Skip to content

ਨੌਜਵਾਨ ਪੁੱਛਦੇ ਹਨ

ਮੈਂ ਆਪਣੇ ਗੁੱਸੇ ’ਤੇ ਕਿਵੇਂ ਕਾਬੂ ਪਾ ਸਕਦਾ ਹਾਂ?

ਮੈਂ ਆਪਣੇ ਗੁੱਸੇ ’ਤੇ ਕਿਵੇਂ ਕਾਬੂ ਪਾ ਸਕਦਾ ਹਾਂ?

 ਸਵਾਲ-ਜਵਾਬ

 • ਤੁਹਾਨੂੰ ਕਿੰਨੀ ਕੁ ਵਾਰ ਗੁੱਸਾ ਆਉਂਦਾ ਹੈ?

  • ਕਦੇ ਵੀ ਨਹੀਂ

  • ਅਕਸਰ

  • ਹਰ ਰੋਜ਼

 • ਤੁਹਾਨੂੰ ਕਿੰਨਾ ਕੁ ਗੁੱਸਾ ਆਉਂਦਾ ਹੈ?

  • ਥੋੜ੍ਹਾ

  • ਜ਼ਿਆਦਾ

  • ਬਹੁਤ ਜ਼ਿਆਦਾ

 • ਤੁਹਾਨੂੰ ਜ਼ਿਆਦਾਤਰ ਕਿਸ ’ਤੇ ਗੁੱਸਾ ਆਉਂਦਾ ਹੈ?

  • ਮੰਮੀ ਜਾਂ ਡੈਡੀ

  • ਭੈਣ-ਭਰਾ

  • ਦੋਸਤ

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਗੁੱਸੇ ’ਤੇ ਕਾਬੂ ਪਾਉਣ ਦੀ ਲੋੜ ਹੈ, ਤਾਂ ਇਹ ਲੇਖ ਤੁਹਾਡੀ ਮਦਦ ਕਰੇਗਾ। ਗੌਰ ਕਰੋ ਕਿ ਤੁਹਾਨੂੰ ਉਦੋਂ ਸ਼ਾਂਤ ਕਿਉਂ ਰਹਿਣਾ ਚਾਹੀਦਾ ਜਦੋਂ ਤੁਹਾਨੂੰ ਗੁੱਸਾ ਚੜ੍ਹਾਇਆ ਜਾਂਦਾ ਹੈ।

 ਤੁਹਾਡੇ ਲਈ ਇਹ ਗੱਲ ਕਿਉਂ ਮਾਅਨੇ ਰੱਖਦੀ ਹੈ?

ਤੁਹਾਡੀ ਸਿਹਤ। ਕਹਾਉਤਾਂ 14:30 ਵਿਚ ਲਿਖਿਆ ਹੈ: “ਸ਼ਾਂਤ ਮਨ ਸਰੀਰ ਦਾ ਜੀਉਣ ਹੈ।” ਇਸ ਦੇ ਉਲਟ, ਜਨਰਲ ਆਫ਼ ਮੈਡੀਸਨ ਐਂਡ ਸਾਇੰਸ ਵਿਚ ਲਿਖਿਆ ਹੈ ਕਿ “ਗੁੱਸੇ ਕਰਕੇ ਤੁਹਾਨੂੰ ਦਿਲ ਦੀਆਂ ਬੀਮਾਰੀਆਂ ਲੱਗ ਸਕਦੀਆਂ ਹਨ।”

