ਨੌਜਵਾਨ ਪੁੱਛਦੇ ਹਨ
ਡੇਟਿੰਗ—ਭਾਗ 2: ਡੇਟਿੰਗ ਦੌਰਾਨ ਮੈਨੂੰ ਕੀ ਉਮੀਦ ਰੱਖਣੀ ਚਾਹੀਦੀ ਹੈ?
ਤੁਸੀਂ ਕਿਸੇ ਨੂੰ ਮਿਲੇ ਤੇ ਉਸ ਨੂੰ ਪਸੰਦ ਕਰਨ ਲੱਗ ਪਏ। ਫਿਰ ਤੁਸੀਂ ਦੋਵੇਂ ਡੇਟਿੰਗ ਕਰਨ ਦਾ ਫ਼ੈਸਲਾ ਕਰਦੇ ਹੋ ਤਾਂਕਿ ਤੁਸੀਂ ਜਾਣ ਸਕੋ ਕਿ ਤੁਸੀਂ ਇਕ-ਦੂਜੇ ਲਈ ਚੰਗੇ ਜੀਵਨ ਸਾਥੀ ਬਣ ਸਕਦੇ ਹੋ ਜਾਂ ਨਹੀਂ। ਪਰ ਜਿੱਦਾਂ-ਜਿੱਦਾਂ ਇਹ ਰਿਸ਼ਤਾ ਅੱਗੇ ਵਧੇਗਾ, ਤੁਹਾਨੂੰ ਕੀ ਉਮੀਦ ਰੱਖਣੀ ਚਾਹੀਦੀ ਹੈ?
ਇਸ ਲੇਖ ਵਿਚ ਦੱਸਿਆ ਜਾਵੇਗਾ
ਉਮੀਦ ਰੱਖੋ ਕਿ ਗੱਲਬਾਤ ਖੁੱਲ੍ਹ ਕੇ ਹੋਵੇਗੀ
ਤੁਸੀਂ ਦੋਵੇਂ ਜਿੱਦਾਂ-ਜਿੱਦਾਂ ਇਕੱਠੇ ਸਮਾਂ ਬਿਤਾਓਗੇ, ਤੁਸੀਂ ਇਕ-ਦੂਜੇ ਬਾਰੇ ਕਾਫ਼ੀ ਕੁਝ ਜਾਣ ਲਵੋਗੇ। ਕੁਝ ਗੱਲਾਂ ਤਾਂ ਤੁਸੀਂ ਸਾਮ੍ਹਣੇ ਵਾਲੇ ਦੇ ਵਰਤਾਅ ਤੋਂ ਹੀ ਸਮਝ ਜਾਓਗੇ।
ਪਰ ਕੁਝ ਗੱਲਾਂ ਅਜਿਹੀਆਂ ਵੀ ਹੋਣਗੀਆਂ ਜਿਨ੍ਹਾਂ ਬਾਰੇ ਤੁਹਾਨੂੰ ਦੋਹਾਂ ਨੂੰ ਖੁੱਲ੍ਹ ਕੇ ਗੱਲਬਾਤ ਕਰਨੀ ਪਵੇਗੀ। ਇਸ ਤਰ੍ਹਾਂ ਕਰਦਿਆਂ ਤੁਸੀਂ ਜਿੰਨਾ ਹੋ ਸਕੇ ਉੱਨਾ ਗੱਲਾਂ ਦੀ ਅਸਲੀਅਤ ਸਮਝਣ ਦੀ ਕੋਸ਼ਿਸ਼ ਕਰੋ ਅਤੇ ਗੱਲਾਂ ਨੂੰ ਨਿਰਪੱਖ ਤਰੀਕੇ ਨਾਲ ਦੇਖੋ ਯਾਨੀ ਭਾਵਨਾਵਾਂ ਵਿਚ ਵਹਿ ਕੇ ਫ਼ੈਸਲੇ ਕਰਨ ਦੀ ਬਜਾਇ ਸੋਚ-ਸਮਝ ਕੇ ਫ਼ੈਸਲੇ ਕਰੋ।
ਤੁਸੀਂ ਦੋਵੇਂ ਹੇਠਾਂ ਦਿੱਤੇ ਵਿਸ਼ਿਆਂ ʼਤੇ ਚਰਚਾ ਕਰ ਸਕਦੇ ਹੋ:
ਪੈਸੇ। ਕੀ ਤੁਹਾਡੇ ʼਤੇ ਕੋਈ ਕਰਜ਼ਾ ਹੈ? ਕੀ ਕਦੇ-ਕਦਾਈਂ ਤੁਹਾਡੇ ਲਈ ਸੋਚ-ਸਮਝ ਕੇ ਪੈਸੇ ਖ਼ਰਚਣੇ ਔਖੇ ਹੁੰਦੇ ਹਨ? ਜੇ ਤੁਸੀਂ ਵਿਆਹ ਕਰਾਉਂਦੇ ਹੋ, ਤਾਂ ਤੁਸੀਂ ਅਤੇ ਤੁਹਾਡਾ ਸਾਥੀ ਤਨਖ਼ਾਹ ਅਤੇ ਖ਼ਰਚਿਆਂ ਬਾਰੇ ਫ਼ੈਸਲੇ ਕਿਵੇਂ ਕਰੋਗੇ?
