਕਿ ਡੇਟਿੰਗ ਤੁਹਾਡੀ ਇਹ ਫ਼ੈਸਲਾ ਕਰਨ ਵਿਚ ਮਦਦ ਕਰੇਗੀ ਕਿ ਤੁਸੀਂ ਵਿਆਹ ਕਰਾਓਗੇ ਜਾਂ ਨਹੀਂ। ਪਰ ਜੇ ਤੁਹਾਡਾ ਰਿਸ਼ਤਾ ਖ਼ਤਮ ਹੋ ਜਾਂਦਾ ਹੈ, ਤਾਂ ਤੁਸੀਂ ਇਸ ਤਜਰਬੇ ਤੋਂ ਅਹਿਮ ਸਬਕ ਸਿੱਖ ਸਕਦੇ ਹੋ।
ਆਪਣੇ ਆਪ ਤੋਂ ਪੁੱਛੋ: ‘ਇਸ ਰਿਸ਼ਤੇ ਤੋਂ ਮੈਨੂੰ ਆਪਣੇ ਬਾਰੇ ਕੀ ਪਤਾ ਲੱਗਾ? ਕੀ ਇਸ ਤਜਰਬੇ ਤੋਂ ਇਹ ਜ਼ਾਹਰ ਹੋਇਆ ਹੈ ਕਿ ਮੈਨੂੰ ਕੁਝ ਮਾਮਲਿਆਂ ਵਿਚ ਸੁਧਾਰ ਕਰਨ ਦੀ ਲੋੜ ਹੈ? ਜੇ ਮੈਂ ਦੁਬਾਰਾ ਡੇਟਿੰਗ ਕਰਨ ਦਾ ਫ਼ੈਸਲਾ ਕਰਦਾ ਹਾਂ, ਤਾਂ ਮੈਂ ਆਪਣੇ ਵਿਚ ਕਿਹੜੇ ਬਦਲਾਅ ਕਰਾਂਗਾ?’
a ਇਨ੍ਹਾਂ ਚੁਣੌਤੀਆਂ ਦਾ ਪਤੀ-ਪਤਨੀ ਦੇ ਰਿਸ਼ਤੇ ʼਤੇ ਕੀ ਅਸਰ ਪੈਂਦਾ ਹੈ, ਇਸ ਬਾਰੇ ਹੋਰ ਜਾਣਨ ਲਈ “ਪਰਿਵਾਰ ਦੀ ਮਦਦ ਲਈ—ਜਦ ਹੋਵੇ ਵੱਖਰੀ ਪਸੰਦ” ਅਤੇ “ਪਰਿਵਾਰ ਦੀ ਮਦਦ ਲਈ—ਤੁਸੀਂ ਆਪਣੇ ਗੁੱਸੇ ʼਤੇ ਕਾਬੂ ਕਿਵੇਂ ਪਾ ਸਕਦੇ ਹੋ?” ਨਾਂ ਦੇ ਲੇਖ ਦੇਖੋ।