ਤੁਹਾਡੇ ਦੋਸਤ। ਬਾਈਬਲ ਦੱਸਦੀ ਹੈ: “ਕ੍ਰੋਧੀ ਦਾ ਮੇਲੀ ਨਾ ਬਣੀਂ ਅਤੇ ਗੁੱਸਾ ਕਰਨ ਵਾਲੇ ਦੇ ਨਾਲ ਨਾ ਤੁਰੀਂ।” (ਕਹਾਉਤਾਂ 22:24) ਸੋ ਜੇ ਤੁਹਾਡੇ ਗੁੱਸੇ ਕਰਕੇ ਲੋਕ ਤੁਹਾਡੇ ਤੋਂ ਦੂਰ-ਦੂਰ ਰਹਿੰਦੇ ਹਨ, ਤਾਂ ਹੈਰਾਨ ਨਾ ਹੋਵੋ। ਜੈਸਮੀਨ ਨਾਂ ਦੀ ਨੌਜਵਾਨ ਕਹਿੰਦੀ ਹੈ: “ਜੇ ਤੁਸੀਂ ਆਪਣੇ ਗੁੱਸੇ ’ਤੇ ਕਾਬੂ ਪਾਉਣਾ ਨਹੀਂ ਸਿੱਖਦੇ, ਤਾਂ ਤੁਸੀਂ ਆਪਣੇ ਚੰਗੇ ਦੋਸਤਾਂ ਨੂੰ ਗੁਆ ਬੈਠੋਗੇ ਜੋ ਵਧੀਆ ਇਨਸਾਨ ਬਣਨ ਵਿਚ ਤੁਹਾਡੀ ਮਦਦ ਕਰ ਸਕਦੇ ਹਨ।”

ਤੁਹਾਡਾ ਨਾਂ। 17 ਸਾਲਾਂ ਦਾ ਈਥਨ ਕਹਿੰਦਾ ਹੈ: “ਜੇ ਤੁਸੀਂ ਆਪਾ ਖੋਹ ਦਿੰਦੇ ਹੋ, ਤਾਂ ਦੂਜਿਆਂ ਨੂੰ ਇਸ ਬਾਰੇ ਪਤਾ ਲੱਗ ਜਾਂਦਾ ਹੈ ਤੇ ਉਹ ਤੁਹਾਡੇ ਬਾਰੇ ਆਪਣੀ ਰਾਇ ਕਾਇਮ ਕਰ ਲੈਂਦੇ ਹਨ।” ਆਪਣੇ ਆਪ ਤੋਂ ਪੁੱਛੋ, ‘ਮੈਂ ਕੀ ਚਾਹੁੰਦਾ ਹੈ ਕਿ ਲੋਕ ਮੈਨੂੰ ਸ਼ਾਂਤ ਵਿਅਕਤੀ ਵਜੋਂ ਜਾਣਨ ਜਾਂ ਉਸ ਵਿਅਕਤੀ ਵਜੋਂ ਜਿਸ ਦੇ ਨੱਕ ’ਤੇ ਹਮੇਸ਼ਾ ਗੁੱਸਾ ਰਹਿੰਦਾ ਹੈ?’ ਬਾਈਬਲ ਦੱਸਦੀ ਹੈ: “ਜਿਹੜਾ ਛੇਤੀ ਕ੍ਰੋਧ ਨਹੀਂ ਕਰਦਾ ਉਹ ਵੱਡਾ ਸਮਝ ਵਾਲਾ ਹੈ, ਪਰ ਤੱਤੀ ਤਬੀਅਤ ਵਾਲਾ ਮੂਰਖਤਾਈ ਨੂੰ ਉੱਚਾ ਕਰਦਾ ਹੈ।”​—ਕਹਾਉਤਾਂ 14:29.

ਕੋਈ ਵੀ ਗੁੱਸੇਖ਼ੋਰ ਵਿਅਕਤੀ ਦੇ ਲਾਗੇ ਨਹੀਂ ਲੱਗਣਾ ਚਾਹੁੰਦਾ

 ਤੁਸੀਂ ਕੀ ਕਰ ਸਕਦੇ ਹੋ?