ਸਿਹਤ। ਕੀ ਤੁਹਾਡੀ ਸਿਹਤ ਠੀਕ ਹੈ? ਕੀ ਤੁਹਾਨੂੰ ਪਹਿਲਾਂ ਕਦੇ ਕੋਈ ਗੰਭੀਰ ਸਿਹਤ ਸਮੱਸਿਆ ਰਹੀ ਹੈ?
ਟੀਚੇ। ਤੁਸੀਂ ਆਪਣੀ ਜ਼ਿੰਦਗੀ ਵਿਚ ਕੀ ਹਾਸਲ ਕਰਨਾ ਚਾਹੁੰਦੇ ਹੋ? ਕੀ ਤੁਹਾਡੇ ਟੀਚੇ ਤੁਹਾਡੀ ਗਰਲਫ੍ਰੈਂਡ ਜਾਂ ਤੁਹਾਡੇ ਬੁਆਏ-ਫ੍ਰੈਂਡ ਦੇ ਟੀਚਿਆਂ ਨਾਲ ਮੇਲ ਖਾਂਦੇ ਹਨ? ਵਿਆਹ ਤੋਂ ਬਾਅਦ ਹਾਲਾਤ ਬਦਲਣ ਕਰਕੇ ਜੇ ਤੁਸੀਂ ਆਪਣੇ ਟੀਚਿਆਂ ਨੂੰ ਪੂਰਾ ਨਹੀਂ ਕਰ ਪਾਉਂਦੇ, ਤਾਂ ਕੀ ਤੁਸੀਂ ਖ਼ੁਸ਼ ਰਹਿ ਸਕੋਗੇ?
ਪਰਿਵਾਰ। ਕੀ ਇਸ ਵੇਲੇ ਤੁਹਾਡੇ ʼਤੇ ਕੋਈ ਪਰਿਵਾਰਕ ਜ਼ਿੰਮੇਵਾਰੀ ਹੈ? ਕੀ ਤੁਹਾਨੂੰ ਲੱਗਦਾ ਕਿ ਭਵਿੱਖ ਵਿਚ ਤੁਹਾਡੇ ʼਤੇ ਅਜਿਹੀ ਕੋਈ ਜ਼ਿੰਮੇਵਾਰੀ ਆ ਸਕਦੀ ਹੈ? ਕੀ ਤੁਹਾਨੂੰ ਬੱਚੇ ਚਾਹੀਦੇ ਹਨ? ਜੇ ਹਾਂ, ਤਾਂ ਕਿੰਨੇ?
ਅਜਿਹੇ ਵਿਸ਼ਿਆਂ ʼਤੇ ਚਰਚਾ ਕਰਦਿਆਂ ਪੂਰੀ ਈਮਾਨਦਾਰੀ ਨਾਲ ਅਤੇ ਖੁੱਲ੍ਹ ਕੇ ਗੱਲਬਾਤ ਕਰੋ। ਚੰਗਾ ਪ੍ਰਭਾਵ ਪਾਉਣ ਲਈ ਨਾ ਤਾਂ ਗੱਲਾਂ ਨੂੰ ਲੁਕਾਓ ਅਤੇ ਨਾ ਹੀ ਤੋੜ-ਮਰੋੜ ਕੇ ਪੇਸ਼ ਕਰੋ।—ਇਬਰਾਨੀਆਂ 13:18.