ਅੱਗੇ ਦਿੱਤੇ ਹਵਾਲਿਆਂ ਅਤੇ ਟਿੱਪਣੀਆਂ ’ਤੇ ਗੌਰ ਕਰਨ ਦੇ ਨਾਲ-ਨਾਲ ਆਪਣੇ ਆਪ ਤੋਂ ਅੱਗੇ ਦਿੱਤੇ ਸਵਾਲ ਵੀ ਪੁੱਛੋ।

 • ਕਹਾਉਤਾਂ 29:22: “ਕ੍ਰੋਧੀ ਮਨੁੱਖ ਲੜਾਈ ਛੇੜਦਾ ਹੈ, ਅਤੇ ਗੁੱਸੇ ਵਾਲਾ ਅਪਰਾਧ ਵਧਾਉਂਦਾ ਹੈ।”

  “13-14 ਸਾਲਾਂ ਦੀ ਉਮਰ ਵਿਚ ਮੇਰੇ ਲਈ ਆਪਣੇ ਗੁੱਸੇ ’ਤੇ ਕਾਬੂ ਕਰਨਾ ਸਭ ਤੋਂ ਔਖਾ ਸੀ। ਮੇਰੇ ਡੈਡੀ ਜੀ ਦੇ ਰਿਸ਼ਤੇਦਾਰ ਵੀ ਗੁੱਸੇਖ਼ੋਰ ਹਨ। ਅਸੀਂ ਮਜ਼ਾਕ ਵਿਚ ਕਹਿੰਦੇ ਹਾਂ ਕਿ ਗੁੱਸਾ ਕਰਨਾ ਤਾਂ ਸਾਡੇ ਖ਼ੂਨ ਵਿਚ ਹੈ। ਸਾਡੇ ਸਾਰਿਆਂ ਲਈ ਆਪਣੇ ਗੁੱਸੇ ’ਤੇ ਕਾਬੂ ਕਰਨਾ ਬਹੁਤ ਔਖਾ ਹੈ।”​—ਕੈਰੀ।

  ਕੀ ਮੈਨੂੰ ਵੀ ਛੇਤੀ ਗੁੱਸਾ ਆਉਂਦਾ ਹੈ? ਜੇ ਮੈਂ ਆਪਣੇ ਚੰਗੇ ਗੁਣਾਂ ਦਾ ਸਿਹਰਾ ਆਪਣੇ ਸਿਰ ਲੈਂਦਾ ਹਾਂ, ਤਾਂ ਕੀ ਇੱਦਾਂ ਕਹਿਣਾ ਸਮਝਦਾਰੀ ਦੀ ਗੱਲ ਹੈ ਕਿ ਗੁੱਸਾ ਤਾਂ ਸਾਡੇ ਖ਼ੂਨ ਵਿਚ ਹੈ?

 • ਕਹਾਉਤਾਂ 15:1: “ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ, ਪਰ ਕਠੋਰ ਬੋਲ ਕ੍ਰੋਧ ਨੂੰ ਭੜਕਾਉਂਦਾ ਹੈ।”

  “ਆਪਣੇ ਜਜ਼ਬਾਤਾਂ ’ਤੇ ਕਾਬੂ ਪਾਉਣਾ ਸਿੱਖੋ। ਜੇ ਤੁਸੀਂ ਸ਼ਾਂਤ ਸੁਭਾਅ ਦੇ ਬਣੋਗੇ ਅਤੇ ਸਹੀ ਨਜ਼ਰੀਆ ਰੱਖੋਗੇ, ਤਾਂ ਤੁਸੀਂ ਆਪਣੇ ਗੁੱਸੇ ’ਤੇ ਕਾਬੂ ਰੱਖ ਸਕੋਗੇ।”​—ਡੈਰਿਲ।

  ਜਦੋਂ ਮੈਨੂੰ ਗੁੱਸਾ ਚੜ੍ਹਾਇਆ ਜਾਂਦਾ ਹੈ, ਤਾਂ ਮੇਰੇ ਵੱਲੋਂ ਕਹੀ ਪਹਿਲੀ ਗੱਲ ਦਾ ਕੀ ਅਸਰ ਪੈ ਸਕਦਾ ਹੈ?