ਜ਼ਰਾ ਸੋਚੋ: ਤੁਹਾਨੂੰ ਉਸ ਵਿਅਕਤੀ ਬਾਰੇ ਕੀ ਕੁਝ ਜਾਣਨ ਦੀ ਲੋੜ ਹੈ ਜਿਸ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ? ਉਸ ਨੂੰ ਤੁਹਾਡੇ ਬਾਰੇ ਕੀ ਕੁਝ ਪਤਾ ਹੋਣਾ ਚਾਹੀਦਾ ਹੈ? ਹੁਣ ਈਮਾਨਦਾਰੀ ਨਾਲ ਇਕ-ਦੂਜੇ ਨਾਲ ਗੱਲਬਾਤ ਕਰਨ ਕਰਕੇ ਬਾਅਦ ਵਿਚ ਜੇ ਤੁਸੀਂ ਵਿਆਹ ਕਰਾਉਣ ਦਾ ਫ਼ੈਸਲਾ ਕਰੋਗੇ, ਤਾਂ ਤੁਹਾਡੀ ਸੱਚ-ਸੱਚ ਤੇ ਸਾਫ਼-ਸਾਫ਼ ਗੱਲਬਾਤ ਕਰਨ ਵਿਚ ਕਿਵੇਂ ਮਦਦ ਹੋਵੇਗੀ?
ਬਾਈਬਲ ਦਾ ਅਸੂਲ: “ਇਕ-ਦੂਜੇ ਨਾਲ ਸੱਚ ਬੋਲੋ।”—ਅਫ਼ਸੀਆਂ 4:25.
“ਕੁੜੀ ਸ਼ਾਇਦ ਸੋਚੇ, ‘ਛੇ ਮਹੀਨਿਆਂ ਵਿਚ ਤਾਂ ਸ਼ਾਇਦ ਸਾਡੀ ਮੰਗਣੀ ਹੋ ਜਾਵੇ,’ ਪਰ ਮੁੰਡਾ ਸ਼ਾਇਦ ਸੋਚੇ ਕਿ ਇਕ ਸਾਲ ਲੱਗੇਗਾ। ਇੱਦਾਂ ਹੋਣ ਤੇ ਕੁੜੀ ਸ਼ਾਇਦ ਦੁਖੀ ਅਤੇ ਪਰੇਸ਼ਾਨ ਹੋ ਜਾਵੇ ਕਿਉਂਕਿ ਉਹ ਚਾਹੁੰਦੀ ਹੈ ਕਿ ਰਿਸ਼ਤਾ ਛੇਤੀ-ਛੇਤੀ ਪੱਕਾ ਹੋ ਜਾਵੇ। ਇਸ ਲਈ ਦੋਹਾਂ ਲਈ ਇਹ ਜ਼ਰੂਰੀ ਹੈ ਕਿ ਉਹ ਇਸ ਮਾਮਲੇ ਬਾਰੇ ਇੱਕੋ ਜਿਹੀ ਸੋਚ ਰੱਖਣ।”—ਅਰੀਆਨਾ, ਜਿਸ ਦੇ ਵਿਆਹ ਨੂੰ ਇਕ ਸਾਲ ਹੋਇਆ ਹੈ।
ਉਮੀਦ ਰੱਖੋ ਕਿ ਤੁਹਾਡੇ ਦੋਹਾਂ ਦੇ ਵਿਚਾਰ ਵੱਖੋ-ਵੱਖਰੇ ਹੋ ਸਕਦੇ ਹਨ
ਕੋਈ ਵੀ ਦੋ ਇਨਸਾਨ ਇੱਕੋ ਜਿਹੇ ਨਹੀਂ ਹੁੰਦੇ। ਇਸ ਲਈ ਇਹ ਨਾ ਮੰਨ ਲਓ ਕਿ ਜਿਸ ਵਿਅਕਤੀ ਨਾਲ ਤੁਸੀਂ ਡੇਟਿੰਗ ਕਰ ਰਹੇ ਹੋ, ਉਹ ਹਰ ਗੱਲ ʼਤੇ ਤੁਹਾਡੇ ਨਾਲ ਸਹਿਮਤ ਹੋਵੇਗਾ ਜਾਂ ਮਾਮਲਿਆਂ ਬਾਰੇ ਤੁਹਾਡੇ ਵਾਂਗ ਹੀ ਮਹਿਸੂਸ ਕਰੇਗਾ। ਕਈ ਗੱਲਾਂ ਦਾ ਤੁਹਾਡੀ ਸੋਚ ʼਤੇ ਅਸਰ ਪੈਂਦਾ ਹੈ, ਜਿਵੇਂ ਕਿ ਤੁਹਾਡੇ ਸਭਿਆਚਾਰ ਅਤੇ ਤੁਹਾਡੀ ਪਰਵਰਿਸ਼।
ਜ਼ਰਾ ਸੋਚੋ: ਜਦੋਂ ਛੋਟੇ-ਮੋਟੇ ਮਾਮਲਿਆਂ ਬਾਰੇ ਤੁਹਾਡੇ ਵਿਚਾਰ ਵੱਖੋ-ਵੱਖਰੇ ਹੋਣਗੇ, ਤਾਂ ਕੀ ਤੁਸੀਂ ਦੋਵੇਂ ਸ਼ਾਂਤੀ ਬਣਾਈ ਰੱਖਣ ਲਈ ਸਮਝੌਤਾ ਕਰਨ ਨੂੰ ਤਿਆਰ ਹੋਵੋਗੇ, ਖ਼ਾਸ ਕਰਕੇ ਜਦੋਂ ਇਸ ਨਾਲ ਬਾਈਬਲ ਦਾ ਕੋਈ ਅਸੂਲ ਨਾ ਟੁੱਟਦਾ ਹੋਵੇ?
ਬਾਈਬਲ ਦਾ ਅਸੂਲ: “ਆਪਣੀ ਸਮਝਦਾਰੀ ਦਾ ਸਬੂਤ ਦਿਓ।”—ਫ਼ਿਲਿੱਪੀਆਂ 4:5.
“ਤੁਹਾਨੂੰ ਸ਼ਾਇਦ ਲੱਗੇ ਕਿ ਤੁਸੀਂ ਦੋਵੇਂ ‘ਇਕ-ਦੂਜੇ ਲਈ ਪਰਫੈਕਟ ਹੋ’, ਫਿਰ ਵੀ ਕਦੇ-ਕਦਾਈਂ ਤੁਹਾਡੀ ਅਣਬਣ ਹੋ ਸਕਦੀ ਹੈ। ਭਾਵੇਂ ਕਿ ਇਕ-ਦੂਜੇ ਨਾਲ ਮਿਲਦੇ-ਜੁਲਦੇ ਵਿਚਾਰ ਹੋਣੇ ਬਹੁਤ ਜ਼ਰੂਰੀ ਹਨ, ਪਰ ਇਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਅਣਬਣ ਹੋਣ ʼਤੇ ਤੁਸੀਂ ਕਿਹੋ ਜਿਹੇ ਗੁਣ ਜ਼ਾਹਰ ਕਰਦੇ ਹੋ।”—ਮੈਥਿਊ, ਜਿਸ ਦੇ ਵਿਆਹ ਨੂੰ ਪੰਜ ਸਾਲ ਹੋਏ ਹਨ।
ਉਮੀਦ ਰੱਖੋ ਕਿ ਡੇਟਿੰਗ ਕਰਦਿਆਂ ਥੋੜ੍ਹਾ-ਬਹੁਤਾ ਤਣਾਅ ਹੋ ਸਕਦਾ ਹੈ
ਬਿਨਾਂ ਸ਼ੱਕ, ਡੇਟਿੰਗ ਕਰਨ ਵਿਚ ਤੁਹਾਡਾ ਕਾਫ਼ੀ ਸਮਾਂ ਲੱਗਦਾ ਹੈ ਅਤੇ ਸ਼ਾਇਦ ਤੁਹਾਨੂੰ ਕੁਝ ਗੱਲਾਂ ਕਰਕੇ ਤਣਾਅ ਵੀ ਹੋਵੇ। ਫਿਰ ਕਿਹੜੀ ਗੱਲ ਤੁਹਾਡੀ ਮਦਦ ਕਰ ਸਕਦੀ ਹੈ?