 • ਕਹਾਉਤਾਂ 26:20: “ਜਿੱਥੇ ਬਾਲਣ ਨਹੀਂ ਉੱਥੇ ਅੱਗ ਬੁੱਝ ਜਾਂਦੀ ਹੈ।”

  “ਜਦੋਂ ਮੈਂ ਪਿਆਰ ਨਾਲ ਜਵਾਬ ਦਿੰਦੀ ਹਾਂ, ਤਾਂ ਅਕਸਰ ਦੂਸਰਾ ਜਣਾ ਵੀ ਸ਼ਾਂਤ ਹੋ ਜਾਂਦਾ ਹੈ। ਫਿਰ ਅਸੀਂ ਗੁੱਸਾ ਕੀਤੇ ਬਿਨਾਂ ਗੱਲ ਕਰ ਸਕਦੇ ਹਾਂ।”​—ਜੈਸਮੀਨ।

  ਮੇਰੀ ਬੋਲੀ ਜਾਂ ਕੰਮ ਕਿਵੇਂ ਅੱਗ ਵਿਚ ਤੇਲ ਪਾਉਣ ਦਾ ਕੰਮ ਕਰ ਸਕਦੇ ਹਨ?

 • ਕਹਾਉਤਾਂ 22:3: “ਸਿਆਣਾ ਤਾਂ ਬਿਪਤਾ ਨੂੰ ਵੇਖ ਕੇ ਲੁਕ ਜਾਂਦਾ ਹੈ, ਪਰ ਭੋਲੇ ਅਗਾਹਾਂ ਵਧ ਕੇ ਕਸ਼ਟ ਭੋਗਦੇ ਹਨ।”

  “ਕਈ ਵਾਰ ਮੈਨੂੰ ਉੱਥੋਂ ਚਲੇ ਜਾਣਾ ਪੈਂਦਾ ਤਾਂਕਿ ਮੈਂ ਸੋਚ ਸਕਾਂ ਕਿ ਕੀ ਹੋਇਆ ਸੀ। ਫਿਰ ਸ਼ਾਂਤ ਹੋ ਕੇ ਮੈਂ ਹਾਲਾਤਾਂ ਨਾਲ ਨਿਪਟ ਸਕਦਾ ਹਾਂ।”​—ਗੈਰੀ।

  ਤਣਾਅ ਵਾਲੇ ਮਾਹੌਲ ਵਿੱਚੋਂ ਚਲੇ ਜਾਣਾ ਕਦੋਂ ਵਧੀਆ ਹੋਵੇਗਾ, ਪਰ ਦੂਜੇ ਵਿਅਕਤੀ ਨੂੰ ਇਹ ਨਹੀਂ ਲੱਗਣਾ ਚਾਹੀਦਾ ਕਿ ਤੁਸੀਂ ਉਸ ਨਾਲ ਨਾਰਾਜ਼ ਹੋ ਕੇ ਜਾ ਰਹੇ ਹੋ?

 • ਯਾਕੂਬ 3:2: “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।”

  “ਸਾਨੂੰ ਆਪਣੀਆਂ ਗ਼ਲਤੀਆਂ ’ਤੇ ਪਛਤਾਉਣਾ ਹੀ ਨਹੀਂ ਚਾਹੀਦਾ, ਸਗੋਂ ਸਾਨੂੰ ਇਨ੍ਹਾਂ ਤੋਂ ਸਿੱਖਣਾ ਵੀ ਚਾਹੀਦਾ ਹੈ। ਸਾਨੂੰ ਉਸੇ ਵੇਲੇ ਆਪਣੀ ਗ਼ਲਤੀ ਨੂੰ ਸੁਧਾਰਨਾ ਚਾਹੀਦਾ ਹੈ ਅਤੇ ਅਗਲੀ ਵਾਰ ਗ਼ਲਤੀ ਨਾ ਕਰਨ ਦਾ ਇਰਾਦਾ ਕਰਨਾ ਚਾਹੀਦਾ ਹੈ।”​—ਕੈਰੀ।

ਸੁਝਾਅ: ਟੀਚਾ ਰੱਖੋ। ਇਰਾਦਾ ਕਰੋ ਕਿ ਤੁਸੀਂ ਕੁਝ ਸਮੇਂ ਲਈ, ਸ਼ਾਇਦ ਇਕ ਮਹੀਨਾ, ਗੁੱਸੇ ਨਹੀਂ ਹੋਵੋਗੇ। ਡਾਇਰੀ ’ਤੇ ਇਸ ਦਾ ਹਿਸਾਬ ਰੱਖੋ।