ਜਾਇਜ਼ ਹੱਦਾਂ ਠਹਿਰਾਓ। ਡੇਟਿੰਗ ਵਿਚ ਇੰਨਾ ਜ਼ਿਆਦਾ ਨਾ ਖੁੱਭ ਜਾਓ ਕਿ ਤੁਸੀਂ ਆਪਣੀਆਂ ਜ਼ਿੰਮੇਵਾਰੀਆਂ ਅਤੇ ਦੋਸਤਾਂ ਨੂੰ ਨਜ਼ਰਅੰਦਾਜ਼ ਕਰਨ ਲੱਗ ਪਓ। ਅਲਾਨਾ, ਜਿਸ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ, ਕਹਿੰਦੀ ਹੈ: “ਵਿਆਹ ਤੋਂ ਬਾਅਦ ਵੀ ਤੁਹਾਨੂੰ ਤੁਹਾਡੇ ਦੋਸਤਾਂ ਦੀ ਲੋੜ ਹੋਵੇਗੀ ਅਤੇ ਉਨ੍ਹਾਂ ਨੂੰ ਤੁਹਾਡੀ। ਇਸ ਲਈ ਇਹ ਸੋਚ ਕੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ ਕਿ ਤੁਸੀਂ ਡੇਟਿੰਗ ਸ਼ੁਰੂ ਕਰ ਲਈ ਹੈ।”
ਯਾਦ ਰੱਖੋ, ਵਿਆਹ ਤੋਂ ਬਾਅਦ ਤੁਹਾਨੂੰ ਜ਼ਿੰਦਗੀ ਵਿਚ ਸਾਰੀਆਂ ਚੀਜ਼ਾਂ ਕਰਨ ਲਈ ਸਮਾਂ ਅਤੇ ਤਾਕਤ ਲਾਉਣ ਦੀ ਲੋੜ ਹੁੰਦੀ ਹੈ। ਤਾਂ ਫਿਰ ਕਿਉਂ ਨਾ ਤੁਸੀਂ ਡੇਟਿੰਗ ਕਰਦਿਆਂ ਇਹ ਸਭ ਕੁਝ ਕਰਨ ਦੀ ਕੋਸ਼ਿਸ਼ ਕਰੋ?
ਜ਼ਰਾ ਸੋਚੋ: ਕੀ ਤੁਸੀਂ ਜਿਸ ਵਿਅਕਤੀ ਨਾਲ ਡੇਟਿੰਗ ਕਰ ਰਹੇ ਹੋ, ਉਸ ਤੋਂ ਹੱਦੋਂ ਵੱਧ ਸਮਾਂ ਅਤੇ ਧਿਆਨ ਦੇਣ ਦੀ ਮੰਗ ਕਰਦੇ ਹੋ? ਕੀ ਤੁਹਾਨੂੰ ਲੱਗਦਾ ਹੈ ਕਿ ਉਹ ਤੁਹਾਡੇ ਤੋਂ ਹੱਦੋਂ ਵੱਧ ਉਮੀਦਾਂ ਰੱਖਦਾ ਜਾਂ ਰੱਖਦੀ ਹੈ? ਤੁਸੀਂ ਦੋਵੇਂ ਸਹੀ ਨਜ਼ਰੀਆ ਕਿਵੇਂ ਬਣਾਈ ਰੱਖ ਸਕਦੇ ਹੋ ਤਾਂਕਿ ਤੁਹਾਡੇ ਦੋਹਾਂ ਵਿੱਚੋਂ ਕਿਸੇ ਨੂੰ ਵੀ ਇਹ ਰਿਸ਼ਤਾ ਬੋਝ ਨਾ ਲੱਗੇ ਜਾਂ ਇਸ ਰਿਸ਼ਤੇ ਕਰਕੇ ਘੁਟਣ ਮਹਿਸੂਸ ਨਾ ਹੋਵੇ?
ਬਾਈਬਲ ਦਾ ਅਸੂਲ: “ਹਰ ਚੀਜ਼ ਦਾ ਇਕ ਸਮਾਂ ਹੈ, . . . ਹਰ ਕੰਮ ਦਾ ਇਕ ਸਮਾਂ ਹੈ।”—ਉਪਦੇਸ਼ਕ ਦੀ ਕਿਤਾਬ 3:1.
“ਜੇ ਡੇਟਿੰਗ ਕਰਦਿਆਂ ਮੁੰਡਾ-ਕੁੜੀ ਸਿਰਫ਼ ਘੁੰਮਣ-ਫਿਰਨ ਜਾਂ ਮਨੋਰੰਜਨ ਕਰਨ ਵਿਚ ਹੀ ਸਮਾਂ ਲੰਘਾ ਦਿੰਦੇ ਹਨ, ਤਾਂ ਵਿਆਹ ਤੋਂ ਬਾਅਦ ਅਸਲ ਜ਼ਿੰਦਗੀ ਦੀ ਹਕੀਕਤ ਸਾਮ੍ਹਣੇ ਆਉਣ ਤੇ ਉਨ੍ਹਾਂ ਨੂੰ ਅਚਾਨਕ ਝਟਕਾ ਲੱਗ ਸਕਦਾ ਹੈ। ਇਸ ਲਈ ਚੰਗਾ ਹੋਵੇਗਾ ਕਿ ਇਸ ਸਮੇਂ ਦੌਰਾਨ ਉਹ ਇਕੱਠੇ ਮਿਲ ਕੇ ਹਰ ਰੋਜ਼ ਦੇ ਕੁਝ ਕੰਮ ਕਰਨ, ਜਿਵੇਂ ਕਿ ਖ਼ਰੀਦਦਾਰੀ ਕਰਨੀ, ਘਰ ਦੇ ਕੰਮ ਅਤੇ ਭਗਤੀ ਨਾਲ ਜੁੜੇ ਕੰਮ ਕਰਨੇ। ਇੱਦਾਂ ਕਰਨ ਨਾਲ ਸੱਚ-ਮੁੱਚ ਉਨ੍ਹਾਂ ਦੇ ਵਿਆਹ ਦੀ ਨੀਂਹ ਮਜ਼ਬੂਤ ਹੋ ਸਕਦੀ ਹੈ।”—ਡੈਨਿਅਲ, ਜਿਸ ਦੇ ਵਿਆਹ ਨੂੰ ਦੋ ਸਾਲ ਹੋਏ ਹਨ।
ਯਾਦ ਰੱਖੋ ਕਿ ਤੁਸੀਂ ਕੁਝ ਸਮੇਂ ਤਕ ਡੇਟਿੰਗ ਕਰਦੇ ਹੋ ਤਾਂਕਿ ਤੁਸੀਂ ਇਹ ਫ਼ੈਸਲਾ ਕਰ ਸਕੋ ਕਿ ਤੁਸੀਂ ਵਿਆਹ ਕਰਾਓਗੇ ਜਾਂ ਫਿਰ ਇਸ ਰੋਮਾਂਟਿਕ ਰਿਸ਼ਤੇ ਨੂੰ ਖ਼ਤਮ ਕਰ ਦਿਓਗੇ। ਇਨ੍ਹਾਂ ਲੜੀਵਾਰ ਲੇਖਾਂ ਦੇ ਭਾਗ 3 ਵਿਚ ਇਨ੍ਹਾਂ ਗੱਲਾਂ ʼਤੇ ਚਰਚਾ ਕੀਤੀ ਜਾਵੇਗੀ ਕਿ ਇਹ ਫ਼ੈਸਲਾ ਕਰਦਿਆਂ ਤੁਹਾਨੂੰ ਕਿਨ੍ਹਾਂ ਗੱਲਾਂ ʼਤੇ ਧਿਆਨ ਦੇਣ ਦੀ ਲੋੜ ਹੈ।